ਖੰਨਾ 'ਚ ਹਾਈਵੋਲਟੇਜ ਡਰਾਮਾ: ਕਾਊਂਟਰ ਇੰਟੈਲੀਜੈਂਸ ਨੂੰ ਦੇਖ ਛੱਤ 'ਤੇ ਚੜ੍ਹਿਆ ਨੌਜਵਾਨ, ਵੀਡੀਓ ਵਾਇਰਲ ਕਰ ਜਤਾਇਆ ਐਂਨਕਾਊਂਟਰ ਦਾ ਖ਼ਦਸ਼ਾ
Ravinder Singh
ਖੰਨਾ, 07 ਜੁਲਾਈ 2026-ਖੰਨਾ ਦੇ ਪਿੰਡ ਬੁੱਲੇਪੁਰ ਇਲਾਕੇ ਵਿੱਚ ਮੰਗਲਵਾਰ ਨੂੰ ਉਸ ਵੇਲੇ ਭਾਰੀ ਹੰਗਾਮਾ ਅਤੇ ਹਾਈ-ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ, ਜਦੋਂ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ (Counter Intelligence) ਟੀਮ ਦੀ ਆਮਦ ਤੋਂ ਬਾਅਦ ਇੱਕ ਵਿਅਕਤੀ ਡਰ ਦੇ ਮਾਰੇ ਆਪਣੇ ਕਿਰਾਏ ਦੇ ਮਕਾਨ ਦੀ ਛੱਤ 'ਤੇ ਚੜ੍ਹ ਗਿਆ। ਉਕਤ ਵਿਅਕਤੀ ਕਰੀਬ ਦੋ ਘੰਟਿਆਂ ਤੱਕ ਛੱਤ 'ਤੇ ਹੀ ਡਟਿਆ ਰਿਹਾ ਅਤੇ ਉਸ ਨੇ ਹੇਠਾਂ ਉਤਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ, ਕਾਊਂਟਰ ਇੰਟੈਲੀਜੈਂਸ ਦੀ ਟੀਮ ਨੂੰ ਕਿਸੇ ਗੁਪਤ ਇਨਪੁੱਟ ਦੇ ਆਧਾਰ 'ਤੇ ਉਕਤ ਵਿਅਕਤੀ ਦੀ ਵੈਰੀਫਿਕੇਸ਼ਨ (ਪੜਤਾਲ) ਕਰਨ ਲਈ ਪਿੰਡ ਬੁੱਲੇਪੁਰ ਭੇਜਿਆ ਗਿਆ ਸੀ। ਜਿਵੇਂ ਹੀ ਜਾਂਚ ਟੀਮ ਉਸ ਦੇ ਘਰ ਪਹੁੰਚੀ, ਤਾਂ ਉਹ ਵਿਅਕਤੀ ਪੁਲਿਸ ਦੇ ਹੱਥ ਆਉਣ ਦੀ ਬਜਾਏ ਤੁਰੰਤ ਮਕਾਨ ਦੀ ਛੱਤ ਵੱਲ ਭੱਜ ਗਿਆ ਅਤੇ ਉੱਥੇ ਚੜ੍ਹ ਗਿਆ। ਸਥਿਤੀ ਨੂੰ ਭਾਂਪਦਿਆਂ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਤੁਰੰਤ ਪੂਰੇ ਮਕਾਨ ਨੂੰ ਚਾਰੋਂ ਪਾਸਿਓਂ ਘੇਰ ਲਿਆ।
ਛੱਤ 'ਤੇ ਚੜ੍ਹੇ ਨੌਜਵਾਨ ਨੇ ਇਸ ਹੰਗਾਮੇ ਦੌਰਾਨ ਆਪਣੇ ਮੋਬਾਈਲ ਤੋਂ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਵੀਡੀਓ ਵਿੱਚ ਉਸ ਨੇ ਇੱਕ ਸਨਸਨੀਖੇਜ਼ ਦਾਅਵਾ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਉਸ ਦਾ ਇਨਕਾਊਂਟਰ (Encounter) ਕੀਤਾ ਜਾ ਸਕਦਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਹੋਰ ਵੀ ਗੰਭੀਰ ਅਤੇ ਸੰਵੇਦਨਸ਼ੀਲ ਹੋ ਗਿਆ, ਜਿਸ ਤੋਂ ਬਾਅਦ ਤੁਰੰਤ ਸਥਾਨਕ ਖੰਨਾ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਸੂਚਨਾ ਮਿਲਦੇ ਹੀ ਖੰਨਾ ਪੁਲਿਸ ਦੀਆਂ ਭਾਰੀ ਟੀਮਾਂ ਵੀ ਮੌਕੇ 'ਤੇ ਪਹੁੰਚ ਗਈਆਂ। ਕਰੀਬ ਦੋ ਘੰਟਿਆਂ ਤੱਕ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਉਸ ਵਿਅਕਤੀ ਨੂੰ ਲਗਾਤਾਰ ਸਮਝਾਉਣ ਅਤੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਾਫੀ ਮੁਸ਼ੱਕਤ ਅਤੇ ਮਿੰਨਤ-ਤਰਲੇ ਤੋਂ ਬਾਅਦ ਆਖਰਕਾਰ ਨੌਜਵਾਨ ਛੱਤ ਤੋਂ ਹੇਠਾਂ ਉਤਰਨ ਲਈ ਰਾਜ਼ੀ ਹੋਇਆ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਸੁਰੱਖਿਅਤ ਆਪਣੀ ਹਿਰਾਸਤ ਵਿੱਚ ਲੈ ਲਿਆ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ (DSP) ਮੋਹਿਤ ਸਿੰਗਲਾ ਨੇ ਦੱਸਿਆ, "ਛੱਤ 'ਤੇ ਚੜ੍ਹੇ ਵਿਅਕਤੀ ਬਾਰੇ ਸੂਚਨਾ ਮਿਲਦੇ ਹੀ ਸਾਡੀ ਪੁਲਿਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਸੀ। ਨੌਜਵਾਨ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਬੜੀ ਸੂਝ-ਬੂਝ ਨਾਲ ਉਸ ਨੂੰ ਸਮਝਾ ਕੇ ਸੁਰੱਖਿਅਤ ਹੇਠਾਂ ਉਤਾਰਿਆ ਗਿਆ ਹੈ। ਫਿਲਹਾਲ ਉਕਤ ਵਿਅਕਤੀ ਪੁਲਿਸ ਹਿਰਾਸਤ ਵਿੱਚ ਹੈ ਅਤੇ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੂਰੀ ਜਾਂਚ ਅਤੇ ਪੁੱਛਗਿੱਛ ਦੇ ਆਧਾਰ 'ਤੇ ਹੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।"
- Download Babushahi App
-
-