ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਮੁੱਲ ਅਧਾਰਿਤ ਸਿੱਖਿਆ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 14 ਮਈ 2026 : ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਦੱਖਣੀ ਅਤੇ ਕੇਂਦਰੀ ਏਸ਼ੀਆਈ ਅਧਿਐਨ ਵਿਭਾਗ ਵੱਲੋਂ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਸਰਪ੍ਰਸਤੀ ਹੇਠ “ਮੁੱਲ ਅਧਾਰਿਤ ਸਿੱਖਿਆ” ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਲੈਕਚਰ ਵਿੱਚ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਅਤੇ ਏਆਈਸੀਟੀਈ ਦੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਫਾਰ ਇੰਡਕਸ਼ਨ ਪ੍ਰੋਗਰਾਮ ਦੇ ਚੇਅਰਮੈਨ ਪ੍ਰੋ. ਰਜਨੀਸ਼ ਅਰੋੜਾ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ।
ਆਪਣੇ ਸੰਬੋਧਨ ਦੌਰਾਨ ਪ੍ਰੋ. ਰਜਨੀਸ਼ ਅਰੋੜਾ ਨੇ ਉੱਚ ਸਿੱਖਿਆ ਵਿੱਚ ਯੂਨੀਵਰਸਲ ਹਿਊਮਨ ਵੈਲਿਊਜ਼ (ਯੂਐਚਵੀ) ਨੂੰ ਸ਼ਾਮਲ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਮੁੱਚੀ ਅਤੇ ਮੁੱਲ ਅਧਾਰਿਤ ਸਿੱਖਿਆ ਸਮੇਂ ਦੀ ਲੋੜ ਹੈ। ਉਨ੍ਹਾਂ ਰਾਸ਼ਟਰੀ ਸਿੱਖਿਆ ਨੀਤੀ 2020 ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿੱਖਿਆ ਦਾ ਉਦੇਸ਼ ਕੇਵਲ ਪੇਸ਼ਾਵਰ ਹੁਨਰ ਵਿਕਸਿਤ ਕਰਨਾ ਹੀ ਨਹੀਂ, ਸਗੋਂ ਪੂਰੀ ਮਨੁੱਖੀ ਸਮਰੱਥਾ ਦਾ ਵਿਕਾਸ, ਸਮਾਨਤਾ ਅਧਾਰਿਤ ਸਮਾਜ ਦੀ ਸਿਰਜਣਾ ਅਤੇ ਰਾਸ਼ਟਰ ਨਿਰਮਾਣ ਵੀ ਹੈ।
ਪ੍ਰੋ. ਅਰੋੜਾ ਨੇ ਕਿਹਾ ਕਿ ਸਮੁੱਚੀ ਮੁੱਲ ਅਧਾਰਿਤ ਸਿੱਖਿਆ ਤਿੰਨ ਮੁੱਖ ਸਤੰਭਾਂ—ਯੂਨੀਵਰਸਲ ਹਿਊਮਨ ਵੈਲਿਊਜ਼, ਭਾਰਤੀ ਗਿਆਨ ਪਰੰਪਰਾ ਅਤੇ ਪ੍ਰਕਿਰਤੀ ਤੇ ਮਨੁੱਖ-ਹਿਤੈਸ਼ੀ ਹੁਨਰਾਂ—’ਤੇ ਆਧਾਰਿਤ ਹੈ। ਉਨ੍ਹਾਂ ਮਾਤ ਭਾਸ਼ਾ ਅਤੇ ਖੇਤਰੀ ਭਾਸ਼ਾਵਾਂ ਦੇ ਪ੍ਰਯੋਗ ਨੂੰ ਵੀ ਮੁੱਲ ਅਧਾਰਿਤ ਸਿੱਖਿਆ ਮਜ਼ਬੂਤ ਕਰਨ ਲਈ ਮਹੱਤਵਪੂਰਨ ਦੱਸਿਆ।
ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਭਾਵਨਾਤਮਕ ਸੰਤੁਲਨ ਨਾਲ ਜੁੜੇ ਮਸਲਿਆਂ ’ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਲ ਅਧਾਰਿਤ ਸਿੱਖਿਆ ਭਾਵਨਾਤਮਕ ਤੌਰ ’ਤੇ ਮਜ਼ਬੂਤ, ਸਹਿਨਸ਼ੀਲ ਅਤੇ ਉਦੇਸ਼ਪੂਰਨ ਨੌਜਵਾਨ ਤਿਆਰ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਹੀ ਸਮਝ ਅਤੇ ਭੌਤਿਕ ਸਰੋਤਾਂ ਦੇ ਜ਼ਿੰਮੇਵਾਰਾਨਾ ਉਪਯੋਗ ’ਤੇ ਆਧਾਰਿਤ ਸਿੱਖਿਆ ਆਪਸੀ ਖੁਸ਼ਹਾਲੀ, ਸਮ੍ਰਿੱਧੀ ਅਤੇ ਸਮਾਜਿਕ ਸਾਂਝ ਨੂੰ ਵਧਾਉਂਦੀ ਹੈ।
ਪ੍ਰੋ. ਅਰੋੜਾ ਨੇ ਯੂਨੀਵਰਸਲ ਹਿਊਮਨ ਵੈਲਿਊਜ਼ ਸਬੰਧੀ ਕੀਤੀਆਂ ਗਈਆਂ ਖੋਜਾਂ ਦੇ ਨਤੀਜੇ ਵੀ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਇਸ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਅਕਾਦਮਿਕ ਪ੍ਰਦਰਸ਼ਨ, ਮਾਨਸਿਕ ਸਿਹਤ, ਟੀਮ ਵਰਕ, ਵਾਤਾਵਰਣ ਪ੍ਰਤੀ ਜਾਗਰੂਕਤਾ ਅਤੇ ਆਪਸੀ ਰਿਸ਼ਤਿਆਂ ਵਿੱਚ ਸਕਾਰਾਤਮਕ ਸੁਧਾਰ ਦੇਖਣ ਨੂੰ ਮਿਲੇ ਹਨ। ਉਨ੍ਹਾਂ ਏਆਈਸੀਟੀਈ ਵੱਲੋਂ ਯੂਨੀਵਰਸਲ ਹਿਊਮਨ ਵੈਲਿਊਜ਼ ਸਬੰਧੀ ਸ਼ੁਰੂ ਕੀਤੀਆਂ ਪਹਿਲਕਦਮੀਆਂ ਬਾਰੇ ਵੀ ਜਾਣਕਾਰੀ ਦਿੱਤੀ, ਜਿਸ ਵਿੱਚ ਯੂਐਚਵੀ ਵਿੱਚ ਮਾਈਨਰ ਡਿਗਰੀ ਦੀ ਸ਼ੁਰੂਆਤ ਸ਼ਾਮਲ ਹੈ।
ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਮੁੱਲ ਅਧਾਰਿਤ ਸਿੱਖਿਆ ਜ਼ਿੰਮੇਵਾਰ ਨਾਗਰਿਕ ਤਿਆਰ ਕਰਨ ਅਤੇ ਸਮਾਜ ਦੀ ਨੈਤਿਕ ਮਜ਼ਬੂਤੀ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਮੁੱਲਾਂ ’ਤੇ ਆਧਾਰਿਤ ਸਿੱਖਿਆ ਸਮਾਜਿਕ ਤੌਰ ’ਤੇ ਜ਼ਿੰਮੇਵਾਰ ਅਤੇ ਨੈਤਿਕ ਚੇਤਨਾ ਵਾਲੇ ਵਿਅਕਤੀਆਂ ਦੀ ਤਿਆਰੀ ਲਈ ਲਾਜ਼ਮੀ ਹੈ।
ਪ੍ਰੋਗਰਾਮ ਦੇ ਅੰਤ ਵਿੱਚ ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਬਾਵਾ ਸਿੰਘ ਨੇ ਆਏ ਹੋਏ ਵਕਤਾ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਜਗਮੀਤ ਬਾਵਾ, ਪ੍ਰੋ. ਨਿਸ਼ੀਥਾ ਕੌਸ਼ਾਕੀ ਅਤੇ ਵਿਭਾਗ ਦੇ ਹੋਰ ਅਧਿਆਪਕ ਮੌਜੂਦ ਰਹੇ। ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਵੀ ਸਰਗਰਮ ਭਾਗੀਦਾਰੀ ਕਰਦਿਆਂ ਸਿੱਖਿਆ ਅਤੇ ਸਮਾਜ ਵਿੱਚ ਮਨੁੱਖੀ ਮੁੱਲਾਂ ਦੀ ਭੂਮਿਕਾ ’ਤੇ ਵਿਚਾਰ ਸਾਂਝੇ ਕੀਤੇ।
- Download Babushahi App
-
-