ਤਿੱਬਤ ਭੂਚਾਲ Update: ਨਕਚੂ ਵਿੱਚ 7.0 ਤੀਬਰਤਾ ਦੇ ਭੂਚਾਲ ਨਾਲ ਭਾਰੀ ਤਬਾਹੀ, 16 ਦੀ ਮੌਤ ਅਤੇ 76 ਜ਼ਖਮੀ; ਬਚਾਅ ਕਾਰਜ ਜਾਰੀ
Babushahi Network
ਤਿੱਬਤ, 24 ਅਕਤੂਬਰ, 2026 : ਵੀਰਵਾਰ ਰਾਤ ਤਿੱਬਤ ਦੇ ਨਕਚੂ (Nagqu) ਖੇਤਰ ਵਿੱਚ ਆਏ 7.0 ਤੀਬਰਤਾ ਦੇ ਜ਼ਬਰਦਸਤ ਭੂਚਾਲ ਕਾਰਨ ਵੱਡਾ ਨੁਕਸਾਨ ਹੋਇਆ ਹੈ। ਮਿਲੀ ਜਾਣਕਾਰੀ ਭੂਚਾਲ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਹੈ ਅਤੇ 76 ਲੋਕ ਜ਼ਖਮੀ ਹੋਏ ਹਨ। ਪ੍ਰਭਾਵਿਤ ਇਲਾਕਿਆਂ ਵਿੱਚ ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਜਾਰੀ ਹਨ।
ਸਥਾਨਕ ਅਧਿਕਾਰੀਆਂ ਅਤੇ ਚੀਨੀ ਮੀਡੀਆ ਰਿਪੋਰਟਾਂ ਅਨੁਸਾਰ ਇਹ ਭੂਚਾਲ ਵੀਰਵਾਰ ਰਾਤ 10:33 ਵਜੇ ਉੱਤਰੀ ਤਿੱਬਤ ਦੇ ਨਕਚੂ ਦੇ ਤਾਂਗਨੇਜ਼ੋਂਗ (Tangneizong) ਜ਼ਿਲ੍ਹੇ ਵਿੱਚ ਆਇਆ। ਭੂਚਾਲ ਦੀ ਤੀਬਰਤਾ ਇੰਨੀ ਭਿਆਨਕ ਸੀ ਕਿ ਇਸ ਨਾਲ 339 ਘਰ ਅਤੇ 20 ਪਸ਼ੂਆਂ ਦੇ ਸ਼ੈੱਡ ਤਬਾਹ ਜਾਂ ਬੁਰੀ ਤਰ੍ਹਾਂ ਨੁਕਸਾਨੇ ਗਏ।
ਪ੍ਰਭਾਵਿਤ ਖੇਤਰਾਂ ਵਿੱਚ ਬਚਾਅ, ਡਾਕਟਰੀ ਸਹਾਇਤਾ ਅਤੇ ਰਾਹਤ ਸਮੱਗਰੀ ਵੰਡਣ ਲਈ 5,000 ਤੋਂ ਵੱਧ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰ ਤੱਕ 12,489 ਨਿਵਾਸੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਕੱਢ ਲਿਆ ਗਿਆ ਹੈ। ਇਲਾਕੇ ਦੀ ਉੱਚਾਈ, ਘੱਟ ਤਾਪਮਾਨ ਅਤੇ ਆਕਸੀਜਨ ਦੀ ਕਮੀ ਕਾਰਨ ਬਚਾਅ ਕਾਰਜਾਂ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬਚਾਅ ਕਾਰਜਾਂ ਨੂੰ ਤੇਜ਼ ਕਰਨ ਅਤੇ ਜ਼ਖਮੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਦੇਣ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਸਰਕਾਰ ਵੱਲੋਂ ਐਮਰਜੈਂਸੀ ਰਾਹਤ ਫੰਡ ਵਜੋਂ 50 ਮਿਲੀਅਨ ਯੂਆਨ ਅਤੇ ਰਿਕਵਰੀ ਕਾਰਜਾਂ ਲਈ ਹੋਰ 30 ਮਿਲੀਅਨ ਯੂਆਨ ਅਲਾਟ ਕੀਤੇ ਗਏ ਹਨ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਆਉਣ ਵਾਲੇ ਸਮੇਂ ਵਿੱਚ ਜ਼ਮੀਨ ਖਿਸਕਣ ਅਤੇ ਆਫਟਰਸ਼ੌਕਸ (Aftershocks) ਦੇ ਖ਼ਤਰੇ ਨੂੰ ਦੇਖਦਿਆਂ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ।
- Download Babushahi App
-
-