ਦੋਹਰੇ ਕਤਲ ਕਾਂਡ ਦਾ ਮੁੱਖ ਮੁਲਜ਼ਮ ਪ੍ਰੋਡਕਸ਼ਨ ਵਾਰੰਟ 'ਤੇ ਲਾਲੜੂ ਪੁਲਿਸ ਦੇ ਹਵਾਲੇ, ਚਾਰ ਦਿਨਾਂ ਦਾ ਰਿਮਾਂਡ
ਮਲਕੀਤ ਸਿੰਘ ਮਲਕਪੁਰ
ਲਾਲੜੂ 7 ਜੁਲਾਈ 2026: ਅੰਬਾਲਾ-ਚੰਡੀਗੜ੍ਹ ਕੌਮੀਮਾਰਗ 'ਤੇ ਪਿੰਡ ਘੋਲੂਮਾਜਰਾ ਵਿਖੇ ਆਪਣੇ ਚਾਚਾ ਰਾਹੁਲ ਮਲਿਕ ਦੀ ਗੋਲੀ ਮਾਰ ਕੇ ਹੱਤਿਆ ਕਰਨ ਅਤੇ ਕੁਝ ਘੰਟਿਆਂ ਬਾਅਦ ਪਾਣੀਪਤ ਵਿੱਚ ਆਪਣੇ ਦੋਸਤ ਅੰਕੁਸ਼ ਦਾ ਵੀ ਕਤਲ ਕਰਨ ਦੇ ਮਾਮਲੇ ਦੇ ਮੁੱਖ ਮੁਲਜ਼ਮ ਸਾਹਿਲ ਮਲਿਕ ਨੂੰ ਲਾਲੜੂ ਪੁਲਿਸ ਤਿੰਨ ਹਫ਼ਤਿਆਂ ਬਾਅਦ ਪਾਣੀਪਤ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਹੈ। ਮੁਲਜ਼ਮ ਨੂੰ ਡੇਰਾਬੱਸੀ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਚਾਰ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦੋਹਰੀ ਹੱਤਿਆ ਦੀ ਵਾਰਦਾਤ ਤੋਂ ਅਗਲੇ ਹੀ ਦਿਨ ਹਰਿਆਣਾ ਪੁਲਿਸ ਨੇ ਸਾਹਿਲ ਨੂੰ ਸਮਾਲਖਾ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਇਸ ਮਾਮਲੇ ਵਿੱਚ ਲਾਲੜੂ ਅਤੇ ਸਮਾਲਖਾ ਥਾਣਿਆਂ ਵਿੱਚ ਕਤਲ ਦੇ ਵੱਖ-ਵੱਖ ਕੇਸ ਦਰਜ ਹਨ। ਪੁਲਿਸ ਹੁਣ ਰਿਮਾਂਡ ਦੌਰਾਨ ਕਤਲ ਦੇ ਅਸਲ ਕਾਰਨਾਂ, ਵਾਰਦਾਤ ਵਿੱਚ ਵਰਤੀ ਗਈ 12 ਬੋਰ ਦੀ ਬੰਦੂਕ, ਦੋਵੇਂ ਮ੍ਰਿਤਕਾਂ ਦੇ ਮੋਬਾਈਲ ਫੋਨ, ਸੀਸੀਟੀਵੀ ਡੀਵੀਆਰ ਅਤੇ ਹੋਰ ਅਹਿਮ ਸਬੂਤਾਂ ਬਾਰੇ ਪੁੱਛਗਿੱਛ ਕਰੇਗੀ। ਪੁਲਿਸ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਪੁਲਿਸ ਨੇ ਵਾਰਦਾਤ ਵਿੱਚ ਵਰਤੀ ਗਈ ਟਾਟਾ ਸਫਾਰੀ ਗੱਡੀ, ਖਾਲੀ ਖੋਲ ਅਤੇ ਹੋਰ ਫੋਰੈਂਸਿਕ ਸਬੂਤ ਬਰਾਮਦ ਕਰ ਲਏ ਹਨ, ਪਰ 12 ਬੋਰ ਦੀ ਬੰਦੂਕ ਅਜੇ ਤੱਕ ਬਰਾਮਦ ਨਹੀਂ ਹੋ ਸਕੀ। ਜਾਣਕਾਰੀ ਅਨੁਸਾਰ ਰਾਹੁਲ ਮਲਿਕ ਐੱਸਬੀਪੀ ਹੋਮਜ਼ ਦੀ ਅਨੰਤਾ-2 ਸੁਸਾਇਟੀ ਦੇ ਫਲੈਟ ਨੰਬਰ 195 ਵਿੱਚ ਆਪਣੀ ਪਤਨੀ ਅਤੇ 18 ਸਾਲਾ ਪੁੱਤਰ ਨਾਲ ਰਹਿੰਦਾ ਸੀ। ਉਹ ਸੁਸਾਇਟੀ ਦੀ ਆਰਡਬਲਿਊਏ ਦਾ ਪ੍ਰਧਾਨ ਵੀ ਸੀ ਅਤੇ ਸੁਰੱਖਿਆ ਐਨਕਲੇਵ ਵਿੱਚ ਆਪਣੇ "ਜੈ ਅੰਬੇ ਪਲਾਈਵੁੱਡ, ਹਾਰਡਵੇਅਰ ਐਂਡ ਕਨਸਟਰਕਸ਼ਨ" ਦਫ਼ਤਰ ਤੋਂ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਸੀ। ਇਸੇ ਦਫ਼ਤਰ ਵਿੱਚ ਉਸ 'ਤੇ ਗੋਲੀਬਾਰੀ ਕੀਤੀ ਗਈ ਸੀ। ਇਸ ਮਾਮਲੇ ਵਿੱਚ ਰਾਹੁਲ ਦੇ ਭਾਣਜੇ ਅਮਨ ਚੌਧਰੀ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਲਾਲੜੂ ਵਿੱਚ ਕੇਸ ਦਰਜ ਕੀਤਾ ਗਿਆ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਵਾਰਦਾਤ ਤੋਂ ਬਾਅਦ ਸਾਹਿਲ ਦਫ਼ਤਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਆਪਣੇ ਨਾਲ ਲੈ ਗਿਆ ਸੀ, ਤਾਂ ਜੋ ਸਬੂਤ ਮਿਟਾਏ ਜਾ ਸਕਣ। ਪੁਲਿਸ ਅਨੁਸਾਰ 17 ਜੂਨ ਦੀ ਸ਼ਾਮ ਪਿੰਡ ਘੋਲੂਮਾਜਰਾ ਵਿੱਚ ਚਾਚਾ ਰਾਹੁਲ ਮਲਿਕ ਦਾ ਕਤਲ ਕਰਨ ਤੋਂ ਬਾਅਦ ਸਾਹਿਲ ਉਸ ਦੀ ਲਾਸ਼ ਸਮੇਤ ਸਫਾਰੀ ਗੱਡੀ ਵਿੱਚ ਪਾਣੀਪਤ ਪਹੁੰਚਿਆ। ਉੱਥੇ ਉਸ ਨੇ ਆਪਣੇ ਦੋਸਤ ਅੰਕੁਸ਼ ਨੂੰ ਬੁਲਾਇਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਅੰਕੁਸ਼ ਨੇ ਗੱਡੀ ਵਿੱਚ ਪਈ ਲਾਸ਼ ਦੇਖੀ ਅਤੇ ਮਦਦ ਕਰਨ ਤੋਂ ਇਨਕਾਰ ਕੀਤਾ ਤਾਂ ਸਾਹਿਲ ਨੇ ਉਸ ਨੂੰ ਵੀ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਹ ਦੋਵੇਂ ਲਾਸ਼ਾਂ ਨਹਿਰ ਵਿੱਚ ਸੁੱਟਣ ਦੀ ਫਿਰਾਕ ਵਿੱਚ ਸੀ, ਪਰ ਪੁਲਿਸ ਦੇ ਪਿੱਛਾ ਕਰਨ ਕਾਰਨ ਉਹ ਲਾਸ਼ਾਂ ਸੜਕ ਕਿਨਾਰੇ ਸੁੱਟ ਕੇ ਫ਼ਰਾਰ ਹੋ ਗਿਆ। ਬਾਅਦ ਵਿੱਚ ਹਰਿਆਣਾ ਪੁਲਿਸ ਨੇ ਉਸ ਨੂੰ ਮੁਰਥਲ ਟੋਲ ਪਲਾਜ਼ਾ ਨੇੜੇ ਗ੍ਰਿਫ਼ਤਾਰ ਕਰ ਲਿਆ। ਲਾਲੜੂ ਪੁਲਿਸ ਨੂੰ ਉਮੀਦ ਹੈ ਕਿ ਪੁਲਿਸ ਰਿਮਾਂਡ ਦੌਰਾਨ ਮੁਲਜ਼ਮ ਤੋਂ ਪੁੱਛਗਿੱਛ ਵਿੱਚ ਇਸ ਦੋਹਰੇ ਕਤਲ ਕਾਂਡ ਨਾਲ ਜੁੜੇ ਹੋਰ ਅਹਿਮ ਖੁਲਾਸੇ ਹੋਣਗੇ।
- Download Babushahi App
-
-