ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਦੀ ਲਿਖੀ ਪੁਸਤਕ ‘ਜੀਵਨ ਵਿਚ ਖੇੜਾ ਕਿਵੇਂ ਆਵੇ?’
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 18 ਸਤੰਬਰ 2025- ਕਿਸੇ ਵਿਦਵਾਨ ਨੇ ਖੂਬ ਕਿਹਾ ਹੈ ਕਿ ‘ਕਿਤਾਬ ਉਹ ਸੌਗਾਤ ਹੁੰਦੀ ਹੈ ਜਿਸ ਨੂੰ ਵਾਰ-ਵਾਰ ਖੋਲ੍ਹਿਆ’ ਜਾ ਸਕਦਾ ਹੈ। ਅਜਿਹੀਆਂ ਕਿਤਾਬਾਂ ਦਾ ਸਾਥ ਜੇਕਰ ਕਿਸੇ ਸਾਹਿਤਕ ਪ੍ਰੇਮੀ ਨੂੰ ਮਿਲ ਜਾਏ ਤਾਂ ਜੀਵਨ ਸੰਵਰ ਅਤੇ ਖੁਸ਼ੀਆਂ ਪ੍ਰਾਪਤ ਹੋਣ ਤੱਕ ਹੋ ਜਾਂਦਾ ਹੈ। ਇਕ ਅਜਿਹੇ ਹੀ ਸਿਰਲੇਖ ਵਾਲੀ ਪੁਸਤਕ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਹੋਰਾਂ ਨੇ ਲਿਖੀ ਹੈ ਜਿਸ ਦਾ ਨਾਂਅ ਹੈ ‘ਜੀਵਨ ਵਿੱਚ ਖੇੜਾ ਕਿਵੇਂ ਆਵੇ?’
ਭਾਈ ਹਰਜਿੰਦਰ ਸਿੰਘ ਮਾਝੀ ਮੁੱਖ ਸੇਵਾਦਾਰ ਦਰਬਾਰ ਏ ਖਾਲਸਾ ਵੱਲੋਂ ਲਿਖੀ ਇਹ ਪਲੇਠੀ ਪੁਸਤਕ “ਜੀਵਨ ਵਿੱਚ ਖੇੜਾ ਕਿਵੇਂ ਆਵੇ” ਨਿਊਜ਼ੀਲੈਂਡ ਵਿਖੇ ਪਾਠਕਾਂ ਦੇ ਸਪੁਰਦ ਕੀਤੀ ਗਈ। ਇਸ ਮੌਕੇ ਭਾਈ ਮਾਝੀ ਨੇ ਕਿਹਾ ‘‘ਗੁਰਮੁਖੀ ਅੱਖਰਾਂ ਵਿੱਚ ਲਿਖੀ ਇਸ ਪੁਸਤਕ ਨੂੰ ਦੇਸ਼ ਵਿਦੇਸ਼ ਵਿੱਚ ਵੱਸਦੇ ਸਮੁੱਚੇ ਪੰਜਾਬੀ ਭਾਈਚਾਰੇ ਲਈ ਕਾਫੀ ਲਾਹੇਬੰਦ ਹੋਵੇਗੀ ਕਿਉਂਕਿ ਕਿਤਾਬ ਵਿੱਚ ਦੱਸੇ ਨੁਕਤਿਆਂ ਨੂੰ ਅਪਣਾਅ ਕੇ ਬਹੁਤ ਸਾਰੇ ਭੈਣ - ਭਰਾ ਮਾਨਸਿਕ ਸਮੱਸਿਆਵਾਂ ਤੋ ਛੁਟਕਾਰਾ ਪਾ ਚੁੱਕੇ ਹਨ ।’’ ਇਸ ਮੌਕੇ ਸ੍ਰ. ਗੁਰਦੀਪ ਸਿੰਘ ਬਸਰਾ ਨੇ ਕਿਹਾ ਕਿ ਜਿੱਥੇ ਭਾਈ ਮਾਝੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਗੁਰਮਤਿ ਪ੍ਰਚਾਰ ਰਾਹੀਂ ਦੁਨੀਆ ਭਰ ਵਿੱਚ ਵਸਦੀ ਸੰਗਤ ਨੂੰ ਸ਼ਬਦ ਗੁਰੂ ਨਾਲ ਜੋੜਿਆ ਜਾ ਰਿਹਾ ਹੈ , ਉੱਥੇ ਇਸ ਕਿਤਾਬ ਰਾਹੀਂ ਲੋਕਾਂ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਕਰਨ ਦਾ ਕੀਤਾ ਗਿਆ ਉਪਰਾਲਾ ਵੀ ਬੇਹੱਦ ਸ਼ਲਾਘਾਯੋਗ ਹੈ । ਉਨ੍ਹਾਂ ਨਿਊਜੀਲੈਡ ਵੱਸਦੇ ਪੰਜਾਬੀ ਭਾਈਚਾਰੇ ਵੱਲੋਂ ਭਾਈ ਮਾਝੀ ਨੂੰ ਹਰ ਤਰਾਂ ਦੇ ਸਹਿਯੋਗ ਲਈ ਵਿਸ਼ਵਾਸ ਦਵਾਇਆ । ਸ. ਗੁਰਜੋਤ ਸਿੰਘ ਨੇ ਦੱਸਿਆ ਕਿ ਭਾਈ ਮਾਝੀ ਵੱਲੋਂ ਲਿਖੀ “ਜੀਵਨ ਵਿੱਚ ਖੇੜਾ ਕਿਵੇਂ ਆਵੇ’’ ਪੁਸਤਕ ਨੂੰ ਪੜ੍ਹ ਕੇ ਮਹਿਸੂਸ ਹੋਇਆ ਹੈ ਇਹ ਕਿਤਾਬ ਹਰ ਘਰ ਤੱਕ ਪਹੁੰਚਣੀ ਚਾਹੀਦੀ ਹੈ ਤਾਂ ਜੋ ਸਰਲ ਸ਼ਬਦਾਂ ਵਿੱਚ ਲਿਖੇ ਡੂੰਘੇ ਮਾਨਸਿਕ ਨੁਕਤਿਆਂ ਤੋਂ ਸਾਡਾ ਭਾਈਚਾਰਾ ਲਾਭ ਉਠਾ ਸਕੇ ਅਤੇ ਨਕਾਰਾਤਮਕ ਸੋਚ ਨੂੰ ਸਕਾਰਾਤਮਕ ਵਿੱਚ ਤਬਦੀਲ ਕਰਕੇ ਸਦਾ ਲਈ ਚੜ੍ਹਦੀ ਕਲਾ ਵਿੱਚ ਰਹਿ ਸਕੇ । ਇਸ ਮੌਕੇ ਵੱਡੀ ਗਿਣਤੀ ਚ ਹਾਜ਼ਰ ਸੰਗਤ ਨੇ ਇਹ ਪੁਸਤਕ ਪ੍ਰਾਪਤ ਕਰਕੇ ਖੁਸ਼ੀ ਮਹਿਸੂਸ ਕੀਤੀ ।