ਬਠਿੰਡਾ ਜਿਲ੍ਹੇ ਦੇ ਬਲਾਕ ਐਕਟੈਸ਼ਨ ਐਜੂਕੇਟਰਾਂ ਨੇ ਵੱਖ ਵੱਖ ਪ੍ਰੋਗਰਾਮਾਂ ਸਬੰਧੀ ਸਿਰ ਜੋੜੇ
ਅਸ਼ੋਕ ਵਰਮਾ
ਬਠਿੰਡਾ, 3 ਸਤੰਬਰ 2026 :ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਿਹਤ ਵਿਭਾਗ ਬਠਿੰਡਾ ਵੱਲੋਂ ਲੋਕਾਂ ਨੂੰ ਵੱਖ-ਵੱਖ ਸਿਹਤ ਸੇਵਾਵਾਂ ਅਤੇ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ ਦੇ ਮੰਤਵ ਨਾਲ ਜ਼ਿਲ੍ਹੇ ਦੇ ਬਲਾਕ ਐਕਸਟੈਂਸ਼ਨ ਐਜੂਕੇਟਰਾਂ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਜਿਲ੍ਹਾ ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਲਖਵਿੰਦਰ ਸਿੰਘ, ਰੋਹਿਤ ਜਿੰਦਲ, ਕੇਵਲ ਸਿੰਘ,ਗਗਨਦੀਪ ਸਿੰਘ ਭੁੱਲਰ ਅਤੇ ਬੀ.ਈ.ਈ ਮਾਲਵਿੰਦਰ ਸਿੰਘ, ਮਹੇਸ਼ ਸ਼ਰਮਾ,ਸਾਹਿਲ ਪੁਰੀ, ਮਨਜੀਤ ਸਿੰਘ, ਜਗਤਾਰ ਸਿੰਘ ਹਾਜਰ ਸਨ । ਮੀਟਿੰਗ ਦੌਰਾਨ ਅੱਖਾਂ ਦਾਨ ਪੰਦਰਵਾੜਾ, ਰਾਸ਼ਟਰੀ ਪੋਸ਼ਣ ਹਫ਼ਤਾ, ਹਲਕਾਅ (ਰੇਬੀਜ਼), ਟੈਲੀ-ਮਾਨਸ ਹੈਲਪਲਾਈਨ, ਪੀ.ਸੀ.ਪੀ.ਐਨ.ਡੀ.ਟੀ. ਐਕਟ ਅਤੇ ਟੀ.ਬੀ. ਦੀ ਰੋਕਥਾਮ ਤੇ ਇਲਾਜ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਡਾ ਤਪਿੰਦਰਜੋਤ ਵੱਲੋਂ ਬਲਾਕ ਐਕਸਟੈਂਸ਼ਨ ਐਜੂਕੇਟਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ-ਆਪਣੇ ਖੇਤਰਾਂ ਵਿੱਚ ਲੋਕਾਂ ਨੂੰ ਅੱਖਾਂ ਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਅਤੇ ਅੱਖਾਂ ਦਾਨ ਸਬੰਧੀ ਫੈਲੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨ ਲਈ ਵੱਧ ਤੋਂ ਵੱਧ ਜਾਗਰੂਕਤਾ ਗਤੀਵਿਧੀਆਂ ਕਰਵਾਉਣ। ਲੋਕਾਂ ਨੂੰ ਸਮਝਾਇਆ ਜਾਵੇ ਕਿ ਮੌਤ ਤੋਂ ਬਾਅਦ ਅੱਖਾਂ ਦਾਨ ਕਰਕੇ ਕਿਸੇ ਲੋੜਵੰਦ ਵਿਅਕਤੀ ਦੀ ਜ਼ਿੰਦਗੀ ਵਿੱਚ ਰੌਸ਼ਨੀ ਲਿਆਂਦੀ ਜਾ ਸਕਦੀ ਹੈ।ਉਹਨਾਂ ਰਾਸ਼ਟਰੀ ਪੋਸ਼ਣ ਹਫ਼ਤੇ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਲੋਕਾਂ ਨੂੰ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਲੈਣ, ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੀ ਖੁਰਾਕ ਵੱਲ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਤ ਕੀਤਾ ਜਾਵੇ। ਐਨੀਮੀਆ ਅਤੇ ਕੁਪੋਸ਼ਣ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ।
ਹਲਕਾਅ (ਰੇਬੀਜ਼) ਸਬੰਧੀ ਜਾਗਰੂਕਤਾ ਦੌਰਾਨ ਦੱਸਿਆ ਗਿਆ ਕਿ ਕੁੱਤੇ ਜਾਂ ਕਿਸੇ ਹੋਰ ਜਾਨਵਰ ਦੇ ਕੱਟਣ ਦੀ ਸੂਰਤ ਵਿੱਚ ਜ਼ਖ਼ਮ ਨੂੰ ਤੁਰੰਤ ਸਾਬਣ ਅਤੇ ਵਗਦੇ ਪਾਣੀ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਅਤੇ ਬਿਨਾਂ ਦੇਰੀ ਸਰਕਾਰੀ ਸਿਹਤ ਸੰਸਥਾ ਵਿੱਚ ਪਹੁੰਚ ਕੇ ਡਾਕਟਰੀ ਸਲਾਹ ਅਨੁਸਾਰ ਐਂਟੀ-ਰੇਬੀਜ਼ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਜਾਨਵਰਾਂ ਦੇ ਕੱਟਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੇ ਘਰੇਲੂ ਜਾਂ ਗੈਰ-ਵਿਗਿਆਨਕ ਇਲਾਜ ਤੋਂ ਬਚਣ ਲਈ ਵੀ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਕਿਹਾ ਗਿਆ।
ਟੈਲੀ-ਮਾਨਸ ਹੈਲਪਲਾਈਨ 14416 ਬਾਰੇ ਜਾਣਕਾਰੀ ਦਿੰਦਿਆਂ ਬਲਾਕ ਐਕਸਟੈਂਸ਼ਨ ਐਜੂਕੇਟਰਾਂ ਨੂੰ ਕਿਹਾ ਗਿਆ ਕਿ ਮਾਨਸਿਕ ਤਣਾਅ, ਚਿੰਤਾ, ਉਦਾਸੀ ਜਾਂ ਹੋਰ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਵਿਅਕਤੀਆਂ ਨੂੰ ਟੈਲੀ-ਮਾਨਸ ਸੇਵਾ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਲੋੜ ਪੈਣ ’ਤੇ ਹੈਲਪਲਾਈਨ 14416 ’ਤੇ ਸੰਪਰਕ ਕਰਨ ਲਈ ਪ੍ਰੇਰਿਤ ਕੀਤਾ ਜਾਵੇ।
ਮੀਟਿੰਗ ਦੌਰਾਨ ਪੀ.ਸੀ.ਪੀ.ਐਨ.ਡੀ.ਟੀ. ਐਕਟ ਸਬੰਧੀ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਬਲਾਕ ਐਕਸਟੈਂਸ਼ਨ ਐਜੂਕੇਟਰਾਂ ਨੂੰ ਕਿਹਾ ਗਿਆ ਕਿ ਉਹ ਲਿੰਗ ਦੀ ਚੋਣ ਅਤੇ ਭਰੂਣ ਦੇ ਲਿੰਗ ਸਬੰਧੀ ਗੈਰ-ਕਾਨੂੰਨੀ ਜਾਂਚ ਨੂੰ ਰੋਕਣ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਸੰਦੇਸ਼ ਘਰ-ਘਰ ਤੱਕ ਪਹੁੰਚਾਉਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣ।
ਟੀ.ਬੀ. ਮੁਕਤ ਭਾਰਤ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਖੰਘ, ਬੁਖਾਰ, ਰਾਤ ਨੂੰ ਪਸੀਨਾ ਆਉਣਾ, ਭਾਰ ਘਟਣਾ ਜਾਂ ਭੁੱਖ ਨਾ ਲੱਗਣਾ ਵਰਗੇ ਲੱਛਣ ਹੋਣ ’ਤੇ ਵਿਅਕਤੀ ਨੂੰ ਆਪਣੀ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ। ਲੋਕਾਂ ਨੂੰ ਇਹ ਵੀ ਦੱਸਿਆ ਜਾਵੇ ਕਿ ਟੀ.ਬੀ. ਦਾ ਪੂਰਾ ਇਲਾਜ ਸੰਭਵ ਹੈ ਅਤੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਇਸ ਦੀ ਜਾਂਚ ਅਤੇ ਇਲਾਜ ਦੀਆਂ ਸਹੂਲਤਾਂ ਉਪਲਬਧ ਹਨ।
ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰਾਂ ਨੂੰ ਕਿਹਾ ਗਿਆ ਕਿ ਉਹ ਸਿਹਤ ਵਿਭਾਗ ਦੀਆਂ ਵੱਖ-ਵੱਖ ਜਾਗਰੂਕਤਾ ਮੁਹਿੰਮਾਂ ਨੂੰ ਜ਼ਮੀਨੀ ਪੱਧਰ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ, ਸਕੂਲਾਂ, ਪਿੰਡਾਂ, ਸ਼ਹਿਰੀ ਖੇਤਰਾਂ ਅਤੇ ਹੋਰ ਜਨਤਕ ਥਾਵਾਂ ’ਤੇ ਜਾਗਰੂਕਤਾ ਗਤੀਵਿਧੀਆਂ ਕਰਵਾਉਣ ਅਤੇ ਲੋਕਾਂ ਤੱਕ ਸਹੀ ਤੇ ਵਿਗਿਆਨਕ ਸਿਹਤ ਜਾਣਕਾਰੀ ਪਹੁੰਚਾਉਣ ਨੂੰ ਯਕੀਨੀ ਬਣਾਉਣ।
- Download Babushahi App
-
-