CBI ਸਾਹਮਣੇ ਪੇਸ਼ੀ ਤੋਂ ਬਾਅਦ OSD ਰਾਜਵੀਰ ਘੁੰਮਣ ਦਾ ਵੱਡਾ ਬਿਆਨ- "ਮਾਨ ਸਰਕਾਰ ਨੂੰ ਬਦਨਾਮ ਕਰਨ ਦੀ ਰਚੀ ਜਾ ਰਹੀ ਹੈ ਸਾਜ਼ਿਸ਼" (Video)
Babushahi Network
ਚੰਡੀਗੜ੍ਹ, 28 ਅਕਤੂਬਰ 2026- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ.ਐਸ.ਡੀ. (OSD) ਰਾਜਵੀਰ ਸਿੰਘ ਘੁੰਮਣ ਇੱਕ ਵਾਰ ਫਿਰ ਕੇਂਦਰੀ ਜਾਂਚ ਏਜੰਸੀ (CBI) ਦੇ ਸਾਹਮਣੇ ਪੇਸ਼ ਹੋਏ। ਪੁੱਛਗਿੱਛ ਦਾ ਸਾਹਮਣਾ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਵੀਰ ਘੁੰਮਣ ਨੇ ਦੱਸਿਆ ਕਿ ਅੱਜ ਏਜੰਸੀ ਵੱਲੋਂ ਉਨ੍ਹਾਂ ਤੋਂ ਤਕਰੀਬਨ ਚਾਰ ਤੋਂ ਸਾਢੇ ਚਾਰ ਘੰਟੇ ਤੱਕ ਲਗਾਤਾਰ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਉਨ੍ਹਾਂ ਅੱਗੇ ਕਰੀਬ 100 ਸਵਾਲ ਰੱਖੇ ਗਏ, ਜੋ ਕਿ ਪਹਿਲਾਂ ਤੋਂ ਹੀ ਦੁਹਰਾਏ ਜਾ ਰਹੇ ਸਨ ਅਤੇ ਉਨ੍ਹਾਂ ਵਿੱਚ ਕੋਈ ਨਵੀਂ ਤੱਥ-ਆਧਾਰਿਤ ਗੱਲ ਸ਼ਾਮਲ ਨਹੀਂ ਸੀ।
ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਰਾਜਵੀਰ ਸਿੰਘ ਘੁੰਮਣ ਨੇ ਸਿੱਧੇ ਤੌਰ 'ਤੇ ਕੇਂਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਪੰਜਾਬ ਦੇ ਇਮਾਨਦਾਰ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਦਫ਼ਤਰ ਦੀ ਛਵੀ ਨੂੰ ਖ਼ਰਾਬ ਕਰਨ ਦੇ ਮਨੋਰਥ ਨਾਲ ਕੀਤਾ ਜਾ ਰਹਾ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ ਪੱਛਮੀ ਬੰਗਾਲ ਵਿੱਚ ਕੇਂਦਰੀ ਜਾਂਚ ਏਜੰਸੀਆਂ ਦੀ ਵਰਤੋਂ ਕਰਕੇ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਬਿਲਕੁਲ ਉਹੀ ਖੇਡ ਹੁਣ ਪੰਜਾਬ ਦੇ ਅੰਦਰ ਖੇਡੀ ਜਾ ਰਹੀ ਹੈ।
ਉਨ੍ਹਾਂ ਕਿਹਾ, "ਏਜੰਸੀਆਂ ਦਾ ਗਠਨ ਦੇਸ਼ ਦੀ ਸੁਰੱਖਿਆ ਲਈ ਕੀਤਾ ਗਿਆ ਸੀ, ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਇਹਨਾਂ ਦਾ ਰਾਜਨੀਤਿਕ ਹਿੱਤਾਂ ਲਈ ਦੁਰਉਪਯੋਗ ਕੀਤਾ ਜਾ ਰਿਹਾ ਹੈ। ਮੇਰੇ ਜ਼ਰੀਏ ਮੁੱਖ ਮੰਤਰੀ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਵਿਰੋਧੀ ਆਪਣੇ ਮਨਸੂਬਿਆਂ ਵਿੱਚ ਕਦੇ ਕਾਮਯਾਬ ਨਹੀਂ ਹੋਣਗੇ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਇਤਿਹਾਸ ਦੇ ਸਭ ਤੋਂ ਇਮਾਨਦਾਰ ਆਗੂ ਹਨ।"
ਚੋਣਾਂ ਨੇੜੇ ਆਉਂਦਿਆਂ ਹੀ ਏਜੰਸੀਆਂ ਦੀ ਸਰਗਰਮੀ 'ਤੇ ਚੁੱਕੇ ਸਵਾਲ
ਕੇਂਦਰੀ ਏਜੰਸੀਆਂ ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜ੍ਹੇ ਕਰਦਿਆਂ OSD ਘੁੰਮਣ ਨੇ ਆਖਿਆ ਕਿ ਬੀਤੇ ਚਾਰ ਸਾਲਾਂ ਤੋਂ CBI ਅਤੇ ED ਵਰਗੀਆਂ ਏਜੰਸੀਆਂ ਕਿੱਥੇ ਸਨ? ਗਮਾਡਾ ਦਫ਼ਤਰ ਅਤੇ ਹੋਰ ਥਾਵਾਂ 'ਤੇ ਕੀਤੀਆਂ ਜਾ ਰਹੀਆਂ ਛਾਪੇਮਾਰੀਆਂ ਵਿੱਚੋਂ ਜਦੋਂ ਕੁਝ ਹਾਸਲ ਨਹੀਂ ਹੁੰਦਾ, ਤਾਂ ਚੋਣਾਂ ਦੇ ਨੇੜੇ ਆ ਕੇ ਅਜਿਹੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਜਾਂਦੀਆਂ ਹਨ। ਇਹ ਸਭ ਪਹਿਲਾਂ ਤੋਂ ਯੋਜਨਾਬੱਧ (Pre-planned) ਅਤੇ ਰਾਜਨੀਤੀ ਤੋਂ ਪ੍ਰੇਰਿਤ ਹੈ।
ਗੱਲਬਾਤ ਦੌਰਾਨ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ 'ਤੇ ਵੀ ਤਿੱਖੇ ਸ਼ਬਦੀ ਵਾਰ ਕੀਤੇ। ਘੁੰਮਣ ਨੇ ਕਿਹਾ ਕਿ ਮਜੀਠੀਆ ਵੱਲੋਂ ਉਨ੍ਹਾਂ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਚਾਹੇ ਨਸ਼ੇ ਦਾ ਮਾਮਲਾ ਹੋਵੇ ਜਾਂ ਕੋਈ ਹੋਰ ਘਟਨਾ, ਹਰ ਚੀਜ਼ ਵਿੱਚ ਉਨ੍ਹਾਂ ਦਾ ਨਾਮ ਜ਼ਬਰਦਸਤੀ ਜੋੜਨ ਦਾ ਯਤਨ ਕੀਤਾ ਜਾਂਦਾ ਹੈ, ਜਦਕਿ ਅਸਲ ਵਿੱਚ ਨਸ਼ਿਆਂ ਅਤੇ ਦੋ ਨੰਬਰ ਦੇ ਕੰਮਾਂ ਨਾਲ ਕਿਸ ਦਾ ਨਾਮ ਜੁੜਿਆ ਹੋਇਆ ਹੈ, ਇਹ ਪੂਰਾ ਪੰਜਾਬ ਜਾਣਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਦੇਸ਼ ਭੱਜਣ ਵਾਲੇ ਅਤੇ ਗਲਤ ਕੰਮਾਂ ਵਿੱਚ ਸ਼ਾਮਲ ਵਿਅਕਤੀਆਂ ਦੇ ਸੱਚ ਨੂੰ ਵੀ ਜਲਦ ਹੀ ਜਨਤਾ ਸਾਹਮਣੇ ਲਿਆਂਦਾ ਜਾਵੇਗਾ।
ਰਾਜਵੀਰ ਸਿੰਘ ਘੁੰਮਣ ਨੇ ਸਾਫ਼ ਕੀਤਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਤੋਂ ਭੱਜਣ ਵਾਲੇ ਨਹੀਂ ਹਨ ਅਤੇ ਕਾਨੂੰਨ ਦਾ ਪੂਰਾ ਸਤਿਕਾਰ ਕਰਦੇ ਹਨ। CBI ਵੱਲੋਂ ਮਾਮਲੇ ਦੀ ਅਗਲੀ ਸੁਣਵਾਈ ਲਈ 31 ਅਕਤੂਬਰ ਦੀ ਤਰੀਕ ਤੈਅ ਕੀਤੀ ਗਈ ਹੈ। ਘੁੰਮਣ ਨੇ ਕਿਹਾ ਕਿ ਉਹ ਉਸ ਦਿਨ ਵੀ ਪੂਰੀ ਸ਼ਰਾਫ਼ਤ ਅਤੇ ਈਮਾਨਦਾਰੀ ਨਾਲ ਜਾਂਚ ਵਿੱਚ ਸ਼ਾਮਲ ਹੋਣ ਲਈ ਏਜੰਸੀ ਸਾਹਮਣੇ ਹਾਜ਼ਰ ਹੋਣਗੇ।
- Download Babushahi App
-
-