ਲਾਰੈਂਸ ਬਿਸ਼ਨੋਈ ਗੈਂਗ ਨੂੰ ਵੱਡਾ ਝਟਕਾ: ਅਮਰੀਕਾ 'ਚ ਗ੍ਰਿਫ਼ਤਾਰ ਹੋਇਆ ਮੁੱਖ ਸਾਥੀ 'ਹੈਰੀ ਬਾਕਸਰ'; ਜੈਪੁਰ ਦਾ ਬਾਕਸਿੰਗ ਕੋਚ ਇੰਨਾ ਬਣਿਆ ਅੰਤਰਰਾਸ਼ਟਰੀ ਗੈਂਗਸਟਰ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ/, 7 ਨਵੰਬਰ, 2026 : ਭਾਰਤੀ ਸੁਰੱਖਿਆ ਅਤੇ ਖੁਫ਼ੀਆ ਏਜੰਸੀਆਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਵੱਡੀ ਸਫ਼ਲਤਾ ਮਿਲੀ ਹੈ। ਲਾਰੈਂਸ ਬਿਸ਼ਨੋਈ ਗੈਂਗ ਦੇ ਬਦਨਾਮ ਅਪਰਾਧੀ ਅਤੇ ਅੰਤਰਰਾਸ਼ਟਰੀ ਜਬਰਨ ਵਸੂਲੀ (Extortion) ਨੈੱਟਵਰਕ ਦੇ ਮੁੱਖ ਸੰਚਾਲਕ ਹਰੀ ਚੰਦ ਜਾਟ ਉਰਫ਼ "ਹੈਰੀ ਬਾਕਸਰ" (Harry Boxer) ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਹਿਰਾਸਤ ਵਿੱਚ ਲੈਣ ਦਾ ਦਾਅਵਾ ਕੀਤਾ ਗਿਆ ਹੈ।। ਮੁੰਬਈ ਵਿੱਚ ਪ੍ਰਸਿੱਧ ਬਾਲੀਵੁੱਡ ਫ਼ਿਲਮ ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਤੋਂ ਬਾਅਦ ਭਾਰਤੀ ਏਜੰਸੀਆਂ ਉਸ ਦੀਆਂ ਗਤੀਵਿਧੀਆਂ 'ਤੇ ਲਗਾਤਾਰ ਨਜ਼ਰ ਰੱਖ ਰਹੀਆਂ ਸਨ। ਭਾਰਤ ਸਰਕਾਰ ਵੱਲੋਂ ਹੁਣ ਉਸ ਨੂੰ ਭਾਰਤ ਡਿਪੋਰਟ (ਹਵਾਲਗੀ) ਕਰਵਾਉਣ ਦੀਆਂ ਕਾਨੂੰਨੀ ਪ੍ਰਕਿਰਿਆਵਾਂ ਤੇਜ਼ ਕਰ ਦਿੱਤੀਆਂ ਗਈਆਂ ਹਨ।
ਰਾਜਸਥਾਨ ਦੇ ਨਾਰਾਇਣਪੁਰ ਪਿੰਡ ਦਾ ਰਹਿਣ ਵਾਲਾ ਹਰੀ ਚੰਦ ਜਾਟ ਪਹਿਲਾਂ ਖੇਤੀਬਾੜੀ ਅਤੇ ਖੇਡਾਂ ਨਾਲ ਜੁੜਿਆ ਹੋਇਆ ਸੀ। ਜੈਪੁਰ ਵਿੱਚ ਇੱਕ ਬਾਕਸਿੰਗ ਕੋਚ ਵਜੋਂ ਕੰਮ ਕਰਨ ਦੌਰਾਨ ਉਸ ਨੂੰ "ਬਾਕਸਰ" ਦਾ ਉਪਨਾਮ ਮਿਲਿਆ ਸੀ। ਬਾਅਦ ਵਿੱਚ ਅਪਰਾਧ ਦੀ ਦੁਨੀਆ ਵਿੱਚ ਦਾਖਲ ਹੋ ਕੇ ਉਹ ਬਿਸ਼ਨੋਈ ਗੈਂਗ ਦਾ ਮੁੱਖ ਹਥਿਆਰਬੰਦ ਗੁੰਡਾ ਬਣ ਗਿਆ ਅਤੇ ਸਾਲ 2022 ਵਿੱਚ ਜਾਅਲੀ ਦਸਤਾਵੇਜ਼ਾਂ ਰਾਹੀਂ ਭਾਰਤ ਤੋਂ ਫ਼ਰਾਰ ਹੋ ਕੇ ਅਮਰੀਕਾ ਪਹੁੰਚ ਗਿਆ।
ਬਾਲੀਵੁੱਡ ਹਸਤੀਆਂ ਨੂੰ ਧਮਕੀਆਂ ਅਤੇ ਗੋਲੀਬਾਰੀ: ਉੱਤਰੀ ਅਮਰੀਕਾ ਵਿੱਚ ਬੈਠ ਕੇ ਹੈਰੀ ਬਾਕਸਰ ਬਿਸ਼ਨੋਈ ਗੈਂਗ ਲਈ ਲੌਜਿਸਟਿਕਸ, ਟਾਰਗੇਟ ਕਿਲਿੰਗ ਅਤੇ ਜਬਰਨ ਵਸੂਲੀ ਦਾ ਅੰਤਰਰਾਸ਼ਟਰੀ ਨੈੱਟਵਰਕ ਚਲਾ ਰਿਹਾ ਸੀ। ਉਸ ਨੇ ਮੁੰਬਈ 'ਚ ਰੋਹਿਤ ਸ਼ੈੱਟੀ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦੀ ਸੋਸ਼ਲ ਮੀਡੀਆ 'ਤੇ ਜ਼ਿੰਮੇਵਾਰੀ ਲਈ ਸੀ ਅਤੇ ਧਮਕੀ ਭਰੀਆਂ ਆਡੀਓ ਕਲਿੱਪਾਂ ਜਾਰੀ ਕਰਕੇ ਕਈ ਬਾਲੀਵੁੱਡ ਹਸਤੀਆਂ ਨੂੰ ਅੰਜਾਮ ਭੁਗਤਣ ਦੀਆਂ ਚੇਤਾਵਨੀਆਂ ਦਿੱਤੀਆਂ ਸਨ।
ਕਾਨੂੰਨੀ ਕਾਰਵਾਈ: ਹੈਰੀ ਬਾਕਸਰ ਵਿਰੁੱਧ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਅਤੇ ਹਥਿਆਰਬੰਦ ਹਮਲਿਆਂ ਸਮੇਤ ਦਰਜਨਾਂ ਗੰਭੀਰ ਮਾਮਲੇ ਦਰਜ ਹਨ। ਭਾਰਤੀ ਏਜੰਸੀਆਂ ਅਮਰੀਕੀ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਉਸ ਨੂੰ ਜਲਦ ਭਾਰਤ ਲਿਆ ਕੇ ਮੁਕੱਦਮਾ ਚਲਾਉਣ ਦੀ ਤਿਆਰੀ ਕਰ ਰਹੀਆਂ ਹਨ।