ਨਗਰ ਕੌਂਸਲ ਜਗਰਾਉਂ ਦੀ ਪਹਿਲੀ ਹਾਊਸ ਮੀਟਿੰਗ ਵਿੱਚ 14 ਮਤੇ ਪੇਸ਼
ਬਹੁਤੇ ਸਰਬਸੰਮਤੀ ਨਾਲ ਪਾਸ, ਮਨੁੱਖੀ ਅਧਿਕਾਰਾਂ ਨਾਲ ਸਬੰਧਤ ਮਤਾ ਰੱਦ
ਜਗਰਾਉਂ, 6 ਅਗਸਤ: ਦੀਪਕ ਜੈਨ
ਨਗਰ ਕੌਂਸਲ ਚੋਣਾਂ 2026 ਤੋਂ ਬਾਅਦ ਨਵੇਂ ਚੁਣੇ ਗਏ ਕੌਂਸਲਰਾਂ ਦੀ ਪਹਿਲੀ ਆਮ ਹਾਊਸ ਮੀਟਿੰਗ ਵੀਰਵਾਰ ਨੂੰ ਟਾਊਨ ਹਾਲ, ਨਗਰ ਕੌਂਸਲ ਜਗਰਾਉਂ ਵਿਖੇ ਨਗਰ ਕੌਂਸਲ ਪ੍ਰਧਾਨ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਸ਼ਹਿਰ ਦੇ 23 ਵਾਰਡਾਂ ਦੇ ਸਮੂਹ ਕੌਂਸਲਰਾਂ ਨੇ ਸ਼ਮੂਲੀਅਤ ਕੀਤੀ। ਹਾਲਾਂਕਿ ਮੀਟਿੰਗ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ਕੌਂਸਲਰ ਰਾਜਿੰਦਰ ਕੌਰ ਠੁਕਰਾਲ ਆਪਣੇ ਜ਼ਰੂਰੀ ਰੁਝੇਵਿਆਂ ਕਾਰਨ ਮੀਟਿੰਗ ਵਿਚੋਂ ਉੱਠ ਕੇ ਚਲੇ ਗਏ।
ਮੀਟਿੰਗ ਦੌਰਾਨ ਕੁੱਲ 14 ਏਜੰਡਿਆਂ 'ਤੇ ਵਿਚਾਰ ਕੀਤਾ ਗਿਆ। ਬਹੁਤੇ ਮਤਿਆਂ ਨੂੰ ਹਾਊਸ ਵੱਲੋਂ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ, ਜਦਕਿ ਕੁਝ ਮਤਿਆਂ 'ਤੇ ਵਿਰੋਧੀ ਧਿਰ ਦੇ ਕਾਂਗਰਸੀ ਕੌਂਸਲਰਾਂ ਨੇ ਆਪਣੀ ਅਸਹਿਮਤੀ ਦਰਜ ਕਰਵਾਈ। ਇਸ ਤੋਂ ਇਲਾਵਾ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਚੱਲ ਰਹੀ ਸ਼ਿਕਾਇਤ ਨਾਲ ਸਬੰਧਤ 12 ਨੰਬਰ ਦਾ ਮਤਾ ਹਾਊਸ ਵੱਲੋਂ ਰੱਦ ਕਰ ਦਿੱਤਾ ਗਿਆ।
ਮੀਟਿੰਗ ਦੀ ਇੱਕ ਖਾਸ ਗੱਲ ਇਹ ਵੀ ਰਹੀ ਕਿ ਨਗਰ ਕੌਂਸਲ ਦੀ ਸੱਤਾ ਵਿੱਚ ਇਕੱਠੇ ਸ਼ਾਮਲ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਮੈਂਬਰ ਵੀ ਕਈ ਮੁੱਦਿਆਂ, ਖਾਸ ਕਰਕੇ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਸ਼ਹਿਰੀ ਵਿਕਾਸ ਨਾਲ ਜੁੜੇ ਮਸਲਿਆਂ 'ਤੇ ਆਪਸ ਵਿੱਚ ਤਕਰਾਰ ਕਰਦੇ ਨਜ਼ਰ ਆਏ। ਇਸ ਕਾਰਨ ਪਹਿਲੀ ਹੀ ਮੀਟਿੰਗ ਵਿੱਚ ਹਾਊਸ ਅੰਦਰ ਸਿਆਸੀ ਮਤਭੇਦ ਖੁੱਲ੍ਹ ਕੇ ਸਾਹਮਣੇ ਆਏ।
ਹਾਊਸ ਨੇ ਦੋ ਮ੍ਰਿਤਕ ਸਫਾਈ ਸੇਵਕਾਂ ਦੇ ਪਰਿਵਾਰਾਂ ਨੂੰ ਤਰਸ ਦੇ ਆਧਾਰ 'ਤੇ ਨੌਕਰੀ ਦੇਣ ਸਬੰਧੀ ਮਤਿਆਂ 'ਤੇ ਵਿਚਾਰ ਕਰਦਿਆਂ ਸਰਕਾਰੀ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਲਈ ਸਹਿਮਤੀ ਦਿੱਤੀ। ਇਸ ਦੇ ਨਾਲ ਹੀ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ Stray Animal Control Task Force ਦੇ ਗਠਨ ਅਤੇ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ULB ਲੈਵਲ ਅਤੇ ਵਾਰਡ ਲੈਵਲ ਸਵੱਛਤਾ ਕਮੇਟੀਆਂ ਦੇ ਗਠਨ ਦੀ ਜਾਣਕਾਰੀ ਹਾਊਸ ਅੱਗੇ ਰੱਖੀ ਗਈ।
ਮੀਟਿੰਗ ਦੌਰਾਨ ਨਗਰ ਕੌਂਸਲ ਦੀ ਜੇਸੀਬੀ ਮਸ਼ੀਨ ਦੇ ਟਾਇਰ ਅਤੇ ਟਿਊਬ ਬਦਲਣ ਲਈ ਲਗਭਗ 1.70 ਲੱਖ ਰੁਪਏ ਦੇ ਖਰਚ ਸਬੰਧੀ ਮਤਾ ਵੀ ਵਿਚਾਰਿਆ ਗਿਆ। ਇਸ ਤੋਂ ਇਲਾਵਾ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 35 ਅਧੀਨ ਪਹਿਲਾਂ ਕੀਤੇ ਗਏ ਫ਼ੈਸਲਿਆਂ ਅਨੁਸਾਰ ਸ਼ਹਿਰ ਵਿੱਚੋਂ ਕੂੜਾ ਚੁਕਵਾਉਣ ਲਈ 15 ਲੱਖ ਅਤੇ ਸਫਾਈ ਕਰਮਚਾਰੀਆਂ ਦੀ ਹੜਤਾਲ ਦੌਰਾਨ ਐਮਰਜੈਂਸੀ ਅਧਾਰ 'ਤੇ ਕੂੜਾ ਚੁਕਵਾਉਣ ਲਈ 25 ਲੱਖ ਰੁਪਏ ਦੇ ਖਰਚ ਸਬੰਧੀ ਜਾਣਕਾਰੀ ਵੀ ਹਾਊਸ ਅੱਗੇ ਰੱਖੀ ਗਈ।
ਹਾਊਸ ਵਿੱਚ ਪੰਜਾਬ ਸਰਕਾਰ ਦੀ The Punjab Compensation to the Victims of Animal Attacks and Accidents Policy-2025 ਨੂੰ ਅਪਣਾਉਣ ਸਬੰਧੀ ਮਤੇ 'ਤੇ ਵੀ ਵਿਚਾਰ ਕੀਤਾ ਗਿਆ, ਤਾਂ ਜੋ ਅਵਾਰਾ ਪਸ਼ੂਆਂ ਦੇ ਹਮਲਿਆਂ ਜਾਂ ਹਾਦਸਿਆਂ ਦੇ ਪੀੜਤਾਂ ਨੂੰ ਨਿਯਮਾਂ ਅਨੁਸਾਰ ਮੁਆਵਜ਼ਾ ਦਿੱਤਾ ਜਾ ਸਕੇ।
ਮੀਟਿੰਗ ਦੌਰਾਨ ਕਮਲ ਚੌਂਕ ਇਲਾਕੇ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ 12.08 ਕਰੋੜ ਰੁਪਏ ਦੀ ਲਾਗਤ ਵਾਲੇ ਰੀਵਾਈਜ਼ਡ ਡੀ.ਪੀ.ਆਰ. ਪ੍ਰੋਜੈਕਟ 'ਤੇ ਵੀ ਚਰਚਾ ਹੋਈ। ਪ੍ਰੋਜੈਕਟ ਲਈ ਕੇਂਦਰ ਸਰਕਾਰ ਵੱਲੋਂ 80 ਫੀਸਦੀ ਅਤੇ ਨਗਰ ਕੌਂਸਲ ਵੱਲੋਂ 20 ਫੀਸਦੀ ਹਿੱਸਾ ਪਾਉਣ ਦੀ ਵਿਵਸਥਾ ਬਾਰੇ ਹਾਊਸ ਨੂੰ ਜਾਣੂ ਕਰਵਾਇਆ ਗਿਆ। ਇਸ ਮਤੇ ਨੂੰ ਲੈ ਕੇ ਵੀ ਮੈਂਬਰਾਂ ਵਿਚਕਾਰ ਵਿਸਥਾਰ ਨਾਲ ਵਿਚਾਰ-ਵਟਾਂਦਰਾ ਹੋਇਆ।
ਸ਼ਹਿਰ ਦੇ ਇਤਿਹਾਸਕ ਪੁਰਾਣੇ ਦਰਵਾਜ਼ੇ ਦੀ ਮੁਰੰਮਤ ਅਤੇ ਸੰਭਾਲ ਸਬੰਧੀ 10 ਨੰਬਰ ਮਤੇ 'ਤੇ ਵੀ ਵਿਸ਼ੇਸ਼ ਚਰਚਾ ਹੋਈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਜਤਿੰਦਰ ਪਾਲ ਰਾਣਾ ਨੇ ਲਿਖਤੀ ਰੂਪ ਵਿੱਚ ਕਾਰਜਸਾਧਕ ਅਫ਼ਸਰ ਮੋਹਿਤ ਸ਼ਰਮਾ ਨੂੰ ਪੁਰਾਤੱਤਵ ਵਿਭਾਗ ਨਾਲ ਤੁਰੰਤ ਪੱਤਰ ਵਿਹਾਰ ਕਰਨ ਅਤੇ ਇਤਿਹਾਸਕ ਧਰੋਹਰ ਦੀ ਸੰਭਾਲ ਲਈ ਲੋੜੀਂਦੀ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ। ਹਾਊਸ ਵਿੱਚ ਸਰਬਸੰਮਤੀ ਨਾਲ ਇਹ ਰਾਏ ਬਣੀ ਕਿ ਇਹ ਦਰਵਾਜ਼ਾ ਸ਼ਹਿਰ ਦੀ ਕੀਮਤੀ ਪੁਰਾਤਨ ਵਿਰਾਸਤ ਹੈ ਅਤੇ ਇਸ ਦੀ ਸੰਭਾਲ ਅਤੇ ਮੁਰੰਮਤ ਦੀ ਜ਼ਿੰਮੇਵਾਰੀ ਪੁਰਾਤੱਤਵ ਵਿਭਾਗ ਦੀ ਬਣਦੀ ਹੈ। ਇਸ ਲਈ ਵਿਭਾਗ ਨੂੰ ਜਲਦ ਪੱਤਰ ਭੇਜ ਕੇ ਲੋੜੀਂਦੀ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਗਿਆ।
49.50 ਲੱਖ ਰੁਪਏ ਦੀ ਲਾਗਤ ਨਾਲ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਸੀਸੀਟੀਵੀ ਕੈਮਰੇ ਲਗਾਉਣ ਸਬੰਧੀ 11 ਨੰਬਰ ਮਤੇ 'ਤੇ ਵੀ ਹਾਊਸ ਵਿੱਚ ਲੰਮੀ ਚਰਚਾ ਹੋਈ। ਵਿਰੋਧੀ ਧਿਰ ਦੇ ਕਾਂਗਰਸੀ ਕੌਂਸਲਰਾਂ ਨੇ ਇਸ ਮਤੇ 'ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਪਹਿਲਾਂ ਉਹ ਸਥਾਨ ਨਿਸ਼ਚਿਤ ਕੀਤੇ ਜਾਣ ਜਿੱਥੇ ਕੈਮਰੇ ਲਗਾਏ ਜਾਣੇ ਹਨ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕਿਸੇ ਯੋਗ ਤਕਨੀਕੀ ਇੰਜੀਨੀਅਰ ਤੋਂ ਪੂਰਾ ਸਰਵੇ ਕਰਵਾ ਕੇ ਇਹ ਅਨੁਮਾਨ ਲਗਾਇਆ ਜਾਵੇ ਕਿ ਕੁੱਲ ਕਿੰਨੇ ਕੈਮਰੇ ਲਗਾਉਣੇ ਹਨ ਅਤੇ ਇਸ 'ਤੇ ਅਸਲ ਖਰਚਾ ਕਿੰਨਾ ਆਵੇਗਾ। ਇਸ ਤੋਂ ਬਾਅਦ ਹੀ ਇਸ ਯੋਜਨਾ ਨੂੰ ਅੰਤਿਮ ਪ੍ਰਵਾਨਗੀ ਦਿੱਤੀ ਜਾਵੇ।
ਮੀਟਿੰਗ ਵਿੱਚ ਅਵਾਰਾ ਕੁੱਤਿਆਂ ਦੀ ਮੁਫ਼ਤ ਨਸਬੰਦੀ ਲਈ ਗਲੋਬਲ ਪੰਜਾਬ ਪਾਜ਼ ਸੇਵਾ ਕੇਂਦਰ, ਮੋਗਾ ਵੱਲੋਂ ਦਿੱਤੀ ਪੇਸ਼ਕਸ਼, ਸੈਂਸਸ ਟ੍ਰੇਨਿੰਗ ਕੈਂਪਾਂ ਦੌਰਾਨ ਹੋਏ ਖਰਚਿਆਂ ਦੀ ਅਦਾਇਗੀ, ਸਫਾਈ ਪ੍ਰਬੰਧ, ਸ਼ਹਿਰੀ ਵਿਕਾਸ ਅਤੇ ਹੋਰ ਪ੍ਰਸ਼ਾਸਕੀ ਮਾਮਲਿਆਂ ਨਾਲ ਜੁੜੇ ਮਤਿਆਂ 'ਤੇ ਵੀ ਵਿਸਥਾਰ ਨਾਲ ਵਿਚਾਰ ਕੀਤਾ ਗਿਆ।
ਵਾਰਡ ਨੰਬਰ 7 ਤੇ 8 ਦੇ ਕੌਂਸਲਰਾਂ ਨੇ ਸਫਾਈ ਕਾਮਿਆਂ ਦੀ ਗਿਣਤੀ ਵਧਾਉਣ ਦੀ ਕੀਤੀ ਮੰਗ
ਹਾਊਸ ਦੀ ਮੀਟਿੰਗ ਦੌਰਾਨ ਵਾਰਡ ਨੰਬਰ 7 ਦੀ ਮਹਿਲਾ ਕੌਂਸਲਰ ਮਨਜੀਤ ਕੌਰ ਅਤੇ ਵਾਰਡ ਨੰਬਰ 8 ਦੇ ਵਿੱਕੀ ਸਿੰਘ ਨੇ ਆਪੋ ਆਪਣੇ ਵਾਰਡਾਂ ਵਿੱਚ ਸਫਾਈ ਕਾਮਿਆਂ ਦੀ ਗਿਣਤੀ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਉਹਨਾਂ ਕਿਹਾ ਕਿ ਸਫਾਈ ਕਾਮਿਆਂ ਦੀ ਗਿਣਤੀ ਘੱਟ ਹੋਣ ਕਾਰਨ ਉਹਨਾਂ ਦੇ ਵਾਰਡਾਂ ਵਿੱਚ ਸਫਾਈ ਵਸਤਾ ਸੰਚਾਰੂ ਢੰਗ ਨਾਲ ਨਹੀਂ ਚੱਲ ਰਹੀ ਜਿਸ ਕਾਰਨ ਵਾਰਡ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਹਿਲੀ ਹਾਊਸ ਮੀਟਿੰਗ ਨੇ ਇਹ ਸੰਕੇਤ ਦੇ ਦਿੱਤੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਨਗਰ ਕੌਂਸਲ ਜਗਰਾਉਂ ਅੰਦਰ ਵਿਕਾਸੀ ਮੁੱਦਿਆਂ ਦੇ ਨਾਲ-ਨਾਲ ਸਿਆਸੀ ਮਤਭੇਦ ਵੀ ਖੁੱਲ੍ਹ ਕੇ ਸਾਹਮਣੇ ਆ ਸਕਦੇ ਹਨ। ਹਾਲਾਂਕਿ ਬਹੁਤੇ ਮਤਿਆਂ 'ਤੇ ਸਹਿਮਤੀ ਬਣੀ, ਪਰ ਕੁਝ ਮਹੱਤਵਪੂਰਨ ਵਿਕਾਸ ਕਾਰਜਾਂ ਨੂੰ ਲੈ ਕੇ ਹਾਊਸ ਵਿੱਚ ਹੋਈ ਤਿੱਖੀ ਬਹਿਸ ਨੇ ਆਉਣ ਵਾਲੀਆਂ ਮੀਟਿੰਗਾਂ ਦੀ ਦਿਸ਼ਾ ਵੀ ਸਪੱਸ਼ਟ ਕਰ ਦਿੱਤੀ।
- Download Babushahi App
-
-