ਬਾਲ ਦਿਵਸ ਮੌਕੇ ਐਡਵੋਕੇਟ ਲੇਖਪ੍ਰੀਤ ਸਿੰਘ ਨੇ ਅਨਾਥ ਆਸ਼ਰਮ ਨਥਾਣਾ ਵਿਖੇ ਬੱਚਿਆਂ ਨਾਲ ਸਮਾਂ ਬਿਤਾਇਆ
ਬੱਚਿਆਂ ਦੀ ਸਿੱਖਿਆ, ਪਰਵਰਿਸ਼ ਅਤੇ ਬਿਹਤਰ ਭਵਿੱਖ ਲਈ ਹਰ ਸੰਭਵ ਸਹਿਯੋਗ ਦੇਣ ਦਾ ਦਿੱਤਾ ਭਰੋਸਾ
ਅਸ਼ੋਕ ਵਰਮਾ
ਨਥਾਣਾ, 15 ਨਵੰਬਰ 2026:ਬਾਲ ਦਿਵਸ ਮੌਕੇ ਐਡਵੋਕੇਟ ਲੇਖਪ੍ਰੀਤ ਸਿੰਘ (ਵਿੱਕੀ), ਹਲਕਾ ਭੁੱਚੋ ਮੰਡੀ ਨੇ ਅਨਾਥ ਆਸ਼ਰਮ ਨਥਾਣਾ ਵਿਖੇ ਪਹੁੰਚ ਕੇ ਬੱਚਿਆਂ ਨਾਲ ਸਮਾਂ ਬਿਤਾਇਆ। ਇਸ ਮੌਕੇ ਉਨ੍ਹਾਂ ਨੇ ਨੰਨ੍ਹੇ-ਮੁੰਨੇ ਬੱਚਿਆਂ ਨਾਲ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਦੇ ਚਿਹਰਿਆਂ ’ਤੇ ਮੁਸਕਰਾਹਟ ਲਿਆਉਣ ਦਾ ਯਤਨ ਕੀਤਾ।ਇਸ ਮੌਕੇ ਐਡਵੋਕੇਟ ਲੇਖਪ੍ਰੀਤ ਸਿੰਘ ਨੇ ਕਿਹਾ ਕਿ ਬੱਚਿਆਂ ਨਾਲ ਬਿਤਾਏ ਇਹ ਪਲ ਉਨ੍ਹਾਂ ਲਈ ਬੇਹੱਦ ਸਕੂਨ ਅਤੇ ਖ਼ੁਸ਼ੀ ਭਰੇ ਸਨ। ਉਨ੍ਹਾਂ ਕਿਹਾ ਕਿ ਬੱਚਿਆਂ ਦੀਆਂ ਲੋੜਾਂ ਅਤੇ ਸੁਪਨਿਆਂ ਦੇ ਮੁਕਾਬਲੇ ਅੱਜ ਕੀਤਾ ਗਿਆ ਯੋਗਦਾਨ ਬਹੁਤ ਛੋਟਾ ਹੈ, ਪਰ ਇਨ੍ਹਾਂ ਬੱਚਿਆਂ ਦੇ ਬਿਹਤਰ ਭਵਿੱਖ ਲਈ ਸਮਾਜ ਦੇ ਹਰ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
ਉਨ੍ਹਾਂ ਅਨਾਥ ਆਸ਼ਰਮ ਨਥਾਣਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਵੱਲੋਂ ਬੱਚਿਆਂ ਦੀ ਪੜ੍ਹਾਈ, ਪਰਵਰਿਸ਼, ਉੱਜਵਲ ਭਵਿੱਖ ਅਤੇ ਉਨ੍ਹਾਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਨ ਲਈ ਕੀਤੇ ਜਾ ਰਹੇ ਯਤਨ ਬਹੁਤ ਹੀ ਸ਼ਲਾਘਾਯੋਗ ਹਨ। ਇਹ ਹਲਕਾ ਭੁੱਚੋ ਮੰਡੀ ਲਈ ਮਾਣ ਵਾਲੀ ਗੱਲ ਹੈ ਕਿ ਇੱਥੇ ਅਜਿਹੀ ਸੰਸਥਾ ਬੱਚਿਆਂ ਦੇ ਜੀਵਨ ਨੂੰ ਨਵੀਂ ਦਿਸ਼ਾ ਦੇਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਸੰਸਥਾ ਨੂੰ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਅਨਾਥ ਆਸ਼ਰਮ ਵੱਲੋਂ ਜਿਹੜੀ ਵੀ ਸੇਵਾ ਜਾਂ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜਨੀਤੀ ਸਿਰਫ਼ ਚੋਣਾਂ ਅਤੇ ਅਹੁਦਿਆਂ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਇਸ ਦਾ ਅਸਲ ਮਕਸਦ ਲੋਕ ਸੇਵਾ ਅਤੇ ਸਮਾਜ ਦੇ ਲੋੜਵੰਦ ਵਰਗਾਂ ਦੀ ਮਦਦ ਕਰਨਾ ਹੋਣਾ ਚਾਹੀਦਾ ਹੈ। ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ।
- Download Babushahi App
-
-