ਕੱਚੇ ਘਰਾਂ ਨੂੰ ਪੱਕੇ ਕਰਨ ਲਈ ਵਿਧਾਇਕ ਕੁਲਵੰਤ ਸਿੰਘ ਵੱਲੋਂ 5 ਲਾਭਪਾਤਰੀਆਂ ਨੂੰ 2-2 ਲੱਖ ਰੁਪਏ ਦੇ ਚੈੱਕ
ਹੁਣ ਤੱਕ ਕਰੀਬ 150 ਕੱਚੇ ਘਰਾਂ ਨੂੰ ਪੱਕਾ ਕਰਨ ਲਈ ਲਾਭਪਾਤਰੀਆਂ ਨੂੰ ਦਿੱਤੀ ਜਾ ਚੁੱਕੀ ਹੈ ਵਿੱਤੀ ਸਹਾਇਤਾ
ਮੋਹਾਲੀ ਸ਼ਹਿਰ ਦੀ ਸਫ਼ਾਈ, ਸੁੰਦਰਤਾ ਅਤੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਉਪਰਾਲੇ ਜਾਰੀ: ਵਿਧਾਇਕ ਕੁਲਵੰਤ ਸਿੰਘ
ਵਿਰੋਧੀ ਪਾਰਟੀਆਂ ਕੋਲ ਚੋਣਾਂ ਲੜਨ ਲਈ ਕੋਈ ਏਜੰਡਾ ਨਹੀਂ: ਕੁਲਵੰਤ ਸਿੰਘ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਅਕਤੂਬਰ:
ਵਿਧਾਨ ਸਭਾ ਹਲਕਾ ਮੋਹਾਲੀ ਦੇ ਵਿਧਾਇਕ ਸ੍ਰੀ ਕੁਲਵੰਤ ਸਿੰਘ ਨੇ ਅੱਜ ਕੱਚੇ ਘਰਾਂ ਨੂੰ ਪੱਕਾ ਕਰਨ ਲਈ 5 ਲਾਭਪਾਤਰੀਆਂ ਨੂੰ 2-2 ਲੱਖ ਰੁਪਏ ਦੇ ਚੈੱਕ ਤਕਸੀਮ ਕੀਤੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਹੁਣ ਤੱਕ ਕਰੀਬ 150 ਕੱਚੇ ਘਰਾਂ ਨੂੰ ਪੱਕਾ ਕਰਨ ਲਈ ਲਾਭਪਾਤਰੀਆਂ ਨੂੰ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਚੁੱਕੀ ਹੈ।
ਚੈੱਕ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਵਿੱਚ ਪਿੰਡ ਰੁੜਕਾ ਦੀਆਂ ਸ੍ਰੀਮਤੀ ਪਰਮਜੀਤ ਕੌਰ ਅਤੇ ਸ੍ਰੀਮਤੀ ਮਲਕੀਤ ਕੌਰ, ਪਿੰਡ ਲਖਨੌਰ ਦੇ ਸ੍ਰੀ ਅਸ਼ੋਕ ਕੁਮਾਰ ਪੁੱਤਰ ਸ੍ਰੀ ਦਿਲਬਾਰਾ ਸਿੰਘ, ਪਿੰਡ ਕੁੰਭੜਾ ਦੇ ਸ੍ਰੀ ਮਿਹਰ ਸਿੰਘ ਪੁੱਤਰ ਸ੍ਰੀ ਹਰੀਸ਼ ਸਿੰਘ ਅਤੇ ਬਲੌਂਗੀ ਦੇ ਸ੍ਰੀ ਮੰਗਤ ਸਿੰਘ ਪੁੱਤਰ ਸ੍ਰੀ ਹਰੀ ਸਿੰਘ ਸ਼ਾਮਲ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਕੱਚੇ ਘਰਾਂ ਨੂੰ ਪੱਕਾ ਕਰਨ ਲਈ ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ ਦੇਣ ਦੀ ਇਹ ਪਹਿਲ ਲੋਕਾਂ ਨੂੰ ਬਿਹਤਰ ਰਿਹਾਇਸ਼ੀ ਸਹੂਲਤਾਂ ਪ੍ਰਦਾਨ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਇਹ ਸਿਲਸਿਲਾ ਅੱਗੇ ਵੀ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਿੱਜੀ ਤੌਰ ’ਤੇ ਵੀ ਉਨ੍ਹਾਂ ਵੱਲੋਂ 100 ਤੋਂ ਵੱਧ ਕੱਚੇ ਘਰਾਂ ਦੀ ਮੁਰੰਮਤ ਅਤੇ ਸੁਧਾਰ ਕਰਵਾਇਆ ਗਿਆ ਹੈ, ਜਿਸ ਵਿੱਚ ਕਈ ਘਰਾਂ ਦੀਆਂ ਛੱਤਾਂ ਵੀ ਬਦਲੀਆਂ ਗਈਆਂ ਹਨ।
ਵਿਧਾਇਕ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੇ ਨਾਲ-ਨਾਲ ਅਜਿਹੇ ਕਈ ਕੰਮ ਵੀ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਲੋਕਾਂ ਨੂੰ ਸਿੱਧਾ ਲਾਭ ਮਿਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਕਾਰਨ ਵਿਰੋਧੀ ਪਾਰਟੀਆਂ ਕੋਲ ਚੋਣਾਂ ਲੜਨ ਲਈ ਕੋਈ ਸਪੱਸ਼ਟ ਏਜੰਡਾ ਨਹੀਂ ਰਹਿ ਗਿਆ ਹੈ।
ਕੂੜੇ ਦੀ ਸਮੱਸਿਆ ਸਬੰਧੀ ਵਿਧਾਇਕ ਨੇ ਕਿਹਾ ਕਿ ਮੋਹਾਲੀ ਨਗਰ ਨਿਗਮ ਦੇ ਮੇਅਰ ਸ੍ਰੀ ਸਰਬਜੀਤ ਸਿੰਘ ਸਮਾਣਾ, ਸੀਨੀਅਰ ਡਿਪਟੀ ਮੇਅਰ ਸ੍ਰੀ ਰਜਿੰਦਰ ਪ੍ਰਸਾਦ ਸ਼ਰਮਾ ਅਤੇ ਡਿਪਟੀ ਮੇਅਰ ਸ੍ਰੀ ਹਰਪਾਲ ਸਿੰਘ ਚੰਨਾ ਦੀ ਅਗਵਾਈ ਹੇਠ ਟੀਮ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਕੂੜੇ ਦੀ ਸਮੱਸਿਆ ਤੋਂ ਸਥਾਈ ਤੌਰ ’ਤੇ ਰਾਹਤ ਦਿਵਾਉਣ ਲਈ ਉਪਰਾਲੇ ਜਾਰੀ ਹਨ।
ਉਨ੍ਹਾਂ ਮੋਹਾਲੀ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਦੀ ਸਫ਼ਾਈ ਅਤੇ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਕੂੜਾ ਨਿਰਧਾਰਤ ਥਾਵਾਂ ’ਤੇ ਹੀ ਸੁੱਟਿਆ ਜਾਵੇ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਦੇ ਕੰਮਾਂ ਵਿੱਚ ਪਹਿਲ ਕਰਨ ਦੀ ਲੋੜ ਹੁੰਦੀ ਹੈ ਅਤੇ ਜਦੋਂ ਕੋਈ ਵਿਅਕਤੀ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਂਦਾ ਹੈ ਤਾਂ ਹੋਰ ਲੋਕ ਵੀ ਇਸ ਕਾਰਜ ਨਾਲ ਜੁੜਦੇ ਹਨ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਮੋਹਾਲੀ ਦੀਆਂ ਲਿੰਕ ਸੜਕਾਂ ਨੂੰ ਨਵੇਂ ਸਿਰੇ ਤੋਂ ਬਣਾਉਣ ਦਾ ਕੰਮ ਜਾਰੀ ਹੈ ਅਤੇ ਬਹੁਤੀਆਂ ਸੜਕਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸੇ ਤਰ੍ਹਾਂ ਮੋਹਾਲੀ ਸ਼ਹਿਰ ਵਿੱਚ ਕਈ ਨਵੇਂ ਚੌਕ ਤਿਆਰ ਕੀਤੇ ਜਾ ਚੁੱਕੇ ਹਨ ਅਤੇ ਕਈਆਂ ਦਾ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ਦੇ ਮੁਕੰਮਲ ਹੋਣ ਨਾਲ ਸ਼ਹਿਰ ਵਿੱਚ ਆਵਾਜਾਈ ਨੂੰ ਹੋਰ ਸੁਚਾਰੂ ਬਣਾਉਣ ਵਿੱਚ ਮਦਦ ਮਿਲੇਗੀ।
ਇਸ ਮੌਕੇ ਮੋਹਾਲੀ ਨਗਰ ਨਿਗਮ ਦੇ ਮੇਅਰ ਸ੍ਰੀ ਸਰਬਜੀਤ ਸਿੰਘ ਸਮਾਣਾ, ਸੀਨੀਅਰ ਡਿਪਟੀ ਮੇਅਰ ਸ੍ਰੀ ਰਜਿੰਦਰ ਪ੍ਰਸਾਦ ਸ਼ਰਮਾ, ਸਾਬਕਾ ਸਰਪੰਚ ਸ੍ਰੀ ਅਵਤਾਰ ਸਿੰਘ ਮੌਲੀ, ਸ੍ਰੀ ਹਰਮੇਸ਼ ਸਿੰਘ ਕੁੰਭੜਾ, ਸਾਬਕਾ ਸਰਪੰਚ ਰੁੜਕਾ ਸ੍ਰੀਮਤੀ ਕਿਰਨਦੀਪ ਕੌਰ, ਸ੍ਰੀ ਹਰਜੀਤ ਸਿੰਘ ਰੁੜਕਾ, ਸ੍ਰੀ ਅਮਨਦੀਪ ਸਿੰਘ ਲਖਨੌਰ, ਸ੍ਰੀ ਮੁਖਤਿਆਰ ਸਿੰਘ ਲਖਨੌਰ ਅਤੇ ਸ੍ਰੀ ਭੁਪਿੰਦਰ ਸਿੰਘ ਪੰਚ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
- Download Babushahi App
-
-