ਪੈਨਸ਼ਨਰਾਂ ਵਲੋਂ 10 ਅਕਤੂਬਰ ਦੀ ਸੰਗਰੂਰ ਮਹਾਂ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਦਾ ਫੈਸਲਾ
*ਵੋਟ ਚੋਰੀ ਕਰਨ ਵਾਲੇ ਗਿਆਨੇਸ਼ ਕੁਮਾਰ ਨੂੰ ਗ੍ਰਿਫਤਾਰ ਕਰਨ ਦੀ ਮੰਗ*
ਪ੍ਰਮੋਦ ਭਾਰਤੀ
ਨਵਾਂਸ਼ਹਿਰ 08 ਅਕਤੂਬਰ, 2026
ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਜੋਗਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪੈਨਸ਼ਨਰ ਸੁੱਚਾ ਰਾਮ ਸਾਬਕਾ ਬੀ ਪੀ ਈ ਓ, ਹਰਬੰਸ ਸਿੰਘ ਗੋਹਲੜੋਂ ਦੀ ਪਤਨੀ ਜੋਗਿੰਦਰ ਕੌਰ ਅਤੇ ਰਾਮ ਪ੍ਰਕਾਸ਼ ਦੇ ਸਦੀਵੀ ਵਿਛੋੜੇ ਤੇ ਦੋ ਮਿੰਟ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਦੌੜਕਾ, ਜੀਤ ਲਾਲ ਗੋਹਲੜੋਂ, ਕਰਨੈਲ ਸਿੰਘ ਰਾਹੋਂ, ਅਸ਼ੋਕ ਕੁਮਾਰ ਵਿੱਤ ਸਕੱਤਰ, ਰਾਮ ਪਾਲ, ਜਸਬੀਰ ਸਿੰਘ ਮੰਗੂਵਾਲ, ਰੇਸ਼ਮ ਲਾਲ, ਐਚ ਐਸ ਭਾਵੜਾ, ਜਸਵੀਰ ਸਿੰਘ ਮੋਰੋਂ, ਹਰੀ ਬਿਲਾਸ, ਪ੍ਰਿੰ ਬਿਕਰਮਜੀਤ ਸਿੰਘ, ਪ੍ਰਿੰ ਜਸਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 8% ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਹੁਣ ਤੋਂ ਜਾਰੀ ਕਰਕੇ ਬਕਾਏ ਦੇਣ ਤੋਂ ਭੱਜ ਰਹੀ ਹੈ। ਅਦਾਲਤੀ ਫੈਸਲਿਆਂ ਨੂੰ ਲਾਗੂ ਕਰਨ ਦੀ ਬਜਾਏ ਫੈਸਲਿਆਂ ਵਿਰੁੱਧ ਪਟੀਸ਼ਨਾਂ ਪਾ ਰਹੀ ਹੈ। ਉਨ੍ਹਾਂ ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਪੈਨਸ਼ਨਰਾਂ ਨੂੰ 2.59 ਦਾ ਗੁਣਾਂਕ ਦੇਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਮੈਡੀਕਲ ਭੱਤਾ ਦੁਗਣਾ ਕਰਨ, ਹਰ ਤਰ੍ਹਾਂ ਦੇ ਭੱਤੇ ਬਹਾਲ ਕਰਨ, ਪੰਜਵੇਂ ਤਨਖਾਹ ਕਮਿਸ਼ਨ ਵਲੋਂ ਸਿਫਾਰਿਸ਼ ਕੀਤੀ ਅਤੇ 2011 ਵਿੱਚ ਲਾਗੂ ਕੀਤੀ ਉਚੇਰੀ ਗਰੇਡ ਪੇਅ ਬਹਾਲ ਕਰਨ, ਜਨਵਰੀ 2016 ਤੋਂ 125% ਮਹਿੰਗਾਈ ਭੱਤਾ ਜੋੜ ਕੇ ਤਨਖਾਹ ਅਤੇ ਪੈਨਸ਼ਨ ਦੁਹਰਾਈ ਕਰਨ, ਤਨਖਾਹ ਕਮਿਸ਼ਨ ਦੀ ਰਹਿੰਦੀ ਰਿਪੋਰਟ ਜਾਰੀ ਕਰਨ ਦੀ ਮੰਗ ਕੀਤੀ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਮੁਲਾਜ਼ਮਾਂ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨਣ ਦਾ ਨਤੀਜਾ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ। ਆਗੂਆਂ ਨੇ ਆਰ ਐਸ ਐਸ ਅਤੇ ਬੀ ਜੇ ਪੀ ਦੇ ਫਿਰਕੂ-ਫਾਸ਼ੀਵਾਦੀ, ਵੰਡਵਾਦੀ ਏਜੰਡੇ ਖਿਲਾਫ ਗੰਭੀਰ ਵਿਚਾਰ-ਚਰਚਾ ਕਰਦਿਆਂ ਦੇਸ਼ ਵਿੱਚ ਲੋਕਤੰਤਰ ਅਤੇ ਸੰਵਿਧਾਨ ਦੀ ਰਾਖੀ ਲਈ ਚੱਲ ਰਹੇ ਸੰਘਰਸ਼ ਨਾਲ ਇੱਕਮੁਠਤਾ ਪ੍ਰਗਟ ਕਰਦਿਆਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ।
ਮੀਟਿੰਗ ਵਿੱਚ ਸ਼ਾਮਿਲ ਪੈਨਸ਼ਨਰ ਸਾਥੀਆਂ ਨੇ 10 ਅਕਤੂਬਰ ਦੀ ਸੰਗਰੂਰ ਸਾਂਝੀ ਮਹਾਂ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ। ਮੀਟਿੰਗ ਵਿੱਚ ਸੋਖੀ ਰਾਮ, ਚਰਨ ਦਾਸ, ਜਸਬੀਰ ਸਿੰਘ, ਮਹਿੰਗਾ ਰਾਮ, ਜੀਤ ਕੁਮਾਰ, ਧਰਮ ਪਾਲ, ਜਰਨੈਲ ਸਿੰਘ, ਹਰਦਿਆਲ ਸਿੰਘ, ਹਰਭਜਨ ਸਿੰਘ, ਅਵਤਾਰ ਸਿੰਘ, ਬਲਵਿੰਦਰ ਰਾਮ, ਪ੍ਰਿੰਸੀਪਲ ਈਸ਼ਵਰ ਚੰਦਰ, ਵਿਜੈ ਕੁਮਾਰ, ਸੁਰਜੀਤ ਰਾਮ, ਤਿਲਕ ਰਾਜ, ਗੁਰਦਿਆਲ ਸਿੰਘ, ਮਨਜੀਤ ਰਾਮ, ਸੰਤ ਰਾਮ, ਧੰਨਾ ਰਾਮ, ਆਤਮਾ ਸਿੰਘ, ਰਜਿੰਦਰ ਸਿੰਘ ਦੇਹਲ, ਸੁਰਿੰਦਰਜੀਤ, ਪ੍ਰਿੰਸੀਪਲ ਅਮਰਜੀਤ ਲਾਲ, ਹਰਬੰਸ ਸਿੰਘ, ਨਿਰੰਜਨ ਲਾਲ, ਸੁਰਿੰਦਰ ਕੌਰ, ਤੇਜਾ ਸਿੰਘ ਚਰਨਜੀਤ ਆਦਿ ਹਾਜ਼ਰ ਸਨ।
- Download Babushahi App
-
-