ਪੰਜਾਬ-ਹਰਿਆਣਾ ਹਾਈਕੋਰਟ ਦਾ ਵਕੀਲਾਂ ਲਈ ਵੱਡਾ ਫੈਸਲਾ: 'ਸੀਨੀਅਰ ਐਡਵੋਕੇਟ' ਨਾਮਜ਼ਦਗੀ ਦੇ ਨਿਯਮਾਂ 'ਚ ਦਿੱਤੀ ਵੱਡੀ ਢਿੱਲ
ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਵਕੀਲਾਂ ਨੂੰ ਵੱਡੀ ਰਾਹਤ: ਸੀਨੀਅਰ ਐਡਵੋਕੇਟ ਬਣਨ ਲਈ ਮੁੜ ਅਰਜ਼ੀ ਦੀ ਉਡੀਕ 2 ਸਾਲ ਤੋਂ ਘਟਾ ਕੇ 1 ਸਾਲ ਕੀਤੀ
Kuljinder Sra
ਚੰਡੀਗੜ੍ਹ, 21 ਨਵੰਬਰ 2026: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੀਨੀਅਰ ਐਡਵੋਕੇਟ ਵਜੋਂ ਨਾਮਜ਼ਦਗੀ ਹਾਸਲ ਕਰਨ ਦੇ ਚਾਹਵਾਨ ਵਕੀਲਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹਾਈਕੋਰਟ ਦੇ ਫੁੱਲ ਕੋਰਟ ਵੱਲੋਂ ਸੀਨੀਅਰ ਐਡਵੋਕੇਟਾਂ ਦੀ ਨਾਮਜ਼ਦਗੀ ਸਬੰਧੀ ਨਿਯਮਾਂ ਵਿੱਚ ਅਹਿਮ ਸੋਧਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤਹਿਤ ਪਹਿਲਾਂ ਵਿਚਾਰ ਅਧੀਨ ਰਹਿ ਚੁੱਕੀਆਂ ਜਾਂ ਮੁਲਤਵੀ ਕੀਤੀਆਂ ਅਰਜ਼ੀਆਂ ਵਾਲੇ ਵਕੀਲਾਂ ਲਈ ਮੁੜ ਅਪਲਾਈ ਕਰਨ ਦੀ ਉਡੀਕ ਦੋ ਸਾਲ ਤੋਂ ਘਟਾ ਕੇ ਇੱਕ ਸਾਲ ਕਰ ਦਿੱਤੀ ਗਈ ਹੈ।
ਹਾਈਕੋਰਟ ਦੇ ਰਜਿਸਟਰਾਰ (ਨਿਯਮ) ਵੱਲੋਂ 21 ਨਵੰਬਰ ਨੂੰ ਜਾਰੀ ਨੋਟਿਸ ਨੰਬਰ 02/Spl./XXII.D.3(SAS) ਵਿੱਚ ਇਨ੍ਹਾਂ ਤਬਦੀਲੀਆਂ ਦਾ ਵੇਰਵਾ ਦਿੱਤਾ ਗਿਆ ਹੈ। ਇਹ ਫੈਸਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਸਮੇਤ ਹੋਰ ਵਕੀਲਾਂ ਵੱਲੋਂ ਕੀਤੀਆਂ ਗਈਆਂ ਬੇਨਤੀਆਂ ਤੋਂ ਬਾਅਦ ਲਿਆ ਗਿਆ ਹੈ।
ਸੋਧੇ ਹੋਏ ਨਿਯਮ 7(iv) ਅਨੁਸਾਰ ਇੱਕ ਵਾਰ ਦੀ ਵਿਸ਼ੇਸ਼ ਰਾਹਤ ਦਿੰਦਿਆਂ, ਜਿਨ੍ਹਾਂ ਵਕੀਲਾਂ ਦੀਆਂ ਅਰਜ਼ੀਆਂ ’ਤੇ ਪਹਿਲਾਂ ਵਿਚਾਰ ਨਹੀਂ ਹੋ ਸਕਿਆ ਜਾਂ ਜਿਨ੍ਹਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ, ਉਹ ਹੁਣ ਨਿਰਧਾਰਤ ਇੱਕ ਸਾਲ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਦੁਬਾਰਾ ਅਰਜ਼ੀ ਦੇ ਸਕਣਗੇ। ਇਸ ਮਿਆਦ ਦੀ ਗਿਣਤੀ ਫੁੱਲ ਕੋਰਟ ਦੇ ਪਿਛਲੇ ਫੈਸਲੇ ਤੋਂ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਤੱਕ ਕੀਤੀ ਜਾਵੇਗੀ।
ਨਿਯਮ 4(iii) ਤਹਿਤ ਸੀਨੀਅਰ ਐਡਵੋਕੇਟ ਬਣਨ ਲਈ ਅਰਜ਼ੀ ਦੇਣ ਵਾਲੇ ਵਕੀਲ ਨੂੰ ਹਾਈਕੋਰਟ ਵਿੱਚ ਘੱਟੋ-ਘੱਟ ਪੰਜ ਸਾਲਾਂ ਤੋਂ ਪ੍ਰੈਕਟਿਸ ਕਰ ਰਹੇ ਦੋ ਨਾਮਜ਼ਦ ਸੀਨੀਅਰ ਐਡਵੋਕੇਟਾਂ ਦੀ ਸਿਫ਼ਾਰਸ਼ ਲੈਣੀ ਲਾਜ਼ਮੀ ਹੋਵੇਗੀ। ਇੱਕ ਸੀਨੀਅਰ ਐਡਵੋਕੇਟ ਸਾਲ ਵਿੱਚ ਵੱਧ ਤੋਂ ਵੱਧ ਚਾਰ ਵਕੀਲਾਂ ਦੀ ਹੀ ਸਿਫ਼ਾਰਸ਼ ਕਰ ਸਕੇਗਾ।
ਇਸ ਤੋਂ ਇਲਾਵਾ ਨਿਯਮ 14 ਤਹਿਤ ਵਿਸ਼ੇਸ਼ ਹਾਲਾਤਾਂ ਵਿੱਚ ਚੀਫ਼ ਜਸਟਿਸ ਦੀ ਸਿਫ਼ਾਰਸ਼ ’ਤੇ ਫੁੱਲ ਕੋਰਟ ਨੂੰ ਨਿਯਮਾਂ ਵਿੱਚ ਢਿੱਲ ਦੇਣ ਦਾ ਅਧਿਕਾਰ ਵੀ ਦਿੱਤਾ ਗਿਆ ਹੈ। ਫੈਸਲਿਆਂ ਦੇ ਤਜਰਬੇ ਸਬੰਧੀ ਵੀ ਮਾਪਦੰਡ ਸਪੱਸ਼ਟ ਕੀਤੇ ਗਏ ਹਨ। ਹਾਈਕੋਰਟ ਵਿੱਚ ਪ੍ਰੈਕਟਿਸ ਕਰਨ ਵਾਲੇ ਉਮੀਦਵਾਰਾਂ ਨੂੰ ਪਿਛਲੇ ਪੰਜ ਸਾਲਾਂ ਦੇ 10 ਰਿਪੋਰਟਿਡ ਅਤੇ 10 ਅਣ-ਰਿਪੋਰਟਿਡ ਫੈਸਲਿਆਂ ਦਾ ਵੇਰਵਾ ਦੇਣਾ ਹੋਵੇਗਾ, ਜਿਨ੍ਹਾਂ ਵਿੱਚ ਉਹ ਮੁੱਖ ਵਕੀਲ ਰਹੇ ਹੋਣ।
ਜ਼ਿਲ੍ਹਾ ਅਦਾਲਤਾਂ ਅਤੇ ਟ੍ਰਿਬਿਊਨਲਾਂ ਵਿੱਚ ਪ੍ਰੈਕਟਿਸ ਕਰਨ ਵਾਲਿਆਂ ਲਈ ਵੀ ਹਰ ਸਾਲ ਦੇ 20 ਫੈਸਲਿਆਂ ਜਾਂ ਅੰਤਿਮ ਐਵਾਰਡਾਂ ਦਾ ਰਿਕਾਰਡ ਪੇਸ਼ ਕਰਨਾ ਲਾਜ਼ਮੀ ਹੋਵੇਗਾ। ਹਾਈਕੋਰਟ ਨੇ ਸਪੱਸ਼ਟ ਕੀਤਾ ਹੈ ਕਿ 14 ਅਕਤੂਬਰ ਨੂੰ ਜਾਰੀ ਪੁਰਾਣਾ ਨੋਟਿਸ ਇਨ੍ਹਾਂ ਸੋਧਾਂ ਦੀ ਹੱਦ ਤੱਕ ਬਦਲਿਆ ਹੋਇਆ ਮੰਨਿਆ ਜਾਵੇਗਾ।
- Download Babushahi App
-
-