ਏ.ਡੀ.ਸੀ. ਵੱਲੋਂ ਫਰਮ ਅਰਬਨ ਡਰੀਮ ਵੀਜ਼ਾ ਕੰਸਲਟੈਂਟਸ ਦਾ ਲਾਇਸੰਸ ਬਹਾਲ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਸਤੰਬਰ, 2026:
ਵਧੀਕ ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ-2012 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਫਰਮ ਅਰਬਨ ਡਰੀਮ ਵੀਜ਼ਾ ਕੰਸਲਟੈਂਟਸ ਦਾ ਲਾਇਸੰਸ ਬਹਾਲ ਕਰ ਦਿੱਤਾ ਗਿਆ ਹੈ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਗੀਤਿਕਾ ਸਿੰਘ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਫਰਮ ਅਰਬਨ ਡਰੀਮ ਵੀਜ਼ਾ ਕੰਸਲਟੈਂਟਸ ਐਸ.ਸੀ.ਐਫ. ਨੰਬਰ 103, ਪਹਿਲੀ ਮੰਜ਼ਿਲ, ਫੇਜ਼-11, ਮੋਹਾਲੀ ਦੇ ਮਾਲਕ ਸ੍ਰੀ ਜ਼ੱਬਰਜੀਤ ਸਿੰਘ ਪੁੱਤਰ ਸ੍ਰੀ ਹਰਦੇਵ ਸਿੰਘ ਵਾਸੀ ਹਾਊਸ ਨੰ: 117-ਬੀ, ਪੁਲਿਸ ਕੁਆਰਟਰਜ਼, ਸੈਕਟਰ,-26, ਚੰਡੀਗੜ੍ਹ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰਬਰ 789/ਆਈ.ਸੀ. ਮਿਤੀ 17 ਜੂਨ 2025 ਨੂੰ ਜਾਰੀ ਕੀਤਾ ਗਿਆ ਸੀ। ਇਸ ਲਾਇਸੰਸ ਦੀ ਮਿਆਦ ਮਿਤੀ 16.06.2030 ਤੱਕ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਲਾਇਸੰਸ ਨੂੰ ਤਿੰਨ ਮਹੀਨਿਆਂ ਲਈ ਮੁਅੱਤਲ ਕੀਤਾ ਗਿਆ ਸੀ। ਪ੍ਰਾਰਥੀ ਵੱਲੋਂ ਦਿੱਤੇ ਗਏ ਸਪਸ਼ਟੀਕਰਨ ਅਤੇ ਭਵਿੱਖ ਵਿੱਚ ਨਿਯਮਾਂ ਦੀ ਪਾਲਣਾ ਕਰਨ ਦੇ ਭਰੋਸੇ ਨੂੰ ਧਿਆਨ ਵਿੱਚ ਰੱਖਦਿਆਂ ਲਾਇਸੰਸ ਬਹਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਫਰਮ ਦੇ ਮਾਲਕ ਸ੍ਰੀ ਜ਼ੱਬਰਜੀਤ ਸਿੰਘ ਵੱਲੋਂ ਲਾਇਸੰਸ ਦੀਆਂ ਸ਼ਰਤਾਂ ਦੀ ਉਲੰਘਣਾ ਸਬੰਧੀ ਜਾਰੀ ਕੀਤੇ ਗਏ ਨੋਟਿਸ ਦੇ ਜਵਾਬ ਵਿੱਚ ਆਪਣਾ ਸਪਸ਼ਟੀਕਰਨ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੇ ਇੰਸਟਾਗ੍ਰਾਮ ਖਾਤੇ ’ਤੇ ਵਰਕ ਵੀਜ਼ਾ ਸੇਵਾਵਾਂ ਨਾਲ ਸਬੰਧਤ ਇੱਕ ਇਸ਼ਤਿਹਾਰ ਅਣਜਾਣੇ ਵਿੱਚ ਪ੍ਰਕਾਸ਼ਿਤ ਹੋ ਗਿਆ ਸੀ। ਉਨ੍ਹਾਂ ਨੇ ਇਸ ਗਲਤੀ ਲਈ ਖੇਦ ਪ੍ਰਗਟ ਕਰਦਿਆਂ ਭਵਿੱਖ ਵਿੱਚ ਸਾਰੇ ਲਾਗੂ ਕਾਨੂੰਨਾਂ, ਨਿਯਮਾਂ, ਸਰਕਾਰੀ ਹਦਾਇਤਾਂ ਅਤੇ ਐਡਵਾਈਜ਼ਰੀਜ਼ ਦੀ ਸਖ਼ਤੀ ਨਾਲ ਪਾਲਣਾ ਕਰਨ ਦਾ ਭਰੋਸਾ ਦਿੱਤਾ।
ਉਕਤ ਤੱਥਾਂ ਦੇ ਸਨਮੁੱਖ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਫਰਮ ਅਰਬਨ ਡਰੀਮ ਵੀਜ਼ਾ ਕੰਸਲਟੈਂਟਸ ਦੇ ਮਾਲਕ ਜ਼ੱਬਰਜੀਤ ਸਿੰਘ ਨੂੰ ਕੰਸਲਟੈਂਸੀ ਦੇ ਕੰਮ ਲਈ ਜਾਰੀ ਲਾਇਸੰਸ ਨੰ: 789/ਆਈ.ਸੀ. ਮਿਤੀ 17 ਜੂਨ 2025 ਨੂੰ ਬਹਾਲ ਕਰਦੇ ਹੋਏ ਪ੍ਰਾਰਥੀ ਨੂੰ ਹਦਾਇਤ ਕੀਤੀ ਗਈ ਹੈ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ, 2012 ਅਤੇ ਇਸ ਤਹਿਤ ਬਣੇ ਨਿਯਮਾਂ ਦੇ ਨਾਲ-ਨਾਲ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਜਾਰੀ ਕੀਤੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ। ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਪਾਈ ਜਾਣ ’ਤੇ ਲਾਇਸੈਂਸ ਰੱਦ ਕਰਨ ਸਮੇਤ ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕਦੀ ਹੈ।
- Download Babushahi App
-
-