Political Special-ਮਿਹਣੋਂ ਮਿਹਣੀ ਹੋਕੇ ਟੁੱਟਣ ਕਰਕੇ ਪਏ ਸੀ ਗਠਜੋੜ ਦੀਆਂ ਸਿਆਸੀ ਬੇੜੀਆਂ ’ਚ ਵੱਟੇ
ਅਸ਼ੋਕ ਵਰਮਾ
ਬਠਿੰਡਾ , 24 ਨਵੰਬਰ 2026 : ਬੇਸ਼ੱਕ ਅਕਾਲੀ ਦਲ ਅਤੇ ਭਾਜਪਾ ਨੇ ਅੱਜ ਮੁੜ ਗੱਠਜੋੜ ਕਰ ਲਿਆ ਹੈ ਪਰ ਨੌਂਹ ਮਾਸ ਦੇ ਟੁੱਟੇ ਰਿਸ਼ਤੇ ਨੇ ਪਿਛੋਕੜ ਦੌਰਾਨ ਦੋਵਾਂ ਧਿਰਾਂ ਦਾ ਵੱਡਾ ਸਿਆਸੀ ਨੁਕਸਾਨ ਕੀਤਾ ਸੀ। ਤੱਥਾਂ ’ਤੇ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਗਠਜੋੜ ਦਾ ਸਿਆਸੀ ਅਧਾਰ 2015 ਵਿੱਚ ਖੁਰਨਾ ਸ਼ੁਰੂ ਹੋਇਆ ਜਦੋਂ ਵਿਧਾਨ ਸਭਾ ਚੋਣਾਂ 2017 ਦੌਰਾਨ ਅਕਾਲੀ ਦਲ ਸਿਰਫ਼ 15 ਸੀਟਾਂ ’ਤੇ ਸਿਮਟ ਗਿਆ ਅਤੇ ਭਾਜਪਾ ਨੂੰ ਮਿਲੀਆਂ ਕੇਵਲ 3 ਸੀਟਾਂ ਸਮੇਤ ਗਠਜੋੜ ਨੂੰ ਕੁੱਲ 18 ਸੀਟਾਂ ਹਾਸਲ ਹੋਈਆਂ ਸਨ ਜਦੋਂਕਿ ਕਾਂਗਰਸ ਨੇ 77 ਸੀਟਾਂ ਜਿੱਤਕੇ ਸਰਕਾਰ ਬਣਾਈ ਸੀ। ਵਿਸੇਸ਼ ਤੱਥ ਇਹ ਹੈ ਕਿ ਇਹ ਗਠਜੋੜ ਹੀ ਸੀ ਜਿਸ ਦੇ ਸਿਰ ’ਤੇ ਪੰਜਾਬ ’ਚ ਅਕਾਲੀ ਦਲ ਅਤੇ ਭਾਜਪਾ ਦੀ ਸਾਂਝੀ ਸਰਕਾਰ ਬਣੀ ਸੀ ਅਤੇ ਸੰਸਦੀ ਚੋਣਾਂ ਵਿੱਚ ਵੀ ਗਠਜੋੜ 13 ’ਚੋਂ 11 ਤੱਕ ਸੀਟਾਂ ਜਿੱਤਦਾ ਰਿਹਾ ਹੈ।
ਸਾਲ 2017 ’ਚ ਅਕਾਲੀ ਦਲ ਖਿਲਾਫ ਬੇਅਦਬੀ , ਨਸ਼ਿਆਂ ਦਾ ਮੁੱਦਾ ਅਤੇ ਗਠਜੋੜ ਦੀ ਲਗਾਤਾਰ 10 ਸਾਲ ਸਰਕਾਰ ਰਹਿਣ ਕਾਰਨ ਸੱਤਾ ਵਿਰੋਧੀ ਲਹਿਰ ਨੂੰ ਮਿਲੀ ਹਾਰ ਦੇ ਮੁੱਖ ਕਾਰਨਾਂ ਵਜੋਂ ਦੇਖਿਆ ਗਿਆ। ਭਾਜਪਾ ਦੀਆਂ ਸੀਟਾਂ ਵੀ 2012 ਦੀਆਂ 12 ਤੋਂ ਘਟਕੇ ਸਿਰਫ਼ 3 ਰਹਿ ਗਈਆਂ। ਵੱਡਾ ਨੁਕਸਾਨ ਇਹ ਸੀ ਕਿ ਪੰਜਾਬ ਦੇ ਸਿਆਸੀ ਨਕਸ਼ੇ ’ਤੇ 2017 ’ਚ ਨਵੀਂ ਉੱਭਰੀ ਆਮ ਆਦਮੀ ਪਾਰਟੀ ਨੇ 20 ਸੀਟਾਂ ਜਿੱਤ ਲਈਆਂ ਅਤੇ ਅਕਾਲੀ ਭਾਜਪਾ ਗੱਠਜੋੜ ਨੂੰ ਪਛਾੜਕੇ ਕਾਂਗਰਸ ਤੋਂ ਬਾਅਦ ਸੂਬੇ ਦੀ ਦੂਜੀ ਸਭ ਤੋਂ ਵੱਡੀ ਪਾਰਟੀ ਤੇ ਮੁੱਖ ਵਿਰੋਧੀ ਧਿਰ ਬਣ ਗਈ ਸੀ। ਉਮੀਦ ਸੀ ਕਿ ਦੋਵੇਂ ਧਿਰਾਂ 2022 ਚੋਣਾਂ ਤੱਕ ਮਜਬੂਤ ਹੋ ਜਾਣਗੀਆਂ ਪਰ ਇਸ ਦੌਰਾਨ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਨੇ ਫੈਸਲਾਕੁੰਨ ਸੰਘਰਸ਼ ਵਿੱਢ ਦਿੱਤਾ। ਕਿਸਾਨੀ ’ਚ ਆਪਣਾ ਅਧਾਰ ਬਚਾਉਣ ਲਈ ਸਿਆਸੀ ਮਜਬੂਰੀਆਂ ਤਹਿਤ ਅਕਾਲੀ ਦਲ ਨੂੰ ਗਠਜੋੜ ਤੋੜਨਾ ਪਿਆ ਸੀ।
ਦੋਵਾਂ ਧਿਰਾਂ ਨੂੰ ਪਹਿਲਾ ਵੱਡਾ ਝਟਕਾ ਵਿਧਾਨ ਸਭਾ ਚੋਣਾਂ 2022 ਵਿੱਚ ਲੱਗਾ, ਜਦੋਂ ਅਕਾਲੀ ਦਲ 117 ’ਚੋਂ ਸਿਰਫ਼ 3 ਅਤੇ ਭਾਜਪਾ ਮਹਿਜ਼ 2 ਸੀਟਾਂ ਹੀ ਜਿੱਤ ਸਕੀ ਸੀ। ਦੋਵਾਂ ਪਾਰਟੀਆਂ ਨੂੰ ਮਿਲਾਕੇ ਸਿਰਫ਼ 5 ਸੀਟਾਂ ਮਿਲੀਆਂ , ਜਦਕਿ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤਕੇ ਸਰਕਾਰ ਬਣਾ ਲਈ। ਅਕਾਲੀ ਦਲ ਨੇ 97 ਅਤੇ ਭਾਜਪਾ ਨੇ 73 ਹਲਕਿਆਂ ਵਿੱਚ ਆਪਣੇ ਉਮੀਦਵਾਰ ਉਤਾਰੇ ਸਨ। ਅਕਾਲੀ ਦਲ ਦਾ ਵੋਟ ਪ੍ਰਤੀਸ਼ਤ 2017 ਦੇ ਲਗਭਗ 25.4 ਫ਼ੀਸਦੀ ਤੋਂ ਘਟਕੇ 18.4 ਫ਼ੀਸਦੀ ਰਹਿ ਗਿਆ ਸੀ। ਦੂਜੇ ਪਾਸੇ ਭਾਜਪਾ ਦਾ ਵੋਟ ਪ੍ਰਤੀਸ਼ਤ ਲਗਭਗ 5.4 ਫ਼ੀਸਦੀ ਤੋਂ ਵਧ ਕੇ 6.6 ਫ਼ੀਸਦੀ ਹੋ ਗਿਆ , ਪਰ ਸੀਟਾਂ 3 ਤੋਂ ਘਟਕੇ 2 ਰਹਿ ਗਈਆਂ ਸਨ। ਸੰਸਦੀ ਚੋਣਾਂ ਵਿੱਚ 2024 ’ਚ 13 ’ਚੋਂ ਅਕਾਲੀ ਦਲ ਸਿਰਫ਼ ਇੱਕ ਸੀਟ ਹੀ ਜਿੱਤ ਸਕਿਆ ਅਤੇ ਭਾਜਪਾ ਦਾ ਤਾਂ ਆਪਣਾ ਖਾਤਾ ਵੀ ਨਹੀਂ ਖੁੱਲਿ੍ਹਆ ਸੀ।
ਅਕਾਲੀ ਦਲ ਨੂੰ ਬਾਕੀ 12 ਹਲਕਿਆਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦੋਂਕਿ ਸਾਰੀਆਂ 13 ਸੀਟਾਂ ’ਤੇ ਚੋਣ ਲੜਨ ਦੇ ਬਾਵਜੂਦ ਭਾਜਪਾ ਦਾ ਖਾਤਾ ਖਾਲੀ ਰਹੇ ਸਨ। ਹਾਲਾਂਕਿ , ਭਾਜਪਾ ਦਾ ਵੋਟ ਪ੍ਰਤੀਸ਼ਤ 2019 ਦੇ ਲਗਭਗ 9.6 ਫ਼ੀਸਦੀ ਤੋਂ ਵਧਕੇ 18.56 ਫ਼ੀਸਦੀ ਹੋ ਗਿਆ ਅਤੇ ਅਕਾਲੀ ਦਲ ਦਾ ਵੋਟ ਪ੍ਰਤੀਸ਼ਤ ਲਗਭਗ 27.5 ਫ਼ੀਸਦੀ ਤੋਂ ਘਟਕੇ 13.42 ਫ਼ੀਸਦੀ ਰਹਿ ਗਿਆ ਸੀ। ਭਾਜਪਾ ਨੂੰ ਜ਼ਿਮਨੀ ਚੋਣਾਂ ਨੇ ਵੱਡਾ ਹਲੂਣਾ ਦਿੱਤਾ ਸੀ। ਤਰਨਤਾਰਨ ’ਚ ਸਿਰਫ਼ 5.30 ਫ਼ੀਸਦੀ ਅਤੇ ਲੁਧਿਆਣਾ ਪੱਛਮੀ ’ਚ 22.54 ਫ਼ੀਸਦੀ ਵੋਟਾਂ ਪਈਆਂ ਸਨ। ਜਲੰਧਰ ਪੱਛਮੀ ’ਚ ਭਾਜਪਾ ਦੂਜੇ ਸਥਾਨ ’ਤੇ ਅਤੇ ਪੰਜ ਥਾਈਂ ਤੀਜੇ ਨੰਬਰ ’ਤੇ ਅਤੇ ਸੰਗਰੂਰ ਚੋਣ ’ਚ ਚੌਥੇ ਨੰਬਰ ’ਤੇ ਸੀ। ਹੁਣ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਦੋਵੇਂ ਪਾਰਟੀਆਂ ਮੁੜ ਇਕੱਠੀਆਂ ਹੋਈਆਂ ਹਨ। ਇਸ ਦਾ ਮਕਸਦ ਪੰਜਾਬ ਵਿੱਚ ਚੌਥੀ ਵਾਰ ਗੱਠਜੋੜ ਸਰਕਾਰ ਬਣਾਉਣਾ ਹੈ।
ਦਰਅਸਲ ਅਕਾਲੀ ਦਲ ਅਤੇ ਭਾਜਪਾ ਦੇ ਸਬੰਧਾਂ ਦੀ ਸ਼ੁਰੂਆਤ 1967 ਵਿੱਚ ਹੋਈ ਸੀ ਜਦੋਂ ਜਨਸੰਘ ਅਕਾਲੀ ਦਲ ਨਾਲ ਸਰਕਾਰ ਦਾ ਹਿੱਸਾ ਬਣਿਆ ਸੀ। ਅਕਾਲੀ ਦਲ ਦੇ ਤੱਤਕਾਲੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਅਤੇ ਮਰਹੂਮ ਅਟਲ ਬਿਹਾਰੀ ਵਾਜਪਾਈ ਨੇ 1996-97 ਦੌਰਾਨ ਰਸਮੀ ਗੱਠਜੋੜ ਕਰਕੇ ਵਿਧਾਨ ਸਭਾ ਚੋਣਾਂ 1997 ਲੜੀਆਂ ਸਨ। ਇਸ ਮੌਕੇ ਅਕਾਲੀ ਦਲ ਦੀਆਂ 75 ਅਤੇ ਭਾਜਪਾ ਦੀਆਂ 18 ਸੀਟਾਂ ਮਿਲਾਕੇ 93 ਸੀਟਾਂ ਜਿੱਤੀਆਂ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਬਣਾਈ ਸੀ। ਉਸ ਸਮੇਂ ਅਕਾਲੀ ਦਲ ਦਾ ਪੇਂਡੂ ਅਤੇ ਸਿੱਖ ਵੋਟਰਾਂ ਵਿੱਚ ਮਜ਼ਬੂਤ ਆਧਾਰ ਸੀ , ਜਦਕਿ ਭਾਜਪਾ ਦੀ ਪਕੜ ਸ਼ਹਿਰੀ ਅਤੇ ਹਿੰਦੂ ਵੋਟਰਾਂ ਵਾਲੇ ਇਲਾਕਿਆਂ ਵਿੱਚ ਸੀ। ਦੋਵਾਂ ਪਾਰਟੀਆਂ ਦੇ ਸਮਾਜਿਕ ਅਤੇ ਖੇਤਰੀ ਆਧਾਰ ਵੱਖ-ਵੱਖ ਹੋਣ ਕਾਰਨ ਇਸ ਗੱਠਜੋੜ ਨੂੰ ਇੱਕ-ਦੂਜੇ ਦਾ ਪੂਰਕ ਮੰਨਿਆ ਜਾਂਦਾ ਸੀ। ਇਸੇ ਸਿਆਸੀ ਤਾਲਮੇਲ ਨੇ ਦੋਵਾਂ ਪਾਰਟੀਆਂ ਨੂੰ ਲੰਬੇ ਸਮੇਂ ਤੱਕ ਇਕੱਠਿਆਂ ਰੱਖਿਆ।
ਸਿਆਸੀ ਉਤਰਾਅ ਚੜ੍ਹਾਅ ਦਾ ਦੌਰ
ਸਾਲ 1997 ਵਿੱਚ ਸਰਕਾਰ ਬਣਾਉਣ ਤੋਂ ਬਾਅਦ ਅਕਾਲੀ ਦਲ ਨੂੰ 41 ਅਤੇ ਭਾਜਪਾ ਨੂੰ 3 ਸੀਟਾਂ ਮਿਲੀਆਂ ਅਤੇ 2002 ਵਿੱਚ ਗੱਠਜੋੜ ਸੱਤਾ ਤੋਂ ਬਾਹਰ ਹੋ ਗਿਆ। ਕਾਂਗਰਸ ਨੇ 62 ਸੀਟਾਂ ਜਿੱਤਕੇ ਸਰਕਾਰ ਬਣਾਈ। ਸਾਲ 2007 ਦੀਆਂ ਚੋਣਾਂ ਵਿੱਚ ਗਠਜੋੜ ਨੇ ਸੱਤਾ ਵਿੱਚ ਵਾਪਸੀ ਕਰਦਿਆਂ ਅਕਾਲੀ ਦਲ 49 ਅਤੇ ਭਾਜਪਾ 19 ਸੀਟਾਂ ਜਿੱਤੀ ਸੀ। ਇਸ ਤਰ੍ਹਾਂ 68 ਸੀਟਾਂ ਨਾਲ ਗੱਠਜੋੜ ਸਰਕਾਰ ਬਣੀ ਅਤੇ ਪ੍ਰਕਾਸ਼ ਸਿੰਘ ਬਾਦਲ ਮੁੜ ਮੁੱਖ ਮੰਤਰੀ ਬਣੇ। ਸਾਲ 2012 ਵਿੱਚ ਵੀ ਅਕਾਲੀ ਦਲ ਨੇ 56 ਅਤੇ ਭਾਜਪਾ ਨੇ 12 ਸੀਟਾਂ ਜਿੱਤਕੇ ਗੱਠਜੋੜ ਨੇ ਸੱਤਾ ਬਰਕਰਾਰ ਰੱਖੀ। ਹੁਣ 2027 ’ਚ ਗਠਜੋੜ ਕੀ ਰੰਗ ਬੰਨ੍ਹਦਾ ਹੈ ਇਸ ’ਤੇ ਨਜ਼ਰਾਂ ਟਿਕ ਗਈਆਂ ਹਨ ।
- Download Babushahi App
-
-