ਪਿੰਡ ਕਾਹਲਵਾਂ ਦੀ ਖਸਤਾਹਾਲ ਸੜਕ ਤੋਂ ਪਿੰਡ ਵਾਸੀ ਪ੍ਰੇਸ਼ਾਨ, ਜਲਦ ਨਵੀਂ ਸੜਕ ਬਣਾਉਣ ਦੀ ਚੁੱਕੀ ਮੰਗ
Baljit Singh
ਸ਼੍ਰੀ ਖਡੂਰ ਸਾਹਿਬ/ਤਰਨ ਤਾਰਨ, 25 ਅਗਸਤ, 2026: ਵਿਧਾਨ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਕਾਹਲਵਾਂ ਦੇ ਵਸਨੀਕਾਂ ਨੇ ਪਿਛਲੇ ਲੰਬੇ ਸਮੇਂ ਤੋਂ ਖਸਤਾ ਹਾਲਤ ਵਿੱਚ ਪਈ ਮੁੱਖ ਸੜਕ ਨੂੰ ਲੈ ਕੇ ਸਰਕਾਰ ਅਤੇ ਸਬੰਧਤ ਪ੍ਰਸ਼ਾਸਨ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਪਿੰਡ ਵਾਸੀਆਂ ਅਨੁਸਾਰ ਪਿਛਲੇ 4-5 ਸਾਲਾਂ ਤੋਂ ਇਸ ਸੜਕ ਦੀ ਹਾਲਤ ਬੇਹੱਦ ਖਰਾਬ ਚੱਲ ਰਹੀ ਹੈ, ਪਰ ਪ੍ਰਸ਼ਾਸਨ ਵੱਲੋਂ ਅਜੇ ਤੱਕ ਇਸ ਪਾਸੇ ਕੋਈ ਗੰਭੀਰ ਧਿਆਨ ਨਹੀਂ ਦਿੱਤਾ ਗਿਆ।
ਨੌਸ਼ਹਿਰਾ ਪਨੂੰਆਂ ਤੋਂ ਮੁੰਡੇ ਪਿੰਡ ਵੱਲ ਜਾਂਦੀ ਇਹ ਸੜਕ ਆਸ-ਪਾਸ ਦੇ ਇਲਾਕਿਆਂ ਲਈ ਆਵਾਜਾਈ ਦਾ ਇੱਕ ਅਹਿਮ ਰਸਤਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸੇ ਰਸਤੇ ਰਾਹੀਂ ਛੋਟੇ ਬੱਚੇ ਰੋਜ਼ਾਨਾ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਨ ਲਈ ਜਾਂਦੇ ਹਨ। ਬਾਰਿਸ਼ ਦੇ ਦਿਨਾਂ ਵਿੱਚ ਸੜਕ 'ਤੇ ਕਈ-ਕਈ ਦਿਨ ਪਾਣੀ ਭਰਿਆ ਰਹਿੰਦਾ ਹੈ, ਜਿਸ ਕਾਰਨ ਬੱਚਿਆਂ ਦੇ ਪਾਣੀ ਵਿੱਚ ਡਿੱਗਣ, ਸੱਟ ਲੱਗਣ ਜਾਂ ਵਰਦੀ ਖਰਾਬ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇਸ ਕਾਰਨ ਮਾਪਿਆਂ ਨੂੰ ਆਪ ਬੱਚਿਆਂ ਨੂੰ ਸਕੂਲ ਛੱਡਣ ਅਤੇ ਲੈਣ ਜਾਣਾ ਪੈਂਦਾ ਹੈ।
ਇਸ ਤੋਂ ਇਲਾਵਾ ਸੜਕ 'ਤੇ ਬਣੇ ਡੂੰਘੇ ਖੱਡਿਆਂ ਕਾਰਨ ਬਜ਼ੁਰਗਾਂ ਅਤੇ ਆਮ ਰਾਹਗੀਰਾਂ ਨੂੰ ਵੀ ਆਉਣ-ਜਾਣ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ ਲੋਕ ਡਿੱਗ ਕੇ ਜ਼ਖ਼ਮੀ ਵੀ ਹੋ ਚੁੱਕੇ ਹਨ। ਪਿੰਡ ਵਾਸੀਆਂ ਨੇ ਸਰਕਾਰ ਅਤੇ ਪੰਜਾਬ ਮੰਡੀ ਬੋਰਡ/ਲੋਕ ਨਿਰਮਾਣ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦੀ ਮੁਰੰਮਤ ਜਾਂ ਨਵੀਂ ਸੜਕ ਬਣਾਉਣ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਇਸ ਮੁਸ਼ਕਲ ਤੋਂ ਰਾਹਤ ਮਿਲ ਸਕੇ।
- Download Babushahi App
-
-