ਬਹੁਜਨ ਸਮਾਜ ਨੂੰ ਹੁਕਮਰਾਨ ਬਣਨ ਲਈ ਇਕਜੁੱਟ ਹੋਣ ਦਾ ਸੱਦਾ: ਅਜੇਪਾਲ ਸਿੰਘ ਬਰਾੜ
ਸਾਹਿਬ ਕਾਂਸ਼ੀ ਰਾਮ ਜੀ ਦੇ ਪਰਿਨਿਰਵਾਣ ਦਿਵਸ ਨੂੰ ਸਮਰਪਿਤ ਕੇਂਦਰੀ ਸਿੰਘ ਸਭਾ ਵਿਖੇ ਵਿਚਾਰ-ਚਰਚਾ ਸੈਮੀਨਾਰ
ਚੰਡੀਗੜ੍ਹ 27 ਅਕਤੂਬਰ,2026 ਸਾਹਿਬ ਕਾਂਸ਼ੀ ਰਾਮ ਜੀ ਦੀ ਵਿਚਾਰਧਾਰਾ ’ਤੇ ਪਹਿਰਾ ਦੇਣ ਅਤੇ ਬਹੁਜਨ ਸਮਾਜ ਨੂੰ ਰਾਜਨੀਤਿਕ ਤੌਰ ’ਤੇ ਮਜ਼ਬੂਤ ਕਰਕੇ ਹੁਕਮਰਾਨ ਬਣਾਉਣ ਲਈ ਇਕਜੁੱਟ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ। ਇਹ ਸੱਦਾ ਮਿਸਲ ਸਤਲੁਜ ਪਾਰਟੀ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਸਾਹਿਬ ਕਾਂਸ਼ੀ ਰਾਮ ਜੀ ਦੇ ਪਰਿਨਿਰਵਾਣ ਦਿਵਸ ਨੂੰ ਸਮਰਪਿਤ ਕੇਂਦਰੀ ਸਿੰਘ ਸਭਾ ਹਾਲ ਵਿਖੇ ਕਰਵਾਏ ਗਏ ਵਿਚਾਰ-ਚਰਚਾ ਸੈਮੀਨਾਰ ਦੌਰਾਨ ਦਿੱਤਾ।
ਸੈਮੀਨਾਰ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਬੁੱਧੀਜੀਵੀਆਂ, ਸਮਾਜਿਕ ਕਾਰਕੁਨਾਂ, ਪੱਤਰਕਾਰਾਂ ਅਤੇ ਸਾਹਿਬ ਕਾਂਸ਼ੀ ਰਾਮ ਜੀ ਦੀ ਵਿਚਾਰਧਾਰਾ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਾਹਿਬ ਕਾਂਸ਼ੀ ਰਾਮ ਜੀ ਦੇ ਜੀਵਨ, ਸੰਘਰਸ਼, ਬਹੁਜਨ ਅੰਦੋਲਨ ਅਤੇ ਸਮਾਜ ਨੂੰ ਰਾਜਨੀਤਿਕ ਤੌਰ ’ਤੇ ਜਾਗਰੂਕ ਤੇ ਸਸ਼ਕਤ ਬਣਾਉਣ ਲਈ ਉਨ੍ਹਾਂ ਵੱਲੋਂ ਕੀਤੇ ਗਏ ਯਤਨਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਸਰਦਾਰ ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ ਬਹੁਜਨ ਸਮਾਜ ਨੂੰ ਆਪਣੇ ਹੱਕਾਂ ਦੀ ਰਾਖੀ, ਸਮਾਜਿਕ ਬਰਾਬਰੀ ਅਤੇ ਰਾਜਨੀਤਿਕ ਭਾਗੀਦਾਰੀ ਯਕੀਨੀ ਬਣਾਉਣ ਲਈ ਸੰਗਠਿਤ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਜੀ ਦੀ ਵਿਚਾਰਧਾਰਾ ਨੂੰ ਸਮਝਣਾ, ਉਸ ’ਤੇ ਅਮਲ ਕਰਨਾ ਅਤੇ ਇਸ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਅੱਜ ਦੇ ਸਮੇਂ ਦੀ ਸਭ ਤੋਂ ਮਹੱਤਵਪੂਰਨ ਲੋੜ ਹੈ। ਉਨ੍ਹਾਂ ਕਿਹਾ ਕਿ ਸਮਾਜ ਦੀ ਏਕਤਾ, ਵਿਚਾਰਧਾਰਕ ਸਪੱਸ਼ਟਤਾ ਅਤੇ ਸਾਂਝੇ ਸੰਘਰਸ਼ ਰਾਹੀਂ ਹੀ ਰਾਜਨੀਤਿਕ ਤਾਕਤ ਹਾਸਲ ਕਰਨ ਦੇ ਟੀਚੇ ਵੱਲ ਅੱਗੇ ਵਧਿਆ ਜਾ ਸਕਦਾ ਹੈ।
ਇਸ ਮੌਕੇ ਸਰਦਾਰ ਰਾਜਵਿੰਦਰ ਸਿੰਘ ਰਾਹੀ ਨੇ ਬਹੁਜਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਅਤੇ ਸਮਾਜ ਵਿੱਚ ਰਾਜਨੀਤਿਕ ਚੇਤਨਾ ਪੈਦਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਸੀਨੀਅਰ ਪੱਤਰਕਾਰ ਸਰਦਾਰ ਜਸਪਾਲ ਸਿੰਘ ਸਿੱਧੂ ਨੇ ਸਾਹਿਬ ਕਾਂਸ਼ੀ ਰਾਮ ਜੀ ਦੀ ਵਿਚਾਰਧਾਰਾ, ਉਨ੍ਹਾਂ ਦੇ ਸੰਘਰਸ਼ ਅਤੇ ਬਹੁਜਨ ਸਮਾਜ ਦੇ ਰਾਜਨੀਤਿਕ ਭਵਿੱਖ ਨਾਲ ਜੁੜੇ ਅਹਿਮ ਪਹਿਲੂਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੁੰਵਰ ਜੱਗਵੀਰ ਸਿੰਘ ਸਹੂੰਗੜਾ ਨੇ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਜੀ ਦੇ ਮਿਸ਼ਨ ਨੂੰ ਸੱਚੀ ਸ਼ਰਧਾਂਜਲੀ ਉਨ੍ਹਾਂ ਦੇ ਵਿਚਾਰਾਂ ਨੂੰ ਅਮਲੀ ਰੂਪ ਵਿੱਚ ਲਾਗੂ ਕਰਨਾ ਹੈ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਨੂੰ ਆਪਣੇ ਇਤਿਹਾਸ, ਹੱਕਾਂ ਅਤੇ ਰਾਜਨੀਤਿਕ ਸਮਰੱਥਾ ਦੀ ਪਛਾਣ ਕਰਦਿਆਂ ਇਕਜੁੱਟ ਹੋ ਕੇ ਅੱਗੇ ਵਧਣਾ ਚਾਹੀਦਾ ਹੈ, ਤਾਂ ਜੋ ਸਮਾਜ ਵਿੱਚ ਬਰਾਬਰੀ, ਨਿਆਂ ਅਤੇ ਸਨਮਾਨ ’ਤੇ ਆਧਾਰਿਤ ਵਿਵਸਥਾ ਦੀ ਸਥਾਪਨਾ ਕੀਤੀ ਜਾ ਸਕੇ।
ਬੁਲਾਰਿਆਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਸਮਾਜਿਕ ਬਰਾਬਰੀ, ਭਾਈਚਾਰਕ ਸਾਂਝ ਅਤੇ ਬਹੁਜਨ ਸਮਾਜ ਦੀ ਪ੍ਰਭਾਵਸ਼ਾਲੀ ਰਾਜਨੀਤਿਕ ਭਾਗੀਦਾਰੀ ਲਈ ਲਗਾਤਾਰ ਯਤਨਾਂ, ਮਜ਼ਬੂਤ ਸੰਗਠਨ ਅਤੇ ਵਿਚਾਰਧਾਰਕ ਵਚਨਬੱਧਤਾ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਜੀ ਦੇ ਵਿਚਾਰਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਅਤੇ ਉਨ੍ਹਾਂ ਦੇ ਮਿਸ਼ਨ ਨੂੰ ਅੱਗੇ ਵਧਾਉਣਾ ਸਮੇਂ ਦੀ ਅਹਿਮ ਮੰਗ ਹੈ।
ਇਸ ਵਿਚਾਰ-ਚਰਚਾ ਸੈਮੀਨਾਰ ਵਿੱਚ ਸਰਦਾਰ ਦਵਿੰਦਰ ਸਿੰਘ ਸੇਖੋਂ, ਤੇਜਵਿੰਦਰ ਸਿੰਘ ਤੇਜੀ ਮਾਂਗਟ, ਜਬਰਾਜ ਕਬੀਰਦੀਪ ਸਿੰਘ, ਜਸਪ੍ਰੀਤ ਸਿੰਘ ਪਨੇਸਰ, ਸਰਦਾਰ ਦਵਿੰਦਰ ਸਿੰਘ ਸੰਗੋਵਾਲ, ਐਡਵੋਕੇਟ ਹਰਪ੍ਰੀਤ ਸਿੰਘ, ਸਰਵਣ ਸਿੰਘ ਸੋਨੂ (ਜਲੰਧਰ), ਰਾਹੁਲ (ਜਲੰਧਰ), ਸਰਦਾਰ ਬਲਵੀਰ ਪੋਹਿੜ, ਪ੍ਰੋਫੈਸਰ ਡਾ. ਅਸ਼ੋਕ ਸਹੋਤਾ, ਸਰਦਾਰ ਅਮਨ ਗੁੜੇ, ਕਰਨੈਲ ਤਲਵੰਡੀ, ਸਰਦਾਰ ਰਾਜਾ ਰਾਜਪਾਲ ਸਿੰਘ ਅਤੇ ਜਗਿੰਦਰ ਬੱਲ ਸਮੇਤ ਹੋਰ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।
ਇਹ ਸੈਮੀਨਾਰ ਸਾਹਿਬ ਕਾਂਸ਼ੀ ਰਾਮ ਜੀ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ, ਬਹੁਜਨ ਸਮਾਜ ਨੂੰ ਸੰਗਠਿਤ ਕਰਨ ਅਤੇ ਸਮਾਜਿਕ ਤੇ ਰਾਜਨੀਤਿਕ ਚੇਤਨਾ ਨੂੰ ਹੋਰ ਪ੍ਰਬਲ ਬਣਾਉਣ ਵੱਲ ਇੱਕ ਸਾਰਥਕ ਉਪਰਾਲਾ ਸਾਬਤ ਹੋਇਆ।
- Download Babushahi App
-
-