ਅੱਜ ਪੈ ਰਹੀਆਂ ਨੇ ਵੋਟਾਂ - ਭਾਰਤੀ ਉਮੀਦਵਾਰਾਂ ’ਤੇ ਟਿਕੀਆਂ ਨਜ਼ਰਾਂ
ਨਿਊਜ਼ੀਲੈਂਡ ਲੋਕਤੰਤਰ: ਅੱਜ ਸ਼ਾਮ 7 ਵਜੇ ਬੰਦ ਹੋਣਗੀਆਂ ਵੋਟਾਂ, ਰਾਤ 11:30 ਤੱਕ ਸਾਫ਼ ਹੋ ਜਾਵੇਗੀ ਸਰਕਾਰ ਦੀ ਤਸਵੀਰ
-
ਵੋਟ ਤੁਹਾਡਾ ਅਧਿਕਾਰ ਹੈ, ਨਿਊਜ਼ੀਲੈਂਡ ਦੇ ਭਵਿੱਖ ਲਈ ਅੱਜ ਹੀ ਵੋਟ ਪਾਓ! - ਖੜਗ ਸਿੰਘ
-
10.74 ਲੱਖ ਤੋਂ ਵੱਧ ਵੋਟਾਂ ਪਹਿਲਾਂ ਹੀ ਪਈਆਂ, 17 ਦੇ ਕਰੀਬ ਭਾਰਤੀ ਉਮੀਦਵਾਰ ਮੈਦਾਨ ’ਚ
- ਹਰਜਿੰਦਰ ਸਿੰਘ ਬਸਿਆਲਾ -
ਔਕਲੈਂਡ, 07 ਨਵੰਬਰ 2026: ਨਿਊਜ਼ੀਲੈਂਡ ਵਿੱਚ 2026 ਦੀਆਂ ਆਮ ਚੋਣਾਂ ਲਈ ਵੋਟਾਂ ਪਾਉਣ ਦਾ ਕੰਮ ਪੂਰੇ ਉਤਸ਼ਾਹ ਨਾਲ ਜਾਰੀ ਹੈ। ਅੱਜ ਆਖਰੀ ਦਿਨ ਹੈ। ਦੇਸ਼ ਭਰ ਵਿੱਚ ਸਵੇਰੇ 9 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਸ਼ਾਮ 7 ਵਜੇ ਤੱਕ ਚੱਲੇਗੀ। ਇਸ ਮਹਾਨ ਚੋਣ ਪ੍ਰਕਿਰਿਆ ਵਿੱਚ 17 ਦੇ ਕਰੀਬ ਭਾਰਤੀ ਅਤੇ ਦੱਖਣੀ ਏਸ਼ਿਆਈ ਮੂਲ ਦੇ ਉਮੀਦਵਾਰ ਵੱਖ-ਵੱਖ ਪ੍ਰਮੁੱਖ ਰਾਜਨੀਤਿਕ ਪਾਰਟੀਆਂ (ਲੇਬਰ, ਨੈਸ਼ਨਲ, ਐਕਟ, ਨਿਊਜ਼ੀਲੈਂਡ ਫਰਸਟ ਅਤੇ ਦਿ ਓਪਰਚੂਨਿਟੀ ਪਾਰਟੀ) ਵੱਲੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਹੁਣ ਤੱਕ ਕਿੰਨੀਆਂ ਵੋਟਾਂ ਪੈ ਚੁੱਕੀਆਂ ਹਨ? ਚੋਣ ਕਮਿਸ਼ਨ ਅਨੁਸਾਰ ਇਸ ਵਾਰ ਅਗਾਊਂ ਵੋਟਿੰਗ ਨੂੰ ਲੈ ਕੇ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ:
-
10.74 ਲੱਖ ਤੋਂ ਵੱਧ ਵੋਟਾਂ ਚੋਣਾਂ ਵਾਲੇ ਦਿਨ (ਅੱਜ) ਤੋਂ ਪਹਿਲਾਂ ਹੀ ਅਗਾਊਂ ਵੋਟਿੰਗ (26 ਅਕਤੂਬਰ ਤੋਂ ਸ਼ੁਰੂ) ਦੌਰਾਨ ਪਾਈਆਂ ਜਾ ਚੁੱਕੀਆਂ ਹਨ।
-
ਵੋਟਿੰਗ ਦੇ ਪਹਿਲੇ 7 ਦਿਨਾਂ ਦੇ ਅੰਦਰ ਹੀ 9,13,762 ਤੋਂ ਵੱਧ ਨਿਊਜ਼ੀਲੈਂਡ ਵਾਸੀਆਂ ਨੇ ਆਪਣੀ ਵੋਟ ਦੀ ਵਰਤੋਂ ਕਰ ਲਈ ਸੀ, ਜੋ ਕਿ 2023 ਦੀਆਂ ਚੋਣਾਂ ਨਾਲੋਂ ਕਾਫ਼ੀ ਅੱਗੇ ਰਹੀ।
ਅੱਜ ਰਾਤ ਕਦੋਂ ਆਉਣਗੇ ਨਤੀਜੇ? ਸ਼ਾਮ 7 ਵਜੇ ਵੋਟਿੰਗ ਬੰਦ ਹੁੰਦਿਆਂ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਮੁੱਢਲੇ ਨਤੀਜੇ ਜਾਰੀ ਕਰਨ ਦਾ ਸਮਾਂ ਇਸ ਤਰ੍ਹਾਂ ਹੈ:
-
ਸ਼ਾਮ 7:00 ਵਜੇ: ਵੋਟਿੰਗ ਬੰਦ ਹੋਵੇਗੀ।
-
ਸ਼ਾਮ 7:30 ਵਜੇ: ਪਹਿਲੇ ਮੁੱਢਲੇ ਨਤੀਜੇ ਵੈੱਬਸਾਈਟ ’ਤੇ ਆਉਣੇ ਸ਼ੁਰੂ ਹੋ ਜਾਣਗੇ, ਜਿਸ ਵਿੱਚ ਸਭ ਤੋਂ ਪਹਿਲਾਂ ਅਗਾਊਂ ਵੋਟਾਂ ਦੀ ਗਿਣਤੀ ਸ਼ਾਮਲ ਹੋਵੇਗੀ।
-
ਰਾਤ 10:00 ਵਜੇ ਤੱਕ: ਲਗਭਗ 50% ਵੋਟਿੰਗ ਕੇਂਦਰਾਂ ਦੇ ਨਤੀਜੇ ਸਾਹਮਣੇ ਆਉਣ ਦਾ ਟੀਚਾ ਹੈ।
-
ਰਾਤ 11:30 ਵਜੇ ਤੱਕ: ਲਗਭਗ 95% ਵੋਟਿੰਗ ਕੇਂਦਰਾਂ ਦੇ ਨਤੀਜੇ ਆ ਜਾਣਗੇ, ਜਿਸ ਨਾਲ ਅੱਜ ਰਾਤ ਹੀ ਨਵੀਂ ਸਰਕਾਰ ਦੀ ਤਸਵੀਰ ਕਾਫ਼ੀ ਹੱਦ ਤੱਕ ਸਾਫ਼ ਹੋ ਜਾਵੇਗੀ।
ਅੰਤਿਮ ਅਤੇ ਅਧਿਕਾਰਤ ਨਤੀਜੇ:
-
ਅੱਜ ਰਾਤ ਦੇ ਨਤੀਜੇ: ਅੱਜ (7 ਨਵੰਬਰ) ਰਾਤ ਨੂੰ ਐਲਾਨੇ ਜਾਣ ਵਾਲੇ ਨਤੀਜੇ ਮੁੱਢਲੇ (Preliminary) ਹੋਣਗੇ।
-
ਅਧਿਕਾਰਤ ਨਤੀਜੇ (Official Results): ਵਿਦੇਸ਼ੀ ਵੋਟਾਂ ਅਤੇ ਲਗਭਗ 7 ਲੱਖ ਸਪੈਸ਼ਲ ਵੋਟਾਂ (Special Votes) ਦੀ ਗਿਣਤੀ ਤੋਂ ਬਾਅਦ ਅਧਿਕਾਰਤ ਨਤੀਜਿਆਂ ਦਾ ਐਲਾਨ 27 ਨਵੰਬਰ 2026 (ਸ਼ੁੱਕਰਵਾਰ) ਨੂੰ ਕੀਤਾ ਜਾਵੇਗਾ।
-
ਰਿਟਰਨ ਆਫ਼ ਦੀ ਰਿੱਟ: ਚੋਣਾਂ ਦਾ ਰਸਮੀ ਅੰਤ 3 ਦਸੰਬਰ 2026 ਨੂੰ ਹੋਵੇਗਾ।
ਮੈਦਾਨ ’ਚ ਉਤਰੇ 17 ਦੇ ਕਰੀਬ ਭਾਰਤੀ ਉਮੀਦਵਾਰ:
-
ਲੇਬਰ ਪਾਰਟੀ (5 ਉਮੀਦਵਾਰ): ਰਾਕੇਸ਼ ਨਾਇਡੂ (ਲਿਸਟ 13), ਪ੍ਰਿਯੰਕਾ ਰਾਧਾਕ੍ਰਿਸ਼ਨਨ (ਮੌਂਗਾਕੀਕੀ), ਸ. ਖੜਗ ਸਿੰਘ (ਟਾਕਾਨੀਨੀ - ਲਿਸਟ ਨੰਬਰ 60), ਨਰੇਸ਼ ਪਰਿਨਪਾਨਾਇਗਮ (ਲਿਸਟ 57), ਸੁਨੀਤਾ ਗੌਤਮ (ਸੈਲਵਿਨ)।
-
ਨੈਸ਼ਨਲ ਪਾਰਟੀ (6 ਉਮੀਦਵਾਰ): ਮਹੇਸ਼ ਮੁਰਲੀਧਰ (ਤਾਮਾਕੀ), ਅੰਕਿਤ ਬੰਸਲ (ਪਾਮਰਸਟਨ ਨੌਰਥ), ਕਰੁਣਾ ਮੁਥੂ (ਵੈਲਿੰਗਟਨ ਬੇਅਜ਼), ਲਲਿਤ ਆਰੀਆ (ਓਟਾਹੁਹੂ), ਸੁਨੀਲ ਕੁਮਾਰ (ਗਲੇਨਡੇਨ), ਗੌਸ ਮਜੀਦ (ਮੈਨੁਰੇਵਾ)।
-
ਐਕਟ ਪਾਰਟੀ (4 ਉਮੀਦਵਾਰ): ਡਾ. ਪਰਮਜੀਤ ਪਰਮਾਰ (ਪਾਕੂਰੰਗਾ), ਹਿਮਾਂਸ਼ੂ (ਆਸ਼) ਪਰਮਾਰ (ਵਾਈਕਾਟੋ), ਮਲਕੀਅਤ ਸਿੰਘ (ਪਾਪਾਕੁਰਾ), ਮਨੂ ਸਿੰਘ (ਮੈਂਗਰੀ)।
-
ਨਿਊਜ਼ੀਲੈਂਡ ਫਰਸਟ: ਬਰਨਾਡੇਟ ਸੋਆਰੇਸ (ਅੱਪਰ ਹਾਰਬਰ)।
-
ਦਿ ਓਪਰਚੂਨਿਟੀ ਪਾਰਟੀ: ਨੇਤਰਾ ਘਿਮੀਰੇ (ਪਾਮਰਸਟਨ ਨੌਰਥ)।
-
ਆਜ਼ਾਦ (ਕ੍ਰਾਈਸਟਚਰਚ ਈਸਟ): ਵਿਕਰਮਜੀਤ ਸਿੰਘ