ਆਵਾਰਾ ਪਸ਼ੂ ਨੂੰ ਬਚਾਉਣ ਦੇ ਚੱਕਰ 'ਚ ਵੱਡਾ ਹਾਦਸਾ ਵਾਪਰਿਆ ,ਦੋ ਦੀ ਮੌਤ-ਦੋ ਜ਼ਖ਼ਮੀ
ਮਲਕੀਤ ਸਿੰਘ ਮਲਕਪੁਰ
ਲਾਲੜੂ 10 ਜੁਲਾਈ 2026: ਅੰਬਾਲਾ-ਚੰਡੀਗੜ੍ਹ ਹਾਈਵੇ 'ਤੇ ਆਈਟੀਆਈ ਚੌਕ ਲਾਲੜੂ ਦੇ ਨੇੜੇ ਆਵਾਰਾ ਪਸ਼ੂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਤੇਜ਼ ਰਫ਼ਤਾਰ ਫਾਰਚੂਨਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਇਸ ਹਾਦਸੇ ਵਿੱਚ ਫਾਰਚੂਨਰ ਸਵਾਰ ਜਿਮ ਮਾਲਕ ਸਮੇਤ ਦੋ ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਲਾਲੜੂ ਪੁਲਿਸ ਨੇ ਬੀਐਨਐੱਸ 194 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਜਾਣਕਾਰੀ ਅਨੁਸਾਰ ਹਾਦਸਾ ਸ਼ੁੱਕਰਵਾਰ ਤੜਕੇ ਕਰੀਬ 4:30 ਵਜੇ ਵਾਪਰਿਆ। ਕਾਲੇ ਰੰਗ ਦੀ ਫਾਰਚੂਨਰ ਲੁਧਿਆਣਾ ਦੇ ਗਹਿਣਾ ਕਾਰੋਬਾਰੀ ਆਕਾਸ਼ ਵਰਮਾ ਪੁੱਤਰ ਸੰਜੂ ਵਰਮਾ ਦੀ ਸੀ। ਆਕਾਸ਼ ਵਰਮਾ ਲੁਧਿਆਣਾ ਤੋਂ ਚੰਡੀਗੜ੍ਹ ਕਿਸੇ ਨਿੱਜੀ ਕੰਮ ਲਈ ਆਏ ਹੋਏ ਸਨ। ਉਨ੍ਹਾਂ ਦੇ ਨਾਲ ਉਨ੍ਹਾਂ ਦਾ ਸਕਿਉਰਿਟੀ ਗਾਰਡ 33 ਸਾਲਾ ਰਾਜੀਵ ਕੁਮਾਰ ਵਾਸੀ ਮਿਰਜ਼ਾਪੁਰ, ਉੱਤਰ ਪ੍ਰਦੇਸ਼ ਅਤੇ ਡਰਾਈਵਰ ਰਵੀ ਕੁਮਾਰ ਪੁੱਤਰ ਕੈਲਾਸ਼ ਵਾਸੀ ਜ਼ਿਲ੍ਹਾ ਉੱਨਾਵ, ਕਾਨਪੁਰ ਤੋਂ ਇਲਾਵਾ ਲੁਧਿਆਣਾ ਦੇ ਬੀਆਰਐੱਸ ਨਗਰ ਦਾ ਰਹਿਣ ਵਾਲਾ 23 ਸਾਲਾ ਜਿਮ ਮਾਲਕ ਮਨਜੋਤ ਸਿੰਘ ਪੁੱਤਰ ਅਮਰਪਾਲ ਸਿੰਘ ਵੀ ਨਾਲ ਸੀ। ਜਾਂਚ ਅਧਿਕਾਰੀ ਏਐੱਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਫਾਰਚੂਨਰ ਨੂੰ ਡਰਾਈਵਰ ਰਵੀ ਕੁਮਾਰ ਚਲਾ ਰਿਹਾ ਸੀ। ਉਸ ਦੇ ਪਿੱਛੇ ਮਨਜੋਤ ਸਿੰਘ ਬੈਠਾ ਸੀ, ਜਦਕਿ ਡਰਾਈਵਰ ਦੇ ਨਾਲ ਵਾਲੀ ਸੀਟ 'ਤੇ ਸਕਿਉਰਿਟੀ ਗਾਰਡ ਰਾਜੀਵ ਅਤੇ ਉਸ ਦੇ ਪਿੱਛੇ ਗੱਡੀ ਦਾ ਮਾਲਕ ਆਕਾਸ਼ ਵਰਮਾ ਬੈਠਾ ਹੋਇਆ ਸੀ। ਗੱਡੀ ਚੰਡੀਗੜ੍ਹ ਤੋਂ ਦਿੱਲੀ ਵੱਲ ਜਾ ਰਹੀ ਸੀ ਅਤੇ ਲਾਲੜੂ ਵਿੱਚ ਆਈਟੀਆਈ ਚੌਕ ਦੇ ਨਜ਼ਦੀਕ ਅਚਾਨਕ ਕੋਈ ਆਵਾਰਾ ਪਸ਼ੂ ਸਾਹਮਣੇ ਆ ਗਿਆ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਗੱਡੀ ਬੇਕਾਬੂ ਹੋ ਗਈ ਅਤੇ ਸੱਜੇ ਪਾਸੇ ਤੋਂ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਕਈ ਪਲਟੀਆਂ ਖਾਂਦੀ ਹੋਈ ਹਾਈਵੇ ਦੇ ਦੂਜੇ ਪਾਸੇ ਜਾ ਪਹੁੰਚੀ। ਹਾਲਾਂਕਿ ਬਚਾਅ ਰਿਹਾ ਕਿ ਦੂਜੇ ਪਾਸੇ ਤੋਂ ਆ ਰਹੀ ਕਿਸੇ ਹੋਰ ਗੱਡੀ ਨਾਲ ਫਾਰਚੂਨਰ ਦੀ ਟੱਕਰ ਨਹੀਂ ਹੋਈ। ਗੱਡੀ ਦੇ ਸਾਰੇ ਏਅਰਬੈਗ ਖੁੱਲ੍ਹ ਗਏ ਅਤੇ ਰਾਹਗੀਰਾਂ ਨੇ ਪੁਲਿਸ ਦੀ ਮਦਦ ਨਾਲ ਚਾਰਾਂ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ। ਇਨ੍ਹਾਂ ਵਿੱਚ ਡਰਾਈਵਰ ਰਵੀ ਅਤੇ ਉਸ ਦੇ ਪਿੱਛੇ ਬੈਠੇ ਮਨਜੋਤ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ, ਜਦਕਿ ਆਕਾਸ਼ ਵਰਮਾ ਅਤੇ ਉਸ ਦੇ ਸਕਿਉਰਿਟੀ ਗਾਰਡ ਰਾਜੀਵ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਮਾਮਲੇ ਦੀ ਸੂਚਨਾ ਮਿਲਣ 'ਤੇ ਮਨਜੋਤ ਦੇ ਪਿਤਾ ਅਮਰਪਾਲ ਸਿੰਘ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਪੁਲਿਸ ਨੂੰ ਆਪਣੇ ਬਿਆਨ ਦਿੱਤੇ, ਜਿਸ ਤੋਂ ਬਾਅਦ ਡੇਰਾਬੱਸੀ ਸਿਵਲ ਹਸਪਤਾਲ ਵਿੱਚ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਉਨ੍ਹਾਂ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ।
- Download Babushahi App
-
-