ਪੇਂਡੂ ਬੇਰੁਜ਼ਗਾਰ ਨੌਜਵਾਨਾਂ ਲਈ ਡੇਅਰੀ ਫਾਰਮਿੰਗ ਦਾ ਸਿਖਲਾਈ ਕੋਰਸ 05 ਅਕਤੂਬਰ ਨੂੰ
ਰੋਹਿਤ ਗੁਪਤਾ
ਗੁਰਦਾਸਪੁਰ, 29 ਸਤੰਬਰ 2026- ਡੇਅਰੀ ਫਾਰਮਰਾਂ ਲਈ 2 ਹਫ਼ਤੇ ਦਾ ਡੇਅਰੀ ਸਿਖਲਾਈ ਕੋਰਸ 5 ਅਕਤੂਬਰ ਤੋਂ 16 ਅਕਤੂਬਰ 2026 ਤੱਕ ਡੇਅਰੀ ਸਿਖਲਾਈ ਕੇਂਦਰ, ਵੇਰਕਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਚਲਾਇਆ ਜਾਣਾ ਹੈ। ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਪੇਂਡੂ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ, ਜੋ ਡੇਅਰੀ ਦਾ ਕਿੱਤਾ ਸ਼ੁਰੂ ਕਰਨਾ ਚਾਹੁੰਦੇ ਹਨ, ਡੇਅਰੀ ਸਿਖਲਾਈ ਕੋਰਸ ਵਾਸਤੇ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਗੁਰਦਾਸਪੁਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਲਾਕ-ਬੀ, ਚੌਥੀ ਮੰਜ਼ਿਲ, ਕਮਰਾ ਨੰਬਰ 508 ਵਿਖੇ ਮਿਤੀ 01-10-2026 ਤੱਕ ਅਰਜ਼ੀਆਂ ਦੇ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਗੁਰਦਾਸਪੁਰ ਨੇ ਦੱਸਿਆ ਕਿ ਖੇਤੀ ਵਿੱਚ ਵਿਭਿੰਨਤਾ ਲਿਆਉਣ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਡੇਅਰੀ ਦੇ ਕਿੱਤੇ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ ਲਈ 2 ਹਫ਼ਤੇ ਦੀ ਡੇਅਰੀ ਸਿਖਲਾਈ ਡੇਅਰੀ ਸਿਖਲਾਈ ਤੇ ਵਿਸਥਾਰ ਕੇਂਦਰ, ਵੇਰਕਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਕਰਵਾਈ ਜਾਣੀ ਹੈ। ਇਸ ਸਿਖਲਾਈ ਕੋਰਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਬੇਰੁਜ਼ਗਾਰ ਨੌਜਵਾਨ ਲੜਕੇ/ਲੜਕੀਆਂ, ਜੋ ਘੱਟੋ-ਘੱਟ 5ਵੀਂ ਪਾਸ ਹੋਣ, ਉਮਰ 18 ਤੋਂ 55 ਸਾਲ ਦਰਮਿਆਨ ਹੋਵੇ ਅਤੇ ਪੇਂਡੂ ਖੇਤਰ ਨਾਲ ਸਬੰਧਿਤ ਹੋਣ, ਭਾਗ ਲੈ ਸਕਦੇ ਹਨ।
ਸਿਖਲਾਈ ਉਪਰੰਤ ਵਿਭਾਗ ਵੱਲੋਂ ਸਬੰਧਤਾਂ ਨੂੰ ਵੱਖ-ਵੱਖ ਬੈਂਕਾਂ ਤੋਂ ਡੇਅਰੀ ਕਰਜ਼ੇ ਦੀ ਸੁਵਿਧਾ ਰਾਹੀਂ 2 ਤੋਂ 20 ਪਸ਼ੂਆਂ ਦੇ ਡੇਅਰੀ ਯੂਨਿਟ ਸਥਾਪਤ ਕਰਵਾ ਕੇ 25 ਫੀਸਦੀ ਜਨਰਲ ਅਤੇ 33 ਫੀਸਦੀ ਅਨੁਸੂਚਿਤ ਜਾਤੀ ਲਈ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ। ਇਸ ਦੇ ਨਾਲ ਕੈਟਲ ਸ਼ੈੱਡ, ਮਿਲਕਿੰਗ ਮਸ਼ੀਨ, ਫੋਡਰ ਹਾਰਵੈਸਟਰ ਅਤੇ ਹੋਰ ਮਸ਼ੀਨਰੀ ਆਦਿ ’ਤੇ ਵੀ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ।
ਚਾਹਵਾਨ ਲੜਕੇ/ਲੜਕੀਆਂ ਇਸ ਸਬੰਧੀ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਗੁਰਦਾਸਪੁਰ ਨਾਲ ਆਪਣੇ ਅਸਲ ਯੋਗਤਾ ਸਰਟੀਫਿਕੇਟ, ਪਾਸਪੋਰਟ ਸਾਈਜ਼ ਫੋਟੋ ਅਤੇ ਆਧਾਰ ਕਾਰਡ ਲੈ ਕੇ ਫਾਰਮ ਭਰਵਾ ਸਕਦੇ ਹਨ।
ਜਾਣਕਾਰੀ ਲਈ ਫ਼ੋਨ ਨੰਬਰਾਂ ਤੇ 8054800880, 7508973471, 7888850893, 9878345930, 9417766062 ਸੰਪਰਕ ਕਰੋ।
- Download Babushahi App
-
-