ਭਾਖੜਾ ਪੁਲ ਹਾਦਸਾ! ਪਟਿਆਲਾ ਪੁਲਿਸ ਵੱਲੋਂ ਟ੍ਰੈਫਿਕ ਡਾਇਵਰਸ਼ਨ ਸਬੰਧੀ ਸੂਚਨਾ ਜਾਰੀ
Babushahi Network
ਪਟਿਆਲਾ, 20 ਨਵੰਬਰ 2026- ਜ਼ਿਲ੍ਹਾ ਟ੍ਰੈਫਿਕ ਪੁਲਿਸ, ਪਟਿਆਲਾ ਨੇ ਆਮ ਜਨਤਾ ਨੂੰ ਸੂਚਿਤ ਕੀਤਾ ਹੈ ਕਿ ਪਟਿਆਲਾ ਦੱਖਣੀ ਬਾਈਪਾਸ 'ਤੇ ਐਨਐਚ-7 'ਤੇ ਭਾਖੜਾ ਮੁੱਖ ਨਹਿਰ ਉੱਪਰ ਬਣਿਆ ਸਟੀਲ ਦਾ ਪੁਲ ਡਿੱਗ ਜਾਣ ਕਾਰਨ ਇਸ ਰਸਤੇ 'ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਜ਼ਿਲ੍ਹਾ ਟ੍ਰੈਫਿਕ ਪੁਲਿਸ ਨੇ ਇਸ ਰੁਕਾਵਟ ਦੇ ਮੱਦੇਨਜ਼ਰ ਇਸ ਸੜਕ ਤੋਂ ਆਵਾਜਾਈ (ਟ੍ਰੈਫਿਕ) ਨੂੰ ਮੋੜਨ ਦੇ ਪ੍ਰਬੰਧ ਕੀਤੇ ਹਨ। ਇਸ ਅਨੁਸਾਰ ਨਵਾਂ ਬੱਸ ਸਟੈਂਡ, ਪਟਿਆਲਾ ਤੋਂ ਸਦਰਨ ਬਾਈਪਾਸ ਰਾਹੀਂ ਸੰਗਰੂਰ ਵੱਲ ਜਾਣ ਵਾਲੇ ਟ੍ਰੈਫਿਕ ਨੂੰ 'ਸਮਾਣਾ ਰੋਡ' ਵਾਲੇ ਰਸਤੇ ਤੋਂ ਮੋੜਿਆ ਜਾ ਰਿਹਾ ਹੈ।ਉੱਥੋਂ, ਟ੍ਰੈਫਿਕ ਨੂੰ ਪੁਰਾਣੀ ਮੁੱਖ 'ਏਵੀਏਸ਼ਨ ਕਲੱਬ-ਕੈਂਟੋਨਮੈਂਟ ਰੋਡ' ਰਾਹੀਂ ਥਾਣਾ ਪਸੀਆਣਾ ਟੀ-ਪੁਆਇੰਟ ਵੱਲ ਅਤੇ ਅੱਗੇ ਸੰਗਰੂਰ ਰੋਡ ਵੱਲ ਭੇਜਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਸੰਗਰੂਰ ਵਾਲੇ ਪਾਸਿਓਂ ਆਉਣ ਵਾਲੇ ਛੋਟੇ ਵਾਹਨ, ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਭਾਵਿਤ ਸਦਰਨ ਬਾਈਪਾਸ ਵਾਲੇ ਹਿੱਸੇ ਵਿੱਚੋਂ ਦੀ ਸੁਚਾਰੂ ਢੰਗ ਨਾਲ ਲੰਘ ਸਕਦੇ ਹਨ। ਹਾਲਾਂਕਿ, ਸੰਗਰੂਰ ਵਾਲੇ ਪਾਸਿਓਂ ਆਉਣ ਵਾਲੇ ਭਾਰੀ ਵਾਹਨਾਂ ਲਈ ਹੇਠ ਲਿਖੇ ਤਿੰਨ ਵਿਕਲਪ ਰੱਖੇ ਗਏ ਹਨ ਭਾਰੀ ਵਾਹਨਾਂ ਨੂੰ ਭਵਾਨੀਗੜ੍ਹ ਤੋਂ ਨਾਭਾ ਹੁੰਦੇ ਹੋਏ ਖੰਨਾ ਜਾਂ ਸਰਹਿੰਦ ਵੱਲ ਮੋੜਿਆ ਜਾ ਸਕਦਾ ਹੈ; ਜਾਂ ਭਾਰੀ ਵਾਹਨ ਧਾਮੋਮਾਜਰਾ ਤੋਂ ਰੱਖੜਾ ਅਤੇ ਨਾਭਾ ਰੋਡ ਰਾਹੀਂ ਸਰਹਿੰਦ ਰੋਡ ਵੱਲ ਜਾ ਸਕਦੇ ਹਨ; ਜਾਂ ਭਾਰੀ ਵਾਹਨ ਥਾਣਾ ਪਸਿਆਦਾ ਭਾਖੜਾ ਪੁਲ ਤੋਂ ਏਵੀਏਸ਼ਨ ਕਲੱਬ ਰੋਡ ਅਤੇ ਖੰਡਾ ਚੌਂਕ ਰਾਹੀਂ ਸਰਹਿੰਦ ਜਾਂ ਰਾਜਪੁਰਾ ਰੋਡ ਵੱਲ ਜਾ ਸਕਦੇ ਹਨ।
ਆਮ ਜਨਤਾ ਲਈ ਸਲਾਹ ਜਾਰੀ ਕਰਦਿਆਂ ਜ਼ਿਲ੍ਹਾ ਟ੍ਰੈਫਿਕ ਪੁਲਿਸ ਨੇ ਕਿਹਾ ਕਿ ਟ੍ਰੈਫਿਕ ਪੁਲਿਸ ਐਸ ਐਸ ਪੀ ਹਰਮਨਦੀਪ ਹਾਂਸ ਦੀ ਅਗਵਾਈ ਹੇਠ ਅਤੇ ਐਸ ਪੀ ਟਰੈਫਿਕ ਅਸ਼ੋਕ ਕੁਮਾਰ ਤੇ ਡੀ ਐਸ ਪੀ ਟਰੈਫਿਕ ਪੁਨੀਤ ਸਿੰਘ ਚਹਿਲ ਦੀ ਨਿਗਰਾਨੀ ਹੇਠ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਤਤਪਰ ਹੈ ਪਰ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਇਸ ਲਈ ਇਹ ਸਲਾਹ ਦਿੱਤੀ ਗਈ ਹੈ ਕਿ ਦੱਖਣੀ ਬਾਈਪਾਸ ਸੰਗਰੂਰ ਰੋਡ ਵਾਲੀ ਇਸ ਸੜਕ ਉਪਰ ਸਫ਼ਰ ਕਰਦੇ ਵਾਹਨ ਚਾਲਕ ਪ੍ਰਭਾਵਿਤ ਪੁਲ ਵਾਲੇ ਹਿੱਸੇ ਤੋਂ ਬਚਣ ਅਤੇ ਜਿੱਥੋਂ ਤੱਕ ਸੰਭਵ ਹੋਵੇ, ਪਟਿਆਲਾ ਸ਼ਹਿਰ ਦੇ ਅੰਦਰੋਂ 'ਏਵੀਏਸ਼ਨ ਕਲੱਬ ਰੋਡ' ਰਾਹੀਂ ਜਾਣ ਵਾਲੇ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ। ਲੋਕ ਵੱਖ-ਵੱਖ ਮਹੱਤਵਪੂਰਨ ਚੌਰਾਹਿਆਂ ਅਤੇ ਥਾਵਾਂ 'ਤੇ ਤਾਇਨਾਤ ਟ੍ਰੈਫਿਕ ਪੁਲਿਸ ਕਰਮਚਾਰੀਆਂ ਦੇ ਨਿਰਦੇਸ਼ਾਂ ਅਤੇ ਹਦਾਇਤਾਂ ਦੀ ਪਾਲਣਾ ਕਰਨ।
ਆਪਣੀ ਯਾਤਰਾ ਦੀ ਯੋਜਨਾ ਪਹਿਲਾਂ ਤੋਂ ਬਣਾਓ ਅਤੇ ਕਿਸੇ ਵੀ ਪਰੇਸ਼ਾਨੀ ਤੋਂ ਬਚਣ ਲਈ ਵਾਧੂ ਸਮਾਂ ਲੈ ਕੇ ਚੱਲੋ। ਜਦੋਂ ਤੱਕ ਆਵਾਜਾਈ ਪੂਰੀ ਤਰ੍ਹਾਂ ਆਮ ਵਾਂਗ ਨਹੀਂ ਹੋ ਜਾਂਦੀ, ਉਦੋਂ ਤੱਕ ਪ੍ਰਭਾਵਿਤ ਖੇਤਰ ਵਿੱਚੋਂ ਬੇਲੋੜੀ ਆਵਾਜਾਈ ਤੋਂ ਬਚੋ। ਜ਼ਿਲ੍ਹਾ ਟ੍ਰੈਫਿਕ ਪੁਲਿਸ, ਪਟਿਆਲਾ ਨੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਆਮ ਜਨਤਾ ਨੂੰ ਹੋਣ ਵਾਲੀ ਪਰੇਸ਼ਾਨੀ ਨੂੰ ਘੱਟ ਕਰਨ ਲਈ ਸਾਰੇ ਅਹਿਮ ਸਥਾਨਾਂ 'ਤੇ ਲੋੜੀਂਦੇ ਕਦਮ ਉਠਾਏ ਹਨ।
- Download Babushahi App
-
-