File Photo
ਪੰਜਾਬ ਚੋਣਾਂ ਲਈ ਕਾਂਗਰਸ ਦੀ ਵੱਡੀ ਰਣਨੀਤੀ! ਸਚਿਨ ਪਾਇਲਟ ਬੋਲੇ- ਸਾਫ਼ ਅਕਸ ਵਾਲੇ ਨੌਜਵਾਨਾਂ ਨੂੰ ਮਿਲੇਗਾ ਮੌਕਾ, 117 ਸੀਟਾਂ 'ਤੇ ਮੰਗੇ ਸੁਝਾਅ
ਅਕਾਲੀ-ਭਾਜਪਾ ਗੱਠਜੋੜ 'ਤੇ ਸਚਿਨ ਪਾਇਲਟ ਦਾ ਤਿੱਖਾ ਨਿਸ਼ਾਨਾ, ਕਿਹਾ- 'ਆਪ' ਦਾ ਸੱਤਾ ਤੋਂ ਜਾਣਾ ਤੈਅ, ਕਾਂਗਰਸ ਮਜ਼ਬੂਤੀ ਨਾਲ ਲੜੇਗੀ ਚੋਣ
ਈ.ਡੀ. ਤੇ ਸੀ.ਬੀ.ਆਈ. ਤੋਂ ਡਰਨ ਵਾਲੇ ਪਾਰਟੀ ਛੱਡ ਸਕਦੇ ਹਨ, ਭਾਜਪਾ 'ਚ ਜਾਣ ਵਾਲਿਆਂ ਨਾਲ ਹੁਣ ਮਨ ਨਹੀਂ ਮਿਲ ਸਕਦਾ: ਪਰਗਟ ਸਿੰਘ
ਕਰਤਾਰਪੁਰ ਸਾਹਿਬ ਲਾਂਘਾ ਤੇ ਸਰਹੱਦੀ ਵਪਾਰ ਮੁੜ ਖੋਲ੍ਹਣ ਦੀ ਮੰਗ, ਪਰਗਟ ਸਿੰਘ ਨੇ ਕੇਂਦਰ ਸਰਕਾਰ ਦੀ ਨੀਤੀ 'ਤੇ ਚੁੱਕੇ ਸਵਾਲ
Ravi Jakhu
ਚੰਡੀਗੜ੍ਹ, 24 ਨਵੰਬਰ 2026: ਪੰਜਾਬ ਦੀ ਸਿਆਸਤ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਚਲ ਤੇਜ਼ ਹੋ ਗਈ ਹੈ। ਅੱਜ ਚੰਡੀਗੜ੍ਹ ਵਿਖੇ ਹੋਈ ਪੰਜਾਬ ਕਾਂਗਰਸ ਦੀ ਅਹਿਮ ਬੈਠਕ ਤੋਂ ਬਾਅਦ ਪਾਰਟੀ ਆਗੂਆਂ ਸਚਿਨ ਪਾਇਲਟ ਅਤੇ ਪਰਗਟ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੂਬੇ ਦੇ ਮੌਜੂਦਾ ਸਿਆਸੀ ਹਾਲਾਤ, ਉਮੀਦਵਾਰਾਂ ਦੀ ਚੋਣ ਪ੍ਰਕਿਰਿਆ, ਵਿਰੋਧੀ ਪਾਰਟੀਆਂ ਦੇ ਗੱਠਜੋੜ ਅਤੇ ਪੰਜਾਬ ਦੇ ਅਹਿਮ ਮੁੱਦਿਆਂ 'ਤੇ ਪਾਰਟੀ ਦਾ ਪੱਖ ਸਪੱਸ਼ਟ ਕੀਤਾ।
ਕਾਂਗਰਸ ਆਗੂ ਸਚਿਨ ਪਾਇਲਟ ਨੇ ਬੈਠਕ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਮੀਟਿੰਗ ਬਹੁਤ ਹੀ ਸਾਜ਼ਗਾਰ ਮਾਹੌਲ ਵਿੱਚ ਹੋਈ ਹੈ, ਜਿਸ ਵਿੱਚ 40 ਤੋਂ ਵੱਧ ਮੈਂਬਰਾਂ ਨੇ ਆਪਣੇ ਵਿਚਾਰ ਅਤੇ ਸੁਝਾਅ ਪੇਸ਼ ਕੀਤੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਆਗੂ ਹੁਣ ਜ਼ਿਲ੍ਹਾ ਪੱਧਰ 'ਤੇ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਨਗੇ। ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਪਾਇਲਟ ਨੇ ਦੱਸਿਆ ਕਿ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ ਸੁਝਾਅ ਮੰਗੇ ਗਏ ਹਨ। ਸੂਬਾ ਚੋਣ ਕਮੇਟੀ (PEC) ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਉਮੀਦਵਾਰਾਂ ਦੀ ਸੂਚੀ ਸਕਰੀਨਿੰਗ ਕਮੇਟੀ ਕੋਲ ਜਾਵੇਗੀ, ਜੋ ਅੱਗੇ ਆਲ ਇੰਡੀਆ ਕਾਂਗਰਸ ਕਮੇਟੀ (AICC) ਨੂੰ ਆਪਣੇ ਸੁਝਾਅ ਭੇਜੇਗੀ।
ਉਨ੍ਹਾਂ ਸਪੱਸ਼ਟ ਕੀਤਾ ਕਿ ਕੌਣ ਕਿੱਥੋਂ ਚੋਣ ਲੜੇਗਾ, ਇਸ ਦਾ ਅੰਤਿਮ ਫੈਸਲਾ ਪਾਰਟੀ ਹਾਈਕਮਾਨ ਅਤੇ ਕੇਂਦਰੀ ਚੋਣ ਕਮੇਟੀ (CEC) ਵੱਲੋਂ ਲਿਆ ਜਾਵੇਗਾ। ਪਾਇਲਟ ਨੇ ਭਰੋਸਾ ਦਿੱਤਾ ਕਿ ਪਾਰਟੀ ਵੱਲੋਂ ਸਾਫ਼-ਸੁਥਰੇ ਅਕਸ ਵਾਲੇ ਮਜ਼ਬੂਤ ਉਮੀਦਵਾਰਾਂ ਦੇ ਨਾਲ-ਨਾਲ ਨੌਜਵਾਨਾਂ ਨੂੰ ਵੱਧ ਤੋਂ ਵੱਧ ਮੌਕਾ ਦਿੱਤਾ ਜਾਵੇਗਾ ਅਤੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਲਦ ਹੀ ਜਾਰੀ ਕਰ ਦਿੱਤੀ ਜਾਵੇਗੀ। ਆਮ ਆਦਮੀ ਪਾਰਟੀ 'ਤੇ ਤੰਜ਼ ਕੱਸਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ AAP ਵਾਂਗ ਨਹੀਂ ਹੈ, ਜਿੱਥੇ ਆਗੂਆਂ ਨੂੰ ਪਾਰਟੀ ਛੱਡਣ ਤੋਂ ਰੋਕਣ ਲਈ ਸਮੇਂ ਤੋਂ ਪਹਿਲਾਂ ਸੂਚੀਆਂ ਜਾਰੀ ਕਰਨੀਆਂ ਪੈਣ।
ਸੂਬੇ ਵਿੱਚ ਸੰਭਾਵੀ ਸਿਆਸੀ ਗੱਠਜੋੜਾਂ 'ਤੇ ਬੋਲਦਿਆਂ ਸਚਿਨ ਪਾਇਲਟ ਨੇ ਅਕਾਲੀ ਦਲ ਅਤੇ ਭਾਜਪਾ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਸਮਝੌਤੇ ਵਾਲਾ (ਕੰਪਰੋਮਾਈਜ਼) ਗੱਠਜੋੜ ਹੈ, ਕਿਉਂਕਿ ਦੋਵਾਂ ਧਿਰਾਂ ਕੋਲ ਸਿਆਸੀ ਜ਼ਮੀਨ ਨਹੀਂ ਬਚੀ ਸੀ। ਪਾਇਲਟ ਨੇ ਸਵਾਲ ਚੁੱਕਿਆ ਕਿ ਦੋਵਾਂ ਪਾਰਟੀਆਂ ਨੇ ਇਹ ਨਹੀਂ ਦੱਸਿਆ ਕਿ ਉਹ ਕਿਹੜੇ ਕਾਰਨਾਂ ਕਰਕੇ ਵੱਖ ਹੋਈਆਂ ਸਨ।
ਉਨ੍ਹਾਂ ਪੁੱਛਿਆ ਕਿ ਕੀ ਕਾਲੇ ਖੇਤੀ ਕਾਨੂੰਨਾਂ ਲਈ ਮੁਆਫ਼ੀ ਮੰਗੀ ਗਈ ਹੈ ਅਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਸੈਂਕੜੇ ਕਿਸਾਨਾਂ ਦੀ ਮੌਤ ਬਾਰੇ ਅਕਾਲੀ ਦਲ ਦਾ ਕੀ ਕਹਿਣਾ ਹੈ? ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚੋਂ ਆਮ ਆਦਮੀ ਪਾਰਟੀ ਦਾ ਸੱਤਾ ਤੋਂ ਜਾਣਾ ਤੈਅ ਹੈ ਅਤੇ ਕਾਂਗਰਸ ਪੂਰੀ ਮਜ਼ਬੂਤੀ ਨਾਲ ਚੋਣ ਲੜ ਕੇ ਮੁੜ ਸੱਤਾ ਵਿੱਚ ਵਾਪਸੀ ਕਰੇਗੀ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਪਰਗਟ ਸਿੰਘ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਪਾਰਟੀ ਛੱਡ ਕੇ ਜਾਣ ਵਾਲੇ ਆਗੂਆਂ 'ਤੇ ਤਿੱਖਾ ਪ੍ਰਤੀਕਰਮ ਦਿੱਤਾ।
ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਅਤੇ ਸਰਹੱਦੀ ਵਪਾਰ ਨੂੰ ਮੁੜ ਖੋਲ੍ਹਣ ਬਾਰੇ ਜਲਦ ਫੈਸਲਾ ਲਿਆ ਜਾਣਾ ਚਾਹੀਦਾ ਹੈ। ਪਰਗਟ ਸਿੰਘ ਨੇ ਸਵਾਲ ਕੀਤਾ ਕਿ ਜੇਕਰ ਗੁਜਰਾਤ ਰਾਹੀਂ ਵਪਾਰ ਚੱਲ ਸਕਦਾ ਹੈ, ਤਾਂ ਪੰਜਾਬੀਆਂ ਨੂੰ ਵਪਾਰ ਕਰਨ ਤੋਂ ਕਿਉਂ ਰੋਕਿਆ ਜਾ ਰਿਹਾ ਹੈ? ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਬਾਰੇ ਬੋਲਦਿਆਂ ਉਨ੍ਹਾਂ ਦੋ-ਟੁੱਕ ਕਿਹਾ ਕਿ ਜਿਹੜੇ ਆਗੂ ਈ.ਡੀ. (ED) ਅਤੇ ਸੀ.ਬੀ.ਆਈ. (CBI) ਦੇ ਡਰ ਕਾਰਨ ਭਾਰ ਨਹੀਂ ਝੱਲ ਸਕਦੇ, ਉਹ ਪਾਰਟੀ ਛੱਡ ਕੇ ਜਾ ਸਕਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਹੜੇ ਆਗੂ ਪਾਰਟੀ ਨੂੰ ਪਿੱਠ ਦਿਖਾ ਕੇ ਭਾਜਪਾ ਵਿੱਚ ਚਲੇ ਗਏ ਹਨ, ਉਨ੍ਹਾਂ ਨਾਲ ਹੁਣ ਮੁੜ ਮਨ ਨਹੀਂ ਮਿਲ ਸਕਦਾ।
- Download Babushahi App
-
-