Babushahi Special-ਚੁੰਮਿਆਂ ਵਾਲੀ ਭਾਬੀ ਰਣਜੀਤ ਕੌਰ ਤੇ ਉਸ ਦੇ ਪਤੀ ਦੀ ਲੁਧਿਆਣਾ ਪੁਲਿਸ ਨੇ ਕਸੀ ਕਾਨੂੰਨੀ ਚੂੜੀ
ਅਸ਼ੋਕ ਵਰਮਾ
ਬਠਿੰਡਾ, 6 ਜੁਲਾਈ 2026 : ਲੁਧਿਆਣਾ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਅਸ਼ਲੀਲ ਪੋਸਟਾਂ ਪਾਉਣ ਕਾਰਨ ਚੁੰਮਿਆਂ ਵਾਲੀ ਭਾਬੀ ਦੇ ਨਾਮ ਨਾਲ ਚਰਚਿਤ ਇਨਫ਼ਲੂਐਂਸਰ ਰਣਜੀਤ ਕੌਰ ਅਤੇ ਉਸ ਦੇ ਪਤੀ ਜਿੰਦਾ ਹੰਸ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਲੁਧਿਆਣਾ ਦੇ ਥਾਣਾ ਮੋਤੀ ਨਗਰ ਪੁਲੀਸ ਨੇ ‘ਪਾਖੰਡ ਭਜਾਓ ਪੰਜਾਬ ਭਜਾਓ ਜੱਥੇਬੰਦੀ’ ਦੇ ਮੁਖੀ ਨਿਹੰਗ ਸਿੰਘ ਮਨਪ੍ਰੀਤ ਸਿੰਘ ਖਾਲਸਾ ਵਾਸੀ ਫਰੀਦਕੋਟ ਦੀ ਸ਼ਿਕਾਇਤ ’ਤੇ ਪਤੀ ਪਤਨੀ ਖ਼ਿਲਾਫ਼ ਆਈ.ਟੀ. ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਇਹ ਕਾਰਵਾਈ ਕੀਤੀ ਹੈ। ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਮੁਕੱਦਮਾ ਦਰਜ ਹੋਣ ਤੋਂ ਬਾਅਦ ਪਤੀ ਪਤਨੀ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਸ਼ਿਕਾਇਤਕਰਤਾ ਨਿਹੰਗ ਮਨਪ੍ਰੀਤ ਸਿੰਘ ਖ਼ਾਲਸਾ ਨੇ ਆਪਣੀ ਸ਼ਕਾਇਤ ’ਚ ਦੋਸ਼ ਲਾਇਆ ਹੈ ਕਿ ਰਣਜੀਤ ਕੌਰ ਉਰਫ ਚੁੰਮਿਆਂ ਵਾਲੀ ਭਾਬੀ ਸੋਸ਼ਲ ਮੀਡੀਆ ’ਤੇ ਅਸ਼ਲੀਲ ਸਮੱਗਰੀ (ਕੰਟੈਂਟ) ਅਪਲੋਡ ਕਰ ਰਹੀ ਹੈ, ਜਿਸ ਦਾ ਸਮਾਜ ਅਤੇ ਬੱਚਿਆਂ ਦੀ ਮਾਨਸਿਕਤਾ ’ਤੇ ਬੇਹੱਦ ਮਾੜਾ ਅਸਰ ਪੈ ਰਿਹਾ ਹੈ।
ਮਨਪ੍ਰੀਤ ਸਿੰਘ ਖਾਲਸਾ ਨੇ ਆਪਣੀ ਸ਼ਿਕਾਇਤ ਵਿੱਚ ਰਣਜੀਤ ਕੌਰ ਅਤੇ ਜਿੰਦਾ ਹੰਸ ’ਤੇ ਸਮਾਜ ਵਿੱਚ ਅਸ਼ਲੀਲਤਾ ਫੈਲਾਉਣ ਦੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ’ਤੇ ਪਾਈਆਂ ਜਾਂਦੀਆਂ ਵੀਡੀਓ ਵਿੱਚ ਵਰਤੀ ਜਾਂਦੀ ਭਾਸ਼ਾ ਬੇਹੱਦ ਅਸੱਭਿਅਕ ਹੈ। ਉਨ੍ਹਾਂ ਨੇ ਰਣਜੀਤ ਕੌਰ ਦੀਆਂ ਵੀਡੀਓਜ਼ ’ਚ ਉਸ ਦੇ ਪਹਿਰਾਵੇ ਅਤੇ ਇੰਜ ਜਨਤਕ ਤੌਰ ’ਤੇ ਅੰਗ ਪ੍ਰਦਰਸ਼ਨ ’ਤੇ ਵੀ ਇਤਰਾਜ਼ ਜਤਾਇਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਰਣਜੀਤ ਕੌਰ ਤਰਫੋਂ ਆਪਣੀ ਇੱਕ ਵੀਡੀਓ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਉਸ ਨੂੰ ਅਜਿਹੇ ਕੱਪੜੇ ਪਹਿਨਣ ਅਤੇ ਸ਼ਬਦਾਵਲੀ ਵਰਤਣ ਦਾ ਅਧਿਕਾਰ ਖ਼ੁਦ ਪੁਲੀਸ ਅਫ਼ਸਰਾਂ ਨੇ ਦਿੱਤਾ ਹੈ, ਜੋ ਪ੍ਰਸ਼ਾਸਨ ਦੇ ਨਾਮ ਦੀ ਗ਼ਲਤ ਵਰਤੋਂ ਹੈ। ਸ਼ਿਕਾਇਤ ਵਿੱਚ ਰਣਜੀਤ ਕੌਰ ਦੀਆਂ ਕੁੱਝ ਖ਼ਾਸ ਵੀਡੀਓ ਦੇ ਹਵਾਲੇ ਨਾਲ ਚੁੰਮਿਆਂ ਵਰਗੀ ਅਸ਼ਲੀਲ ਭਾਸ਼ਾ ’ਚ ਬੋਲੇ ਜਾਂਦੇ ਡਾਇਲਾਗ ਅਤੇ ਅੱਖਾਂ ਨਾਲ ਕੀਤੇ ਜਾਂਦੇ ਗ਼ਲਤ ਇਸ਼ਾਰਿਆਂ ਨੂੰ ਮਰਿਆਦਾ ਦੇ ਖ਼ਿਲਾਫ਼ ਦੱਸਿਆ ਗਿਆ ਹੈ।
ਨਿਹੰਗ ਸਿੰਘ ਮਨਪ੍ਰੀਤ ਸਿੰਘ ਖਾਲਸਾ ਨੇ ਸ਼ਕਾਇਤ ’ਚ ਹਿੰਦੂ ਧਰਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਰਗਾ ਸਨਸਨੀਖੇਜ਼ ਦੋਸ਼ ਲਾਇਆ ਹੈ। ਨਿਹੰਗ ਸਿੰਘ ਨੇ ਕਿਹਾ ਕਿ ਰਣਜੀਤ ਕੌਰ ਅਤੇ ਉਸ ਦੇ ਪਤੀ ਨੇ ਬਿਨਾਂ ਕਿਸੇ ਮਨਜ਼ੂਰੀ ਦੇ ਘਰ ਵਿੱਚ ਸ਼ਿਵਲਿੰਗ ਸਥਾਪਤ ਕੀਤਾ ਹੋਇਆ ਹੈ ਜਿੱਥੇ ਉਹ ਗ਼ੈਰਵਾਜਿਬ ਤਰੀਕੇ ਨਾਲ ਡਮਰੂ ਵਜਾ ਕੇ ‘ਬਾਂਦਰ-ਬਾਂਦਰੀ ਦਾ ਨਾਚ’ ਕਰਦੇ ਹਨ। ਐਫਆਈਆਰ ਅਨੁਸਾਰ ਇਸ ਸਥਾਨ ’ਤੇ ਉਹ ਮੀਟ ਵਗੈਰਾ ਬਣਾ ਕੇ ਵੀ ਖਾਂਦੇ ਹਨ। ਨਿਹੰਗ ਸਿੰਘ ਅਨੁਸਾਰ ਅਜਿਹੀਆਂ ਹਰਕਤਾਂ ਨਾਲ ਸਮੂਹ ਹਿੰਦੂ ਭਾਈਚਾਰੇ ਦਾ ਅਪਮਾਨ ਹੋ ਰਿਹਾ ਹੈ। ਸ਼ਕਾਇਤ ਕਰਤਾ ਨਿਹੰਗ ਸਿੰਘ ਨੇ ਆਪਣੀ ਸ਼ਕਾਇਤ ’ਚ ਇਹ ਵੀ ਕਿਹਾ ਹੈ ਕਿ ਰਣਜੀਤ ਕੌਰ ਅਤੇ ਉਸ ਦੇ ਪਤੀ ਜਿੰਦਾ ਹੰਸ ਨੇ ਨਿਹੰਗ ਜਥੇਬੰਦੀਆਂ ਖ਼ਿਲਾਫ਼ ਵੀ ਬੇਹੱਦ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਹੈ। ਸ਼ਕਾਇਤ ਮੁਤਾਬਕ ਵਿਸ਼ੇਸ਼ ਤੌਰ ’ਤੇ ਇਹ ਜੋੜਾ ਇਤਰਾਜਯੋਗ ਵੀਡੀਓ ਪਾਕੇ ਵੱਖ ਵੱਖ ਧਰਮਾਂ ਨੂੰ ਠੇਸ ਪਹੁੰਚਾ ਰਿਹਾ ਹੈ।
ਰਣਜੀਤ ਕੌਰ ਨਾਲ ਤਕਰਾਰ
ਕਰੀਬ ਦੋ ਹਫਤੇ ਪਹਿਲਾਂ ਨਿਹੰਗ ਮਨਪ੍ਰੀਤ ਸਿੰਘ ਖਾਲਸਾ ਅਤੇ ਉਨ੍ਹਾਂ ਦੇ ਸਾਥੀ ਰਣਜੀਤ ਕੌਰ ਨੂੰ ਸਮਝਾਉਣ ਉਸ ਦੇ ਘਰ ਗਏ ਸਨ ਜਿੱਥੇ ਦੋਵਾਂ ਧਿਰ ਵਿਚਕਾਰ ਗੱਲਬਾਤ ਦੌਰਾਨ ਤਕਰਾਰ ਵੀ ਹੋਈ ਸੀ। ਮਨਪ੍ਰੀਤ ਸਿੰਘ ਖਾਲਸਾ ਨੇ ਰਣਜੀਤ ਕੌਰ ਨੂੰ ਚੰਗੇ ਵੀਡੀਓ ਬਨਾਉਣ ਦੀ ਸਲਾਹ ਦਿੱਤੀ ਸੀ ਅਤੇ ਉਸ ਦੀ ਧੀਅ ਦੇ ਵਿਆਹ ਮੌਕੇ 1 ਲੱਖ ਰੁਪਏ ਦੇਣ ਦੀ ਪੇਸ਼ਕਸ਼ ਵੀ ਕੀਤੀ ਸੀ। ਇਸ ਮੌਕੇ ਦਿੱਤੀ ਚਿਤਾਵਨੀ ਕਾਰਨ ਵੀਡੀਓ ਜਾਰੀ ਕਰਕੇ ਪਤੀ ਪਤਨੀ ਨੇ ਮੁਆਫੀ ਮੰਗੀ ਅਤੇ ਅਸ਼ੀਲੀ ਵੀਡੀਓ ਪਾਉਣ ਤੋਂ ਤੋਬਾ ਕਰ ਲਈ ਪਰ ਬਾਅਦ ’ਚ ਯੂਟਰਨ ਲੈ ਲਿਆ।
ਪੀੜਤ ਪਤੀ ਪਤਨੀ ਦਾ ਪੱਖ
ਇਸ ਦੌਰਾਨ ਚੁੰਮਿਆਂ ਵਾਲੀ ਭਾਬੀ ਰਣਜੀਤ ਕੌਰ ਅਤੇ ਉਸ ਦੇ ਪਤੀ ਜਿੰਦਾ ਹੰਸ ਨੇ ਇੱਕ ਵੀਡੀਓ ਜਾਰੀ ਕਰਕੇ ਆਪਣਾ ਪੱਖ ਰੱਖਿਆ ਹੈ । ਉਨ੍ਹਾਂ ਕਿਹਾ ਕਿ ਉਨਾਂ ਨੇ ਪੁਲੀਸ ਕਮਿਸ਼ਨਰ ਨੂੰ ਨਿਹੰਗ ਮਨਪ੍ਰੀਤ ਸਿੰਘ ਖ਼ਿਲਾਫ਼ ਸ਼ਿਕਾਇਤ ਦਿੱਤੀ ਹੋਈ ਹੈ ਜਿਸ ’ਤੇ ਪੁਲੀਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ। ਵੀਡੀਓ ’ਚ ਉਨ੍ਹਾਂ ਨੇ ਆਪਣੇ ਕੋਲ ਨਿਹੰਗ ਮਨਪ੍ਰੀਤ ਸਿੰਘ ਖ਼ਿਲਾਫ਼ ਕਈ ਠੋਸ ਸਬੂਤ ਹੋਣ ਦਾ ਦਾਅਵਾ ਕਰਦਿਆਂ ਇੰਨ੍ਹਾਂ ਸਬੂਤਾਂ ਨੂੰ ਢੁੱਕਵਾਂ ਸਮਾਂ ਆਉਣ ’ਤੇ ਉਜਾਗਰ ਕਰਨ ਦੀ ਗੱਲ ਕਹੀ ਹੈ। ਵੀਡੀਓ ’ਚ ਨਿਹੰਗ ਸਿੰਘਾਂ ’ਤੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਵੀ ਲਾਏ ਹਨ।
ਬਾਰੀਕੀ ਨਾਲ ਜਾਂਚ ਜਾਰੀ : ਐਸਐਚਓ
ਥਾਣਾ ਮੋਤੀ ਨਗਰ ਦੇ ਮੁੱਖ ਥਾਣਾ ਅਫਸਰ ਭੂਪਿੰਦਰ ਸਿੰਘ ਦਾ ਕਹਿਣਾ ਸੀ ਕਿ ਪੁਲੀਸ ਨੇ ਮਨਪ੍ਰੀਤ ਸਿੰਘ ਖਾਲਸਾ ਦੀ ਸ਼ਕਾਇਤ ’ਤੇ ਰਣਜੀਤ ਕੌਰ ਅਤੇ ਉਸ ਦੇ ਪਤੀ ਜਿੰਦਾ ਹੰਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸ਼ਕਾਇਤ ’ਚ ਲਾਏ ਦੋਸ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜਿਸ ਦੇ ਮੁਕੰਮਲ ਹੋਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਲਚਰਤਾ ਕਾਰਨ ਹੋਈ ਹੱਤਿਆ
ਸੋਸ਼ਲ ਮੀਡੀਆ ’ਤੇ ਅਸ਼ਲੀਲਤਾ ਭਰਪੂਰ ਵੀਡੀਓਜ਼ ਕਾਰਨ ਕਮਲ ਕੌਰ ਭਾਬੀ ਉਰਫ ਕੰਚਨ ਕੁਮਾਰੀ ਦੀ ਹੱਤਿਆ ਹੋਈ ਸੀ ਜਿਸ ਦਾ ਦੋਸ਼ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਉਸ ਦੇ ਸਾਥੀਆਂ ਸਿਰ ਲੱਗਿਆ ਹੈ ਜੋ ਜੇਲ੍ਹ ’ਚ ਬੰਦ ਹਨ। ਇਹ ਮਾਮਲਾ ਸਮਾਜਿਕ ਹਲਕਿਆਂ ’ਚ ਅਕਸਰ ਸੁਰਖੀਆਂ ਬਣਦਾ ਰਹਿੰਦਾ ਹੈ ਜਿਸ ਦਾ ਵਿਰੋਧ ਵੀ ਹੁੰਦਾ ਹੈ ਪਰ ਗੰਦ ਪਾਉਣ ਵਾਲੇ ਬਾਜ ਨਹੀਂ ਆ ਰਹੇ ਹਨ।
- Download Babushahi App
-
-