Toronto Police Officer Marc Pinizzotto with family (Photo-TPS)
Canada Breaking: ਟੋਰਾਂਟੋ 'ਚ ਵੱਡੀ ਵਾਰਦਾਤ, ਰੇਡ ਦੌਰਾਨ ਪੁਲਿਸ ਅਫ਼ਸਰ ਦਾ ਗੋਲੀਆਂ ਮਾਰ ਕੇ ਕਤਲ
Babushahi Network
ਟੋਰਾਂਟੋ, 13 ਜੂਨ 2026- ਕੈਨੇਡਾ (Canada) ਦੇ ਟੋਰਾਂਟੋ ਸ਼ਹਿਰ ਤੋਂ ਇੱਕ ਬੇਹੱਦ ਮੰਦਭਾਗੀ ਸਾਹਮਣੇ ਆਈ ਹੈ। ਵੀਰਵਾਰ ਸਵੇਰੇ ਨਾਰਥ ਯਾਰਕ (North York) ਇਲਾਕੇ ਵਿੱਚ ਇੱਕ ਹਾਈ-ਰਿਸਕ ਸਰਚ ਵਾਰੰਟ ਲੈ ਕੇ ਗਈ ਪੁਲਿਸ ਪਾਰਟੀ 'ਤੇ ਅਪਾਰਟਮੈਂਟ ਦੇ ਅੰਦਰ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ ਗਈ। ਇਸ ਗੋਲੀਬਾਰੀ ਵਿੱਚ ਟੋਰਾਂਟੋ ਪੁਲਿਸ ਦੇ ਇੱਕ ਸੀਨੀਅਰ ਅਫ਼ਸਰ ਦੀ ਮੌਤ ਹੋ ਗਈ। ਇਹ ਪੂਰੀ ਕਾਰਵਾਈ ਮਾਰਚ 2026 ਵਿੱਚ ਡਾਊਨਟਾਊਨ ਟੋਰਾਂਟੋ ਸਥਿਤ ਅਮਰੀਕੀ ਕੌਂਸਲਖਾਨੇ (U.S. Consulate) 'ਤੇ ਹੋਏ ਹਮਲੇ ਸਮੇਤ ਕਈ ਹੋਰ ਗੋਲੀਬਾਰੀ ਦੀਆਂ ਘਟਨਾਵਾਂ ਦੀ ਚੱਲ ਰਹੀ ਇੱਕ ਵੱਡੀ ਜਾਂਚ ਨਾਲ ਜੁੜੀ ਹੋਈ ਸੀ।
ਟੋਰਾਂਟੋ ਪੁਲਿਸ ਨੇ ਸ਼ਹੀਦ ਹੋਏ ਅਫ਼ਸਰ ਦੀ ਪਛਾਣ ਮਾਰਕ ਪਿਨੀਜ਼ੋਟੋ (Const. Marc Pinizzotto, 43 ਸਾਲ) ਵਜੋਂ ਕੀਤੀ ਹੈ, ਜੋ ਪਿਛਲੇ 18 ਸਾਲਾਂ ਤੋਂ ਪੁਲਿਸ ਸੇਵਾ ਵਿੱਚ ਸਨ ਅਤੇ 'ਐਮਰਜੈਂਸੀ ਟਾਸਕ ਫੋਰਸ' (ETF) ਦਾ ਹਿੱਸਾ ਸਨ। ਪੁਲਿਸ ਮੁਤਾਬਕ, ਵੀਰਵਾਰ ਸਵੇਰੇ ਕਰੀਬ 5:42 ਵਜੇ ਜਦੋਂ ਪੁਲਿਸ ਟੀਮ ਬਲੈਕ ਕਰੀਕ ਡਰਾਈਵ ਨੇੜੇ ਮਾਰਥਾ ਈਟਨ ਵੇਅ ਸਥਿਤ ਇੱਕ ਰਿਹਾਇਸ਼ੀ ਕੰਪਲੈਕਸ ਦੇ ਅਪਾਰਟਮੈਂਟ ਵਿੱਚ ਵਾਰੰਟ ਤਹਿਤ ਕਾਰਵਾਈ ਕਰਨ ਪਹੁੰਚੀ, ਤਾਂ ਚੌਥੀ ਮੰਜ਼ਿਲ ਦੇ ਇੱਕ ਫਲੈਟ ਦੇ ਅੰਦਰੋਂ ਅਚਾਨਕ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਇਸ ਗੋਲੀਬਾਰੀ ਵਿੱਚ ਮਾਰਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸਨੂੰ ਤੁਰੰਤ ਐਮਰਜੈਂਸੀ ਐਸਕੋਰਟ ਦੇ ਹੇਠ ਸਨੀਬਰੁੱਕ ਹਸਪਤਾਲ (Sunnybrook Hospital) ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਮਾਮਲੇ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ (SIU) ਦੇ ਬੁਲਾਰੇ ਮੋਨਿਕਾ ਹੂਡਨ ਨੇ ਦੱਸਿਆ ਕਿ ਰੇਡ ਦੌਰਾਨ ਅਪਾਰਟਮੈਂਟ ਦੇ ਅੰਦਰ ਚਾਰ ਲੋਕ ਮੌਜੂਦ ਸਨ। ਇੱਕ ਸ਼ੱਕੀ ਨੇ ਮਾਰਕ 'ਤੇ ਇੱਕ ਫਾਇਰ ਕੀਤਾ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਏ। ਇਸ ਤੋਂ ਤੁਰੰਤ ਬਾਅਦ ਦੂਜੇ ਪੁਲਿਸ ਅਫ਼ਸਰ ਨੇ ਜਵਾਬੀ ਕਾਰਵਾਈ ਕਰਦਿਆਂ ਸ਼ੱਕੀ 'ਤੇ ਕਈ ਗੋਲੀਆਂ ਚਲਾਈਆਂ। ਮੁਲਜ਼ਮ ਇਸ ਵੇਲੇ ਹਸਪਤਾਲ ਦੇ ਆਈਸੀਯੂ (ICU) ਵਿੱਚ ਗੰਭੀਰ ਹਾਲਤ ਵਿੱਚ ਜ਼ੇਰੇ ਇਲਾਜ ਹੈ।
ਟੋਰਾਂਟੋ ਪੁਲਿਸ ਚੀਫ਼ ਮਾਈਰਨ ਡੈਮਕਿਵ (Myron Demkiw) ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ "ਇਸ ਵੱਡੇ ਘਾਟੇ ਨੇ ਪੂਰੇ ਟੋਰਾਂਟੋ ਪੁਲਿਸ ਪਰਿਵਾਰ ਅਤੇ ਦੇਸ਼ ਦੀ ਪੁਲਿਸ ਕਮਿਊਨਿਟੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕੋਈ ਵੀ ਸ਼ਬਦ ਮਾਰਕ ਦੇ ਪਰਿਵਾਰ ਦੇ ਦੁੱਖ ਨੂੰ ਬਿਆਨ ਨਹੀਂ ਕਰ ਸਕਦਾ, ਜੋ ਅੱਜ ਉਸ ਦੇ ਘਰ ਪਰਤਣ ਦਾ ਇੰਤਜ਼ਾਰ ਕਰ ਰਿਹਾ ਸੀ। ਅਸੀਂ ਹਰ ਕਦਮ 'ਤੇ ਸ਼ਹੀਦ ਦੇ ਪਰਿਵਾਰ ਦੇ ਨਾਲ ਖੜ੍ਹੇ ਹਾਂ।" ਦੁਪਹਿਰ 1 ਵਜੇ ਸ਼ਹੀਦ ਅਫ਼ਸਰ ਦੀ ਮ੍ਰਿਤਕ ਦੇਹ ਨੂੰ ਹਸਪਤਾਲ ਤੋਂ ਕੋਰੋਨਰ ਆਫ਼ਿਸ ਲਿਜਾਣ ਸਮੇਂ ਪੂਰੇ ਸਨਮਾਨਾਂ ਨਾਲ ਇੱਕ ਵਿਸ਼ਾਲ ਕਾਫ਼ਲਾ ਕੱਢਿਆ ਗਿਆ।
ਪੁਲਿਸ ਚੀਫ਼ ਡੈਮਕਿਵ ਨੇ ਕਿਹਾ ਕਿ, ਇਹ ਰੇਡ ਗ੍ਰੇਟਰ ਟੋਰਾਂਟੋ ਏਰੀਆ (GTA) ਵਿੱਚ ਹੋਈਆਂ ਕਈ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਦਾ ਹਿੱਸਾ ਸੀ, ਜਿਸ ਵਿੱਚ ਯੂਨੀਵਰਸਿਟੀ ਐਵੇਨਿਊ ਸਥਿਤ ਅਮਰੀਕੀ ਕੌਂਸਲਖਾਨੇ 'ਤੇ ਹੋਈ ਫਾਇਰਿੰਗ ਵੀ ਸ਼ਾਮਲ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ 19 ਸਾਲਾ ਨੌਜਵਾਨ ਜ਼ਾਰਾ ਜਾਬੀ (Zara Jabbi) ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਚੀਫ਼ ਨੇ ਜ਼ਾਰਾ ਜਾਬੀ ਨੂੰ ਸਖ਼ਤ ਲਹਿਜ਼ੇ ਵਿੱਚ ਆਤਮਸਮਰਪਣ ਕਰਨ ਦੀ ਅਪੀਲ ਕੀਤੀ ਹੈ।