ਅਵਾਰਾ ਕੁੱਤੀ ਦੇ ਵੱਢਣ ਨਾਲ ਭੈਅ ਦਾ ਮਾਹੌਲ
ਨੌਜਵਾਨ ਨੂੰ ਵੱਢਿਆ,ਬੱਚਿਆਂ ਜਾਂ ਬਜ਼ੁਰਗ ਨਾਲ ਵੱਡੀ ਅਣਹੋਣੀ ਦਾ ਖਦਸਾ
ਮਲਕੀਤ ਸਿੰਘ ਮਲਕਪੁਰ
ਲਾਲੜੂ 10 ਜੁਲਾਈ 2026 : ਨਗਰ ਕੌਂਸਲ ਲਾਲੜੂ ਅਧੀਨ ਪੈਂਦੇ ਵਾਰਡ ਨੰਬਰ 12 ਅਤੇ 13 ਵਿੱਚਕਾਰ ਇੱਕ ਅਵਾਰਾ ਕੁੱਤੀ ਵੱਲੋਂ ਨੌਜਵਾਨ ਨੂੰ ਕੱਟਣ ਨਾਲ ਉਕਤ ਵਾਰਡਾਂ ਵਿੱਚ ਭੈਅ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਹ ਕੁੱਤੀ ਇਸ ਤੋਂ ਪਹਿਲਾਂ ਵੀ ਕਰੀਬ ਅੱਧ ਦਰਜਨ ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੀ ਹੈ, ਜਦਕਿ ਆਮ ਲੋਕਾਂ ਵਿੱਚ ਇਹ ਖਦਸਾ ਪਾਇਆ ਜਾ ਰਿਹਾ ਹੈ ਕਿ ਵੱਡੇ ਲੋਕ ਤਾਂ ਭਾਵੇਂ ਕੁੱਤੀ ਦੇ ਕੱਟਣ ਤੱਕ ਹੀ ਸੀਮਿਤ ਹਨ ਪਰ ਜੇਕਰ ਸਮਾਂ ਰਹਿੰਦਿਆਂ ਇਸ ਕੁੱਤੀ ਨੂੰ ਕਾਬੂ ਨਾ ਕੀਤਾ ਗਿਆ ਤਾਂ ਇਹ ਛੋਟੇ ਬੱਚਿਆਂ ਜਾਂ ਬਜ਼ੁਰਗਾਂ ਦਾ ਵੱਡਾ ਨੁਕਸਾਨ ਕਰ ਸਕਦੀ ਹੈ। ਅੱਜ ਇਸ ਕੁੱਤੀ ਵੱਲੋਂ ਵੱਢੇ ਜਾਣ ਸਬੰਧੀ ਹੋਈ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਵਾਰਡ ਨੰਬਰ-12 ਦੇ ਵਸਨੀਕ ਸੇਵਾਮੁਕਤ ਮਾਸਟਰ ਕਾਮੇਸ਼ਵਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਨਰਿੰਦਰ ਕੁਮਾਰ ਪੁੱਤਰ ਰੂਪ ਚੰਦ ਇੱਕ ਨਿੱਜੀ ਕੰਪਨੀ ਵਿੱਚ ਚੌਕੀਦਾਰ ਦਾ ਕੰਮ ਕਰਦਾ ਹੈ ਅਤੇ ਅੱਜ ਸਵੇਰੇ ਜਦੋਂ ਉਹ ਆਪਣੇ ਐਸਆਈਆਰ ਵਾਲੇ ਫਾਰਮ ਭਰਵਾਉਣ ਲਈ ਬੀਐਲਓ ਕੋਲ ਜਾ ਰਿਹਾ ਸੀ ਤਾਂ ਰਾਹ ਵਿੱਚ ਇਸ ਕੁੱਤੀ ਨੇ ਉਸ ਦੀ ਲੱਤ ਨੂੰ ਕੱਟ ਲਿਆ। ਇਸ ਉਪਰੰਤ ਉਸ ਨੇ ਸਿਵਲ ਹਸਪਤਾਲ ਤੋਂ ਆਪਣਾ ਇਲਾਜ ਕਰਵਾਇਆ ਜਿੱਥੇ ਕੁੱਤੇ ਦੇ ਵੱਢਣ ਦੇ ਟੀਕੇ ਲਗਾਉਣ ਤੋਂ ਇਲਾਵਾ ਲੱਤ ਦੇ ਜ਼ਖ਼ਮ ਉੱਤੇ ਕਰੀਬ 10-12 ਟਾਂਕੇ ਲੱਗੇ ਹਨ। ਮਾਸਟਰ ਕਾਮੇਸ਼ਵਰ ਸ਼ਰਮਾ ਨੇ ਦੱਸਿਆ ਕਿ ਉਕਤ ਘਟਨਾ ਉਪਰੰਤ ਉਨ੍ਹਾਂ ਇਸ ਦੀ ਜਾਣਕਾਰੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਦਿੱਤੀ , ਜਿਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਨਗਰ ਕੌਂਸਲ ਦੀ ਕਾਰਵਾਈ ਜਾਰੀ ਹੈ ਤੇ ਜਲਦ ਹੀ ਅਵਾਰਾ ਕੁੱਤਿਆਂ ਸਬੰਧੀ ਠੋਸ ਫੈਸਲਾ ਲਿਆ ਜਾਵੇਗਾ। ਮਾਸਟਰ ਕਾਮੇਸ਼ਵਰ ਨੇ ਦੱਸਿਆ ਕਿ ਉਹ ਇਸ ਬਾਬਤ ਲਾਲੜੂ ਪੁਲਿਸ ਸਟੇਸ਼ਨ ਵਿੱਚ ਵੀ ਗਏ ਸਨ, ਪਰ ਉਥੋਂ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਕੁੱਤੀ ਅਵਾਰਾ ਹੋਣ ਕਾਰਨ ਉਹ ਇਸ ਮਾਮਲੇ ਵਿੱਚ ਕੋਈ ਵੀ ਕਾਰਵਾਈ ਕੀਤੇ ਜਾਣ ਤੋਂ ਅਸਮਰਥ ਹਨ । ਵਾਰਡ ਦੇ ਵਸਨੀਕਾਂ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਕਿਸੇ ਵੀ ਵੱਡੀ ਅਣਹੋਣੀ ਦੇ ਵਾਪਰਣ ਤੋਂ ਪਹਿਲਾਂ ਇਸ ਕੁੱਤੀ ਦਾ ਪ੍ਰਬੰਧ ਕੀਤਾ ਜਾਵੇ । ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਗੁਲਸ਼ਨ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੋਮਵਾਰ ਤੱਕ ਇਸ ਕੁੱਤੀ ਨੂੰ ਕਾਬੂ ਕਰ ਲਿਆ ਜਾਵੇਗਾ।
- Download Babushahi App
-
-