ਦੁਬਈ 'ਚ ਦਰਦਨਾਕ ਸੜਕ ਹਾਦਸਾ; ਪੰਜਾਬੀ ਨੌਜਵਾਨ ਦੀ ਮੌਤ- ਦੋ ਮਾਸੂਮਾਂ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ
ਬਜ਼ੁਰਗ ਮਾਪਿਆਂ ਦਾ ਟੁੱਟਿਆ ਆਖ਼ਰੀ ਸਹਾਰਾ
ਰੋਹਿਤ ਗੁਪਤਾ
ਗੁਰਦਾਸਪੁਰ 26 ਜੁਲਾਈ 2026- ਰੋਜ਼ੀ-ਰੋਟੀ ਦੀ ਭਾਲ ਵਿੱਚ ਵਿਦੇਸ਼ ਗਏ ਜਿਲ੍ਹੇ ਦੇ ਪਿੰਡ ਘਣੀਏ ਕੇ ਬਾਂਗਰ ਦੇ 36 ਸਾਲਾ ਨੌਜਵਾਨ ਰਾਜਬੀਰ ਸਿੰਘ ਦੀ ਦੁਬਈ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਨਾਲ ਪੂਰਾ ਇਲਾਕਾ ਸੋਗ ਵਿੱਚ ਡੁੱਬ ਗਿਆ ਹੈ। ਰਾਜਬੀਰ ਸਿੰਘ ਇੱਕ ਸਾਲ ਪਹਿਲਾਂ ਆਪਣੇ ਪਰਿਵਾਰ ਦੇ ਸੁਨਹਿਰੇ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਗਿਆ ਸੀ ਉਸਦੀ ਅਚਾਨਕ ਹੋਈ ਮੌਤ ਨੇ ਪਰਿਵਾਰ ਨੂੰ ਗਹਿਰੇ ਸਦਮੇ ’ਚ ਪਹੁੰਚਾ ਦਿੱਤਾ ਹੈ । ਪਰਿਵਾਰ ਕੋਲ ਉਸ ਦੀ ਮ੍ਰਿਤਕ ਦੇਹ ਨੂੰ ਵਤਨ ਲਿਆਉਣ ਲਈ ਵੀ ਸਾਧਨ ਨਹੀਂ ਹਨ।
ਰਾਜਬੀਰ ਸਿੰਘ ਆਪਣੇ ਘਰ ਦਾ ਇਕੱਲਾ ਕਮਾਉਣ ਵਾਲਾ ਮੈਂਬਰ ਸੀ। ਉਸ ਦੀ ਕਮਾਈ ਨਾਲ ਹੀ ਉਸਦਾ ਘਰ ਚੱਲਦਾ ਸੀ। ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਉਸ ਵੇਲੇ ਹੰਝੂਆਂ ਨਾਲ ਭਰ ਗਈਆਂ ਜਦੋਂ ਉਨ੍ਹਾਂ ਨੇ ਦੱਸਿਆ ਕਿ ਹਾਦਸੇ ਵਾਲੇ ਦਿਨ ਸਵੇਰੇ ਹੀ ਰਾਜਬੀਰ ਨੇ ਵੀਡੀਓ ਕਾਲ ਕਰਕੇ ਸਭ ਦਾ ਹਾਲ-ਚਾਲ ਪੁੱਛਿਆ ਸੀ। ਕਿਸੇ ਨੂੰ ਕੀ ਪਤਾ ਸੀ ਕਿ ਇਹ ਉਸ ਦੀ ਆਖ਼ਰੀ ਗੱਲਬਾਤ ਹੋਵੇਗੀ। ਕੁਝ ਹੀ ਸਮੇਂ ਬਾਅਦ ਆਈ ਹਾਦਸੇ ਦੀ ਖ਼ਬਰ ਨੇ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਉਜਾੜ ਕੇ ਰੱਖ ਦਿੱਤੀਆਂ।
ਅੱਜ ਇੱਕ ਸੁਹਾਗਣ ਦੇ ਸਿਰ ਤੋਂ ਉਸ ਦੇ ਜੀਵਨ ਸਾਥੀ ਦਾ ਸਾਇਆ ਉੱਠ ਗਿਆ ਹੈ, ਦੋ ਨਿੱਕੇ ਬੱਚੇ ਪਿਤਾ ਦੇ ਪਿਆਰ ਤੋਂ ਸਦਾ ਲਈ ਵਾਂਝੇ ਹੋ ਗਏ ਹਨ ਅਤੇ ਬਜ਼ੁਰਗ ਮਾਪਿਆਂ ਦਾ ਬੁਢਾਪੇ ਦਾ ਇਕੱਲਾ ਸਹਾਰਾ ਵੀ ਹਮੇਸ਼ਾ ਲਈ ਖੋਹ ਗਿਆ ਹੈ। ਘਰ ਵਿੱਚ ਹਰ ਪਾਸੇ ਚੀਕਾਂ, ਸਿਸਕੀਆਂ ਅਤੇ ਮਾਤਮ ਦਾ ਮਾਹੌਲ ਹੈ। ਪਿੰਡ ਵਾਸੀ ਵੀ ਇਸ ਦੁਖਦਾਈ ਘਟਨਾ ਤੋਂ ਗਹਿਰੇ ਸਦਮੇ ਵਿੱਚ ਹਨ।
ਪਰਿਵਾਰ ਦੀ ਆਰਥਿਕ ਹਾਲਤ ਪਹਿਲਾਂ ਹੀ ਕਾਫ਼ੀ ਕਮਜ਼ੋਰ ਦੱਸੀ ਜਾ ਰਹੀ ਹੈ। ਬੜੀ ਮੁਸ਼ਕਲ ਨਾਲ ਕਰਜ਼ਾ ਚੁੱਕ ਕੇ ਰਾਜਬੀਰ ਨੂੰ ਰੋਜ਼ਗਾਰ ਲਈ ਵਿਦੇਸ਼ ਭੇਜਿਆ ਗਿਆ ਸੀ, ਤਾਂ ਜੋ ਘਰ ਦੀ ਹਾਲਤ ਸੁਧਰ ਸਕੇ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਹੁਣ ਹਾਲਾਤ ਇਹ ਹਨ ਕਿ ਪਰਿਵਾਰ ਕੋਲ ਦੁਬਈ ਤੋਂ ਰਾਜਬੀਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਵੀ ਲੋੜੀਂਦੇ ਵਸੀਲੇ ਨਹੀਂ ਹਨ।
ਇਸ ਸੰਬੰਧਂ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਰਾਜਬੀਰ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਅਤੇ ਉਸਦੀ ਪਤਨੀ ਨਵਨੀਤ ਕੌਰ ਨੇ ਦੱਸਿਆ ਕਿ ਰਾਜਬੀਰ ਸਿੰਘ ਇਕ ਸਾਲ ਪਹਿਲਾਂ ਹੀ ਵਿਦੇਸ਼ ਦੁਬਈ ਗਿਆ ਸੀ। ਉਨ੍ਹਾਂ ਕਿਹਾ ਕਿ ਰਾਜਬੀਰ ਸਿੰਘ ਦੁਬਈ ’ਚ ਟਰਾਲਾ ਚਲਾਉਂਦਾ ਸੀ ਅਤੇ ਬੀਤੇ ਦਿਨ ਦੁਬਈ ’ਚ ਹੋਏ ਸੜਕ ਹਾਦਸੇ ’ਚ ਉਨ੍ਹਾਂ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਕੋਲ ਭਾਵੁਕ ਅਪੀਲ ਕੀਤੀ ਹੈ ਕਿ ਰਾਜਬੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਦੁਬਈ ਤੋਂ ਭਾਰਤ ਲਿਆਉਣ ਲਈ ਹਰ ਸੰਭਵ ਸਰਕਾਰੀ ਮਦਦ ਕੀਤੀ ਜਾਵੇ, ਤਾਂ ਜੋ ਉਸ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਵਿੱਚ ਕੀਤਾ ਜਾ ਸਕੇ। ਨਾਲ ਹੀ ਪਰਿਵਾਰ ਨੇ ਮੰਗ ਕੀਤੀ ਹੈ ਕਿ ਵਿਧਵਾ ਪਤਨੀ, ਦੋ ਮਾਸੂਮ ਬੱਚਿਆਂ ਅਤੇ ਬਜ਼ੁਰਗ ਮਾਪਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵੱਲੋਂ ਆਰਥਿਕ ਸਹਾਇਤਾ ਵੀ ਦਿੱਤੀ ਜਾਵੇ।
ਇਸ ਦੁਖਦਾਈ ਘਟਨਾ ਨੇ ਇੱਕ ਵਾਰ ਫਿਰ ਉਹਨਾਂ ਹਜ਼ਾਰਾਂ ਪੰਜਾਬੀ ਪਰਿਵਾਰਾਂ ਦਾ ਦਰਦ ਸਾਹਮਣੇ ਲਿਆ ਦਿੱਤਾ ਹੈ, ਜੋ ਆਪਣੇ ਬੱਚਿਆਂ ਨੂੰ ਚੰਗੇ ਭਵਿੱਖ ਦੀ ਉਮੀਦ ਵਿੱਚ ਵਿਦੇਸ਼ ਭੇਜਦੇ ਹਨ। ਹੁਣ ਪੂਰੇ ਇਲਾਕੇ ਦੀਆਂ ਨਜ਼ਰਾਂ ਸਰਕਾਰ ਵੱਲ ਟਿਕੀਆਂ ਹੋਈਆਂ ਹਨ ਕਿ ਉਹ ਇਸ ਦੁਖੀ ਪਰਿਵਾਰ ਦੀ ਫ਼ਰਿਆਦ ਸੁਣੇ ਅਤੇ ਸਮੇਂ ਸਿਰ ਮਦਦ ਦਾ ਹੱਥ ਵਧਾ ਕੇ ਮਨੁੱਖਤਾ ਦਾ ਫ਼ਰਜ਼ ਨਿਭਾਏ।