Political Special ਨਗਰ ਨਿਗਮ ਚੋਣਾਂ : ਖੜ੍ਹਕੇ ਦੇਖ ਜੁਆਨਾਂ ਚੋਣ ਨਗਾਰੇ ’ਤੇ ਬਾਬੇ ਪਾਉਂਦੇ ਸਿਆਸੀ ਭੰਗੜਾ
ਅਸ਼ੋਕ ਵਰਮਾ
ਬਠਿੰਡਾ, 21 ਮਈ 2026 : ਨਗਰ ਨਿਗਮ ਬਠਿੰਡਾ ਦੀਆਂ 26 ਮਈ ਨੂੰ ਹੁਣ ਜਾ ਰਹੀਆਂ ਚੋਣਾਂ ਵਿੱਚ ਐਤਕੀਂ ਲੋਕ ਬਾਬੇ ਸਿਆਸੀ ਲੀਡਰਾਂ ਨੂੰ ਉਂਗਲਾਂ ਤੇ ਨਚਾਉਣਗੇ ਜੋ ਆਮ ਦਿਨਾਂ ’ਚ ਲੋਕਾਂ ਨੂੰ ਆਪਣੀਆਂ ਉਂਗਲੀਆਂ ਤੇ ਨਚਾਉਂਦੇ ਰਹਿੰਦੇ ਹਨ। ਕਾਗਜ਼ ਵਾਪਸੀ ਦਾ ਰੌਲਾ ਰੱਪਾ ਲੱਗਭਗ ਸ਼ਾਂਤ ਹੋਣ ਤੋਂ ਬਾਅਦ ਬਠਿੰਡਾ ’ਚ ਨਗਰ ਨਿਗਮ ਚੋਣਾਂ ਦਾ ਪਿੜ ਪੂਰੀ ਤਰਾਂ ਭਖ ਗਿਆ ਹੈ। ਜਿਸ ਤਰਾਂ ਚੋਣਾਂ ਵਾਲਾ ਮਹੌਲ ਇਸ ਵਾਰ ਬਠਿੰਡਾ ’ਚ ਬਣਿਆ ਹੈ ਤਾਂ ਇਕੱਲੀ ਇਕੱਲੀ ਵੋਟ ਦੇ ਮਹੱਤਵ ਦੌਰਾਨ ਚੋਣ ਲੜ ਰਹੇ ਉਮੀਦਵਾਰਾਂ ਖਾਸ ਤੌਰ ਤੇ ਵਡੇਰੀ ਉਮਰ ਦੇ ਹਰ ਉਮੀਦਵਾਰ ਲਈ ਇੰਨ੍ਹਾਂ ਵੋਟਾਂ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ। ਉਂਜ ਇੱਕ ਹਕੀਕਤ ਇਹ ਵੀ ਹੈ ਕਿ ਜਿਸ ਵਾਰਡ ਵਿੱਚ ਸਿਆਸੀ ਧਿਰਾਂ ਨੇ ਵੱਡੀ ਉਮਰ ਦੇ ਉਮੀਦਵਾਰ ਉਤਾਰੇ ਹਨ, ਉੱਥੇ ਉਨ੍ਹਾਂ ਉਮੀਦਵਾਰਾਂ ਨੂੰ ਆਪਣੇ ਹਮਉਮਰ ਵੋਟਰਾਂ ਦਾ ਲਾਹਾ ਵੀ ਮਿਲਣ ਦੀ ਸੰਭਾਵਨਾ ਜਤਾਈ ਗਈ ਹੈ।
ਬਠਿੰਡਾ ’ਚ ਉਮੀਦਵਾਰਾਂ ਦੀ ਪੁਣਛਾਣ ਉਪਰੰਤ ਸਾਹਮਣੇ ਆਇਆ ਹੈ ਬੇਸ਼ੱਕ ਨੌਜਵਾਨੀ ਨੂੰ ਦੇਸ਼ ਦਾ ਭਵਿੱਖ ਮੰਨਿਆ ਜਾਂਦਾ ਹੈ ਪਰ ਸ਼ਹਿਰ ਦੇ 50 ਵਾਰਡਾਂ ’ਚ ਸਮੂਹ ਸਿਆਸੀ ਪਾਰਟੀਆਂ ਨੇ ਨੌਜੁਆਨਾਂ ਨੂੰ ਟਿਕਟਾਂ ਦੇਣ ’ਚ ਹੱਥ ਘੁੱਟਿਆ ਹੈ। ਦੇਖਣ ’ਚ ਆਇਆ ਹੈ ਕਿ ਜਿਆਦਾਤਰ ਟਿਕਟਾਂ ਤਜ਼ਰਬੇਕਾਰ ਜਾਂ ਬਜ਼ੁਰਗਾਂ ਨੂੰ ਦਿੱਤੀਆਂ ਗਈਆਂ ਹਨ। ਨੌਜਵਾਨਾਂ ਦੇ ਮਾਮਲੇ ’ਚ ਸਭ ਤੋਂ ਵੱਧ 12 ਉਮੀਦਵਾਰ ਆਮ ਆਦਮੀ ਪਾਰਟੀ ਨੇ ਚੋਣ ਮੈਦਾਨ ’ਚ ਉਤਾਰੇ ਹਨ ਜਿਨ੍ਹਾਂ ਦੀ ਉਮਰ 35 ਸਾਲ ਤੱਕ ਹੈ । ‘ਆਪ’ ਨੇ 60 ਪਾਰ ਦੇ 7 ਜਣਿਆਂ ਨੂੰ ਟਿਕਟਾਂ ਦਿੱਤੀਆਂ ਹਨ ਜਦੋਂਕਿ ਬਾਕੀ 31 ਉਮੀਦਵਾਰ 36 ਤੋਂ 60 ਸਾਲ ਵਿਚਕਾਰ ਉਮਰ ਵਾਲੇ ਹਨ। ਕਾਂਗਰਸ ਨੇ 7 ਨੌਜਵਾਨਾਂ ਨੂੰ ਮੌਕਾ ਦਿੱਤਾ ਹੈ ਜਦੋਕਿ 6 ਉਮੀਦਵਾਰ 60 ਸਾਲ ਤੋਂ ਵੱਧ ਵਾਲੇ ਅਤੇ ਬਾਕੀ ਅਧੇੜ ਉਮਰ ਨਾਲ ਸਬੰਧਤ ਹਨ। ਭਾਜਪਾ ਨੇ ਵੀ ਸਿਰਫ 8 ਨੌਜਵਾਨ ਉਮੀਦਵਾਰਾਂ ਨੂੰ ਸਿਆਸੀ ਰਣ ’ਚ ਉਤਾਰਿਆ ਹੈ।
ਭਾਜਪਾ ਦੇ 7 ਉਮੀਦਵਾਰ ਵੀ 60 ਸਾਲ ਤੋਂ ਵੱਧ ਵਾਲੇ ਹਨ ਜਦੋਂਕਿ ਬਾਕੀ 35 ਉਮੀਦਵਾਰਾਂ ਦੀ ਉਮਰ 36 ਤੋਂ 60 ਸਾਲ ਵਿਚਕਾਰ ਦੱਸੀ ਜਾ ਰਹੀ ਹੈ। ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨੌਜਵਾਨ ਪੀੜ੍ਹੀ ਦੇ ਹੱਕ ’ਚ ਮਾਰੇ ਜਾਂਦੇ ਦਮਗਜਿਆਂ ਦੇ ਬਾਵਜੂਦ ਅਕਾਲੀ ਦਲ ਨੇ ਸਭ ਤੋਂ ਘੱਟ ਸਿਰਫ 4 ਨੌਜਵਾਨ ਉਮੀਦਵਾਰਾਂ ਨੂੰ ਸਿਆਸੀ ਤੱਕੜੀ ’ਚ ਤੋਲਿਆ ਹੈ। ਰੌਚਕ ਤੱਥ ਇਹ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ 60 ਸਾਲ ਤੋਂ ਵੱਧ ਉਮਰ ਦੇ 11 ਉਮੀਦਵਾਰਾਂ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ ਅਤੇ ਬਾਕੀ ਉਮੀਦਵਾਰ ਵੀ ਮਿਲੀ ਜੁਲੀ ਉਮਰ ਨਾਲ ਸਬੰਧਤ ਹਨ। ਅਜਾਦ ਉਮੀਦਵਾਰਾਂ ਵਜੋਂ 14 ਨੌਜਵਾਨਾਂ ਨੇ ਸਿਆਸੀ ਝੰਡਾ ਚੁੱਕਿਆ ਹੈ ਜਦੋਂਕਿ 8 ਬਜ਼ੁਰਗ ਵੀ ਅਜਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜ ਰਹੇ ਹਨ। ਵਾਰਡ ਨੰਬਰ 5 ਤੋਂ ਕਾਂਗਰਸੀ ਉਮੀਦਵਾਰ ਸ਼ਵਿੰਦਰਜੀਤ ਕੌਰ ਅਤੇ ਵਾਰਡ 19 ਤੋਂ ਅਜਾਦ ਉਮੀਦਵਾਰ ਰਾਣੀ ਉਮਰਦਰਾਜ ਹਨ।
ਵਾਰਡ ਨੰਬਰ 20 ਅਤੇ 49 ’ਚ ਸਭ ਤੋਂ ਘੱਟ ਉਮਰ ਦੇ ਦੋ ਨੌਜਵਾਨ ਚੋਣ ਮੈਦਾਨ ’ਚ ਹਨ। ਇਨ੍ਹਾਂ ਦੋਵਾਂ ਉਮੀਦਵਾਰਾਂ ਨਵਤੇਜ ਸਿੰਘ ਸਰਾਂ ਅਤੇ ਲੜਕੀ ਲਵਲੀਨ ਦੀ ਉਮਰ ਸਿਰਫ 22 ਸਾਲ ਹੈ। ਦੋਵਾਂ ਦਾ ਪ੍ਰਚਾਰ ਕਰਨ ਦਾ ਢੰਗ ਵੀ ਅਨੋਖਾ ਹੈ । ਦੋਵਾਂ ਹੀ ਉਮੀਦਵਾਰਾਂ ਵੱਲੋਂ ਸੋਸ਼ਲ ਮੀਡੀਆ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਨੌਜਵਾਨਾਂ ਨਾਲ ਜੁੜੇ ਮੁੱਦੇ ਚੁੱਕ ਰਹੇ ਹਨ। ਕੁੱਝ ਵਾਰਡਾਂ ’ਚ 22 ਤੋਂ 35 ਸਾਲ ਦੇ ਨੌਜਵਾਨ ਚੋਣ ਮੈਦਾਨ ’ਚ ਨਿੱਤਰੇ ਹਨ ਜਿੰਨ੍ਹਾਂ ਰਿਵਾਇਤੀ ਰਾਜਨੀਤੀ ਨੂੰ ਚੁਣੌਤੀ ਦਿੱਤੀ ਹੈ । ਦਿਲਚਸਪ ਗੱਲ ਇਹ ਹੈ ਕਿ ਕਈ ਵਾਰਡਾਂ ’ਚ ਗੱਭਰੂਆਂ ਦੇ ਦਾਖਲੇ ਨੇ ਚੋਣ ਮੁਕਾਬਲੇ ਰੌਚਕ ਬਣਾ ਦਿੱਤੇ ਹਨ। ਇਸੇ ਤਰਾਂ ਬਜ਼ੁਰਗ ਉਮੀਦਵਾਰਾਂ ਵੱਲੋਂ ਵੀ ਆਪਣੀ ਸਿਆਸੀ ਯੋਗਤਾ ਦਾ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਕੁੱਝ ਵਾਰਡਾਂ ’ਚ ਅਜਿਹੇ ਉਮੀਦਵਾਰ ਹਨ ਜੋ ਲੰਬੇ ਸਮੇਂ ਤੋਂ ਸਮਾਜਿਕ ਅਤੇ ਸਿਆਸੀ ਗਤੀਵਿਧੀਆਂ ਨਾਲ ਜੁੜੇ ਹੋਏ ਹਨ।
ਵੋਟਾਂ ਦੀ ਝਾਕ ਪਰ ਭਲਾਈ ਨਹੀਂ
ਲਾਈਨੋਪਾਰ ਇਲਾਕੇ ਦੀ ਬਜ਼ੁਰਗ ਔਰਤ ਜਸਵੰਤ ਕੌਰ ਦਾ ਕਹਿਣਾ ਸੀ ਕਿ ਕੋਈ ਵੀ ਸਿਆਸੀ ਧਿਰ ਚੋਣਾਂ ਦੌਰਾਨ ਬਜ਼ੁਰਗਾਂ ਦੀ ਭਲਾਈ ਸਬੰਧੀ ਗੱਲ ਨਹੀਂ ਕਰਦੀ ਪਰ ਉਨ੍ਹਾਂ ਤੋਂ ਵੋਟਾਂ ਦੀ ਝਾਕ ਜ਼ਰੂਰ ਰੱਖਦੀ ਹੈ। ਬਹੁਤੇ ਬਜ਼ੁਰਗਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਆਪਣੇ ਮੁੰਡਿਆਂ ਅਤੇ ਪੋਤਿਆਂ ਦੇ ਪਿਛੇ ਵੀ ਲੱਗਣਾ ਪੈਂਦਾ ਹੈ ਕਿਉਂਕਿ ਹੁਣ ਪੁਰਾਣੇ ਸਮੇਂ ਤਾਂ ਰਹੇ ਨਹੀਂ। ਇਹ ਬਜ਼ੁਰਗ ਆਖਦੇ ਹਨ ਕਿ ਰੋਟੀ ਤਾਂ ਉਨ੍ਹਾਂ ਨੇ ਹੀ ਦੇਣੀ ਹੈ, ਸਰਕਾਰਾਂ ਨੇ ਤਾਂ ਕੱੁਝ ਨਹੀਂ ਦੇਣਾ। ਬਜ਼ੁਰਗਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਦਿੱਤੀ ਜਾਂਦੀ ਬੁਢਾਪਾ ਪੈਨਸ਼ਨ ਕਾਫ਼ੀ ਨਹੀਂ ਇਸ ਲਈ ਸਰਕਾਰ ਨੂੰ ਉਨ੍ਹਾਂ ਦੇ ਬੁਢਾਪੇ ਦੀ ਸੁਰੱਖਿਆ ਦਾ ਜ਼ਿੰਮਾ ਵੀ ਲੈਣਾ ਚਾਹੀਦਾ ਹੈ।
ਬਾਗੀ ਸੁਰਾਂ ਲਗਾਤਾਰ ਕਾਇਮ
ਜਿਨ੍ਹਾਂ ਨੌਜਵਾਨਾਂ ਦੀ ਝੋਲੀ ਟਿਕਟਾਂ ਨਹੀਂ ਪਈਆਂ ਹਨ, ਉਨ੍ਹਾਂ ਪਾਰਟੀ ਖ਼ਿਲਾਫ਼ ਬਗਾਵਤ ਦਾ ਬਿਗਲ ਵਜਾ ਦਿੱਤਾ ਹੈ। ਬਗ਼ਾਵਤ ਦੀ ਪਹਿਲ ਲਾਈਨੋ ਪਾਰ ਇਲਾਕੇ ਤੋਂ ਹੋਈ ਹੈ ਜਿੱਥੇ ਬਲਾਕ ਪ੍ਰਧਾਨ ਅਲਕਾ ਹਾਂਡਾ ਸਮੇਤ ਕਈ ਅਹੁਦੇਦਾਰਾਂ ਨੇ ਅਸਤੀਫਾ ਦਿੱਤਾ ਹੈ। ‘ਆਪ’ ਦੇ ਨੌਜਵਾਨ ਵਲੰਟੀਅਰ ਰਣਜੀਤ ਕੌਰ , ਗੁਰਿੰਦਰਦੀਪ ਕੌਰ ਅਤੇ ਸੁਖਚਰਨ ਸਿੰਘ ਅਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ। ਕਾਗਜ਼ ਰੱਦ ਹੋਣ ਦੇ ਬਾਵਜੂਦ ਕਾਂਗਰਸੀ ਉਮੀਦਵਾਰ ਹਰਵਿੰਦਰ ਸਿੰਘ ਲੱਡੂ ਸਮੇਤ ਹੋਰ ਵੀ ਕਾਫੀ ਉਮੀਦਵਾਰਾਂ ਦੀ ਚੁਣੌਤੀ ਬਰਕਰਾਰ ਹੈ।
- Download Babushahi App
-
-