ਅੰਮ੍ਰਿਤਸਰ ਵਿੱਚ ਦਿਨ ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
Kulwinder Singh
ਅੰਮ੍ਰਿਤਸਰ, 24 ਅਕਤੂਬਰ, 2026: ਅੰਮ੍ਰਿਤਸਰ ਦੇ ਗੇਟ ਹਕੀਮਾ ਇਲਾਕੇ ਵਿੱਚ ਐਕਟਿਵਾ ਪਾਰਕ ਕਰਨ ਨੂੰ ਲੈ ਕੇ ਹੋਏ ਮਾਮੂਲੀ ਝਗੜੇ ਦੌਰਾਨ ਇੱਕ 27 ਸਾਲਾ ਨੌਜਵਾਨ ਅਮਿਤ ਸੱਭਰਵਾਲ ਦਾ ਉਸਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਹਮਲਾਵਰਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਵਿੱਚੋਂ ਚਾਰ ਗੋਲੀਆਂ ਅਮਿਤ ਦੇ ਸਿਰ, ਕਮਰ ਅਤੇ ਲੱਤ ਵਿੱਚ ਜਾ ਵੱਜੀਆਂ, ਜਿਸ ਕਾਰਨ ਉਸਦੀ ਮੌਤ ਹੋ ਗਈ।
ਪਰਿਵਾਰ ਅਤੇ ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਅਮਿਤ ਸ਼ੁੱਕਰਵਾਰ ਦੇਰ ਰਾਤ ਆਪਣੇ ਦੋਸਤਾਂ ਨਾਲ ਪਾਰਟੀ ਤੋਂ ਵਾਪਸ ਪਰਤਿਆ ਸੀ ਅਤੇ ਉਸਨੇ ਆਪਣੀ ਐਕਟਿਵਾ ਘਰ ਦੇ ਬਾਹਰ ਗਲੀ ਵਿੱਚ ਖੜ੍ਹੀ ਕੀਤੀ ਸੀ। ਇਸ ਦੌਰਾਨ ਗੁਆਂਢ ਵਿੱਚ ਰਹਿਣ ਵਾਲੇ ਤਿੰਨ ਸਕੇ ਭਰਾ, ਅਭੀ ਸ਼ਾਹ, ਸੰਨੀ ਸ਼ਾਹ ਅਤੇ ਰਿਤਿਕ ਸ਼ਾਹ ਉੱਥੇ ਆਏ ਅਤੇ ਐਕਟਿਵਾ ਹਟਾਉਣ ਨੂੰ ਲੈ ਕੇ ਬਹਿਸ ਸ਼ੁਰੂ ਕਰ ਦਿੱਤੀ।
ਬਹਿਸ ਇੰਨੀ ਵਧ ਗਈ ਕਿ ਮੁਲਜ਼ਮ ਅਭੀ ਸ਼ਾਹ ਨੇ ਆਪਣੇ ਦੇਸੀ ਪਿਸਤੌਲ ਨਾਲ ਅਮਿਤ 'ਤੇ 5 ਤੋਂ 6 ਫ਼ਾਇਰ ਕਰ ਦਿੱਤੇ। ਘਰ ਦੇ ਅੰਦਰ ਪਰਿਵਾਰਕ ਮੈਂਬਰਾਂ ਨੇ ਪਟਾਕਿਆਂ ਵਰਗੀ ਆਵਾਜ਼ ਸੁਣੀ ਅਤੇ ਜਦੋਂ ਉਹ ਬਾਹਰ ਆਏ ਤਾਂ ਅਮਿਤ ਜ਼ਖਮੀ ਹਾਲਤ ਵਿੱਚ ਕਰਾਹ ਰਿਹਾ ਸੀ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ।
ਥਾਣਾ ਗੇਟ ਹਕੀਮਾ ਦੇ ਐਸ.ਐچ.ਓ. ਬਲਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਸੁਨੀਲ ਕੁਮਾਰ ਸੱਭਰਵਾਲ ਦੇ ਬਿਆਨਾਂ ਦੇ ਆਧਾਰ 'ਤੇ ਤਿੰਨਾਂ ਮੁਲਜ਼ਮ ਭਰਾਵਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮੌਕੇ 'ਤੇ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।
- Download Babushahi App
-
-