ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਨਿੱਕਾ ਸਿੰਘ ਜੇਠੂਕੇ ਨੇ ਅਸਤੀਫਾ ਦੇਣ ਦੀ ਗੱਲ ਨਕਾਰੀ
ਅਸ਼ੋਕ ਵਰਮਾ
ਬਠਿੰਡਾ, 24 ਨਵੰਬਰ 2026- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਜ਼ਿਲ੍ਹ ਬਠਿੰਡਾ ਦੇ ਪਿੰਡ ਜੇਠੂਕੇ ਇਕਾਈ ਦੀ ਮੀਟਿੰਗ ਅੱਜ ਪਿੰਡ ਪ੍ਰਧਾਨ ਨਿੱਕਾ ਸਿੰਘ ਜੇਠੂਕੇ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸ਼ਿੰਗਾਰਾ ਸਿੰਘ ਮਾਨ ਔਰਤ ਆਗੂ ਹਰਿੰਦਰ ਬਿੰਦੂ ਹਾਜ਼ਰ ਹੋਏ। ਇਸ ਮੌਕੇ ਪਿੰਡ ਪ੍ਰਧਾਨ ਕਿਸਾਨ ਆਗੂ ਨਿੱਕਾ ਸਿੰਘ ਜੇਠੂਕੇ ਨੇ ਕਿਹਾ ਕਿ ਉਨਾਂ ਵੱਲੋਂ ਅਸਤੀਫਾ ਦੇਣ ਸਬੰਧੀ ਲੱਗੀ ਖਬਰ ਵਿੱਚ ਕੋਈ ਸੱਚਾਈ ਨਹੀਂ ਅਤੇ ਨਾ ਹੀ ਮੇਰੀ ਸਹਿਮਤੀ ਹੈ। ਉਹਨਾਂ ਕਿਹਾ ਕਿ ਉਹ ਇਸ ਖਬਰ ਦਾ ਖੰਡਨ ਕਰਦੇ ਹੋਏ ਸਪਸ਼ਟ ਕਰਦੇ ਹਨ ਕਿ ਉਨ੍ਹਾਂ ਦਾ ਨਾ ਕੋਈ ਪਿੰਡ ਵੱਲੋਂ ਅਸਤੀਫਾ ਹੈ ਅਤੇ ਨਾਹੀ ਪਿੰਡ ਇਕਾਈ ਨੇ ਕੋਈ ਅਜਿਹਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਇਸ ਇਕੱਠ ਵਿੱਚ ਉਹਨਾਂ ਦੇ ਨਾਮ ਦੀ ਗਲਤ ਵਰਤੋਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਉਨ੍ਹਾਂ ਨੇ ਤਾਂ ਆਪਣੇ ਸਾਥੀਆਂ ਨੂੰ ਸਹੀ ਰਾਹ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀ।
ਉਹਨਾਂ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਜਥੇਬੰਦੀ ਦੀਆਂ ਨੀਤੀਆਂ ਵਿੱਚ ਪੂਰਨ ਤੌਰ ਤੇ ਵਿਸ਼ਵਾਸ ਹੈ। ਉਹਨਾਂ ਕਿਹਾ ਕਿ ਉਹ ਜਥੇਬੰਦੀ ਦੇ ਸੰਵਿਧਾਨ ਅਨੁਸਾਰ ਚੱਲਣਗੇ ਅਤੇ ਫੁੱਟ ਪਾਊ ਤਾਕਤਾਂ ਨਾਲ ਕੋਈ ਵੀ ਸਹਿਮਤੀ ਨਹੀਂ ਕੀਤੀ ਜਾਏਗੀ।ਕਿਸਾਨ ਆਗੂ ਨਿੱਕਾ ਸਿੰਘ ਜੇਠੂਕੇ ਨੇ ਦੱਸਿਆ ਕਿ ਜਦੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੇ ਨਾਲ 27 ਨਵੰਬਰ ਨੂੰ ਮੀਟਿੰਗ ਰੱਖੀ ਗਈ ਸੀ ਤਾਂ ਇਹਨਾਂ ਸਾਥੀਆਂ ਨੇ 27 ਦੀ ਉਡੀਕ ਨਹੀਂ ਕੀਤੀ । ਉਹਨਾਂ ਕਿਹਾ ਕਿ ਇਸ ਕਰਕੇ ਕਾਹਲੀ ਨਾਲ ਲਿਆ ਗਿਆ ਫੈਸਲਾ ਗਲਤ ਹੈ। ਇਸ ਮੌਕੇ ਪਿੰਡ ਜੇਠੂਕੇ ਨਾਲ ਸੰਬੰਧਿਤ ਲੀਲੂ ਸਿੰਘ , ਮਹਿੰਦਰ ਸਿੰਘ , ਬੀਰਾ ਸਿੰਘ ,ਦੇਵ ਸਿੰਘ , ਛਿੰਦਾ ਸਿੰਘ ਹਰਪ੍ਰੀਤ ਕੌਰ , ਜਸਵਿੰਦਰ ਕੌਰ , ਬਲਵਿੰਦਰ ਕੌਰ , ਗੁਰਮੀਤ ਕੌਰ ,ਲਾਭ ਸਿੰਘ ਮਿੱਠੂ ਸਿੰਘ ਅਤੇ ਮਹਿੰਦਰ ਸਿੰਘ ਥਲੀਵਾਲਾ ਹਾਜ਼ਰ ਸਨ।
- Download Babushahi App
-
-