ਕਥਿਤ ਵਿੱਤੀ ਘੁਟਾਲੇ 'ਚ ਵਿਜੀਲੈਂਸ ਦਾ ਵੱਡਾ ਐਕਸ਼ਨ: ਸਾਬਕਾ CMD, ਸਾਬਕਾ ਚੀਫ਼ ਇੰਜੀਨੀਅਰ ਅਤੇ ਇੱਕ ਠੇਕੇਦਾਰ ਗ੍ਰਿਫ਼ਤਾਰ
ਨਿੱਜੀ ਬਿਲਡਰ ਨੂੰ ਫਾਇਦਾ ਪਹੁੰਚਾਉਣ ਲਈ ਸਰਕਾਰੀ ਫੰਡਾਂ ਦੀ ਕਥਿਤ ਦੁਰਵਰਤੋਂ ਦਾ ਮਾਮਲਾ
ਲੁਧਿਆਣਾ ਦੀ ਬਸੰਤ ਸਿਟੀ ਕਲੋਨੀ 'ਚ ਨਿਯਮਾਂ ਦੇ ਉਲਟ ਲਗਾਇਆ ਸੀ 66 KV ਸਬ-ਸਟੇਸ਼ਨ
ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ ਵੱਲੋਂ ਬਿਲਡਰ ਸਮੇਤ ਤਿੰਨੋਂ ਕਾਬੂ
ਸੁਖਮਿੰਦਰ ਭੰਗੂ
ਚੰਡੀਗੜ੍ਹ/ਲੁਧਿਆਣਾ 20 ਮਈ 2026- ਪੰਜਾਬ ਵਿਜੀਲੈਂਸ ਬਿਊਰੋ ਨੇ ਅਕਾਲੀ ਸਰਕਾਰ ਵੇਲੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਕੰਮਾਂ ਵਿੱਚ ਹੋਈਆਂ ਕਥਿਤ ਬੇਨਿਯਮੀਆਂ ਨੂੰ ਲੈ ਕੇ ਵਿਜੀਲੈਂਸ ਦੇ ਆਰਥਿਕ ਅਪਰਾਧ ਵਿੰਗ (Economic Offences Wing), ਲੁਧਿਆਣਾ ਨੇ ਬੁੱਧਵਾਰ ਸਵੇਰੇ ਪਾਵਰਕਾਮ ਦੇ ਸਾਬਕਾ ਸੀ.ਐਮ.ਡੀ. (CMD) ਕੇ.ਡੀ. ਚੌਧਰੀ ਅਤੇ ਸਾਬਕਾ ਐਸ.ਡੀ.ਓ. (ਜੋ ਡਿਪਟੀ ਚੀਫ਼ ਇੰਜੀਨੀਅਰ ਵਜੋਂ ਸੇਵਾਮੁਕਤ ਹੋਏ) ਸੰਜੀਵ ਪ੍ਰਭਾਕਰ ਨੂੰ ਉਨ੍ਹਾਂ ਦੀ ਲੁਧਿਆਣਾ ਸਥਿਤ ਰਿਹਾਇਸ਼ ਤੋਂ ਹਿਰਾਸਤ ਵਿੱਚ ਲੈ ਕੇ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਦੇ ਨਾਲ ਹੀ ਲੁਧਿਆਣਾ ਦੇ ਇੱਕ ਨਿੱਜੀ ਬਿਲਡਰ ਅਮਿਤ ਗਰਗ ਨੂੰ ਵੀ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਜੀਲੈਂਸ ਦੀ ਲੰਬੀ ਜਾਂਚ ਤੋਂ ਬਾਅਦ ਇਹ ਵੱਡੀ ਗ੍ਰਿਫ਼ਤਾਰੀ ਅਮਲ ਵਿੱਚ ਆਈ ਹੈ। ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਇਨ੍ਹਾਂ ਅਧਿਕਾਰੀਆਂ ਨੇ ਨਿਯਮਾਂ ਨੂੰ ਪੂਰੀ ਤਰ੍ਹਾਂ ਛਿੱਕੇ ਟੰਗ ਕੇ ਲੁਧਿਆਣਾ ਦੇ ਬਸੰਤ ਸਿਟੀ ਸਥਿਤ ਇੱਕ ਨਿੱਜੀ ਹਾਊਸਿੰਗ ਕਲੋਨੀ ਦੇ ਬਿਲਡਰ ਨੂੰ ਨਾਜਾਇਜ਼ ਫਾਇਦਾ ਪਹੁੰਚਾਇਆ।
ਨਿਯਮਾਂ ਅਨੁਸਾਰ, ਨਿੱਜੀ ਕਲੋਨੀ ਵਿੱਚ 66 KV ਦਾ ਬਿਜਲੀ ਸਬ-ਸਟੇਸ਼ਨ ਸਥਾਪਤ ਕਰਨ ਦਾ ਪੂਰਾ ਖ਼ਰਚਾ ਬਿਲਡਰ ਨੇ ਖੁਦ ਕਰਨਾ ਸੀ। ਪਰ ਤਤਕਾਲੀ ਐਸ.ਡੀ.ਓ. ਸੰਜੀਵ ਪ੍ਰਭਾਕਰ ਅਤੇ ਤਤਕਾਲੀ ਸੀ.ਐਮ.ਡੀ. ਕੇ.ਡੀ. ਚੌਧਰੀ ਨੇ ਆਪਸੀ ਮਿਲੀਭੁਗਤ ਨਾਲ ਵਿਭਾਗ ਦੇ ਨਿਯਮਾਂ ਨੂੰ ਨਜ਼ਰਅੰਦਾਜ਼ ਕਰਕੇ, ਸਰਕਾਰੀ ਫੰਡਾਂ ਦੀ ਵਰਤੋਂ ਕਰਕੇ ਇਹ ਸਬ-ਸਟੇਸ਼ਨ ਲਗਾ ਦਿੱਤਾ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਇਆ ਗਿਆ।
ਜ਼ਿਕਰਯੋਗ ਹੈ ਕਿ ਇਸ ਹਾਈ-ਪ੍ਰੋਫਾਈਲ ਮਾਮਲੇ ਵਿੱਚ ਫਸੇ ਐਸ.ਡੀ.ਓ. ਸੰਜੀਵ ਪ੍ਰਭਾਕਰ ਕੁਝ ਸਾਲ ਪਹਿਲਾਂ ਵਿਭਾਗ ਤੋਂ ਡਿਪਟੀ ਚੀਫ਼ ਇੰਜੀਨੀਅਰ ਵਜੋਂ ਸੇਵਾਮੁਕਤ ਹੋਏ ਸਨ, ਜਦਕਿ ਪਾਵਰਕਾਮ ਦੇ ਤਾਕਤਵਰ ਅਫ਼ਸਰ ਰਹੇ ਕੇ.ਡੀ. ਚੌਧਰੀ ਸਾਲ 2017 ਵਿੱਚ ਸੇਵਾਮੁਕਤ ਹੋਏ ਸਨ।
ਵਿਜੀਲੈਂਸ ਦੇ ਸੂਤਰਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸਾਲ 2021 ਤੋਂ ਲਗਾਤਾਰ ਚੱਲ ਰਹੀ ਸੀ। ਲੰਬੀ ਪੜਤਾਲ ਅਤੇ ਸਬੂਤ ਇਕੱਠੇ ਕਰਨ ਤੋਂ ਬਾਅਦ FIR no 6/26 u/s 13(1) 13(2) pc act and 409,120 B IPC ਤਹਿਤ ਵਿਜੀਲੈਂਸ ਵੱਲੋਂ ਦਰਜ ਕੀਤੀ ਗਈ, ਜਿਸ ਦੇ ਆਧਾਰ 'ਤੇ ਅੱਜ ਸਵੇਰੇ ਦੋਵਾਂ ਸਾਬਕਾ ਅਫ਼ਸਰਾਂ ਅਤੇ ਬਿਲਡਰ ਨੂੰ ਜਾਲ ਵਿਛਾ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
---------
ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਪੀ.ਐਸ.ਪੀ.ਸੀ.ਐਲ. ਦੇ ਸਾਬਕਾ ਸੀ.ਐਮ.ਡੀ. ਕੇ.ਡੀ. ਚੌਧਰੀ, ਸਾਬਕਾ ਸੀਨੀਅਰ ਐਕਸੀਅਨ ਸੰਜੀਵ ਪ੍ਰਭਾਕਰ ਅਤੇ ਕਲੋਨਾਈਜ਼ਰ ਅਮਿਤ ਗਰਗ ਨੂੰ ਕੀਤਾ ਗ੍ਰਿਫ਼ਤਾਰ
ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ ਸ਼ਾਖਾ, ਲੁਧਿਆਣਾ ਨੇ ਪੀ.ਐਸ.ਪੀ.ਸੀ.ਐਲ. ਦੇ ਸਾਬਕਾ ਚੀਫ ਮੈਨੇਜਿੰਗ ਡਾਇਰੈਕਟਰ ਕੇ.ਡੀ. ਚੌਧਰੀ, ਸਾਬਕਾ ਸੀਨੀਅਰ ਐਕਸੀਅਨ ਸੰਜੀਵ ਪ੍ਰਭਾਕਰ ਅਤੇ ਮੈਸਰਜ਼ ਦਾਮਿਨੀ ਰਿਜ਼ੋਰਟ ਐਂਡ ਬਿਲਡਰਜ਼ ਪ੍ਰਾਈਵੇਟ ਲਿਮਟਿਡ, ਲੁਧਿਆਣਾ ਦੇ ਡਾਇਰੈਕਟਰ ਅਮਿਤ ਗਰਗ ਨੂੰ ਗ੍ਰਿਫ਼ਤਾਰ ਕੀਤਾ ਹੈ। ਉਕਤ ਵਿਅਕਤੀਆਂ ਵਿਰੁੱਧ ਵਿਜੀਲੈਂਸ ਜਾਂਚ ਨੰਬਰ 05, ਮਿਤੀ 10.05.2021 ਦੇ ਨਤੀਜਿਆਂ ਉਪਰੰਤ ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ ਸ਼ਾਖਾ, ਲੁਧਿਆਣਾ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਪੰਜਾਬ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬਸੰਤ ਐਵੇਨਿਊ ਵਿੱਚ 66 ਕੇਵੀ ਸਬਸਟੇਸ਼ਨ ਸਥਾਪਤ ਕਰਨ ਸਬੰਧੀ, ਬਸੰਤ ਐਵੇਨਿਊ ਦੇ ਕਲੋਨਾਈਜ਼ਰ ਨੇ ਪੀਐਸਪੀਸੀਐਲ ਦੇ ਸਬੰਧਤ ਫੀਲਡ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਉਕਤ 66 ਕੇਵੀ ਸਬਸਟੇਸ਼ਨ ਨੂੰ ਆਪਣੀ ਕਲੋਨੀ ਵਿੱਚ 1015 ਵਰਗ ਗਜ਼ ਖੇਤਰ ਵਿੱਚ ਲਗਵਾ ਲਿਆ।
ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਤਤਕਾਲੀ ਉੱਚ ਅਧਿਕਾਰੀਆਂ ਵੱਲੋਂ ਫੀਲਡ ਅਧਿਕਾਰੀਆਂ ਨੂੰ ਕਲੋਨਾਈਜ਼ਰ ਦੀਆਂ ਸਾਰੀਆਂ ਕਲੋਨੀਆਂ ਦੀ ਐਨਓਸੀ ਦੀ ਤਸਦੀਕ ਕਰਨ ਦੇ ਨਿਰਦੇਸ਼ ਦਿੱਤੇ ਹੁੰਦੇ ਅਤੇ ਕਿਉਂਕਿ ਕਲੋਨੀਆਂ ਆਪਸ ਵਿੱਚ ਜੁੜੀਆਂ ਹੁੰਦੀਆਂ ਹਨ ਅਤੇ ਨਾਲ-ਨਾਲ ਸਥਿਤ ਹੁੰਦੀਆਂ ਹਨ, ਇਸ ਲਈ ਬਿਜਲੀ ਦੇ ਸਾਰੇ ਲੋਡ ਦਾ ਹਿਸਾਬ ਇਕੱਠੇ ਲਗਾਇਆ ਜਾਂਦਾ, ਤਾਂ 66 ਕੇਵੀ ਸਬਸਟੇਸ਼ਨ ਸਥਾਪਤ ਕਰਨ ਦੀ ਸਾਰੀ ਲਾਗਤ ਕਲੋਨਾਈਜ਼ਰ ਵੱਲੋਂ ਸਹਿਣ ਕੀਤੀ ਜਾਂਦੀ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਦੇ ਚਲਦਿਆਂ ਬਿਜਲੀ ਮੰਤਰਾਲੇ ਵੱਲੋਂ ਸਬਸਟੇਸ਼ਨ ਲਗਾਉਣ ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਗਈ। ਉਕਤ 66 ਕੇਵੀ ਬਸੰਤ ਐਵੇਨਿਊ ਸਬਸਟੇਸ਼ਨ ਤੱਕ ਜਾਣ ਲਈ ਕੋਈ ਪੱਕੀ ਸੜਕ ਨਾ ਹੋਣ ਅਤੇ ਇਸ ਦੇ ਪੱਖੋਵਾਲ ਲਿੰਕ ਰੋਡ ਤੋਂ ਲਗਭਗ 3 ਕਿਲੋਮੀਟਰ ਦੂਰ ਖੇਤਾਂ ਵਿੱਚ ਸਥਿਤ ਹੋਣ ਬਾਰੇ ਵੀ ਕੋਈ ਵੀ ਜ਼ਿਕਰ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਚੀਫ ਮੈਨੇਜਿੰਗ ਡਾਇਰੈਕਟਰ ਵੱਲੋਂ ਪ੍ਰਸਤਾਵ ਵਿੱਚ ਜਾਂ ਬਾਅਦ ਵਿੱਚ ਕਿਸੇ ਵੀ ਦਫ਼ਤਰ ਵਿੱਚ ਨਹੀਂ ਕੀਤਾ ਗਿਆ ਸੀ। ਇਸ ਲਈ ਹੁਣ ਵੀ ਉਕਤ 66 ਕੇਵੀ ਬਸੰਤ ਐਵੇਨਿਊ ਸਬਸਟੇਸ਼ਨ ਅਣਵਿਕਸਿਤ ਕਲੋਨੀਆਂ ਅਤੇ ਖੇਤਾਂ ਵਿੱਚ ਸਥਿਤ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਬਸਟੇਸ਼ਨ ਤੱਕ ਪਹੁੰਚਣ ਲਈ ਕੋਈ ਪੱਕੀ ਸੜਕ ਨਹੀਂ ਹੈ। ਤਤਕਾਲੀ ਐਕਸੀਅਨ ਸੰਜੀਵ ਪ੍ਰਭਾਕਰ ਅਤੇ ਫੀਲਡ ਵਿੱਚ ਤਾਇਨਾਤ ਤਤਕਾਲੀ ਹੋਰ ਸੀਨੀਅਰ ਅਧਿਕਾਰੀਆਂ ਵੱਲੋਂ 66 ਕੇਵੀਐਚ ਸਬਸਟੇਸ਼ਨ ਬਸੰਤ ਐਵੇਨਿਊ ਸਥਾਪਤ ਕਰਨ ਸਬੰਧੀ ਭੇਜੇ ਗਏ ਪ੍ਰਸਤਾਵ ਨੂੰ ਤਤਕਾਲੀ ਚੀਫ ਮੈਨੇਜਿੰਗ ਡਾਇਰੈਕਟਰ ਕੇ.ਡੀ. ਚੌਧਰੀ ਨੇ ਮਨਜ਼ੂਰੀ ਦੇ ਦਿੱਤੀ ਸੀ, ਜਿਸ ਵਿੱਚ ਉਕਤ ਸਬਸਟੇਸ਼ਨ ਦੀ ਸਥਾਪਨਾ ਸਬੰਧੀ ਕਮੀਆਂ ਅਤੇ ਟਿੱਪਣੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ। ਜਿਸ ਕਾਰਨ ਬਸੰਤ ਐਵੇਨਿਊ ਕਲੋਨੀ ਨੂੰ ਸਿੱਧਾ ਲਾਭ ਹੋਇਆ। ਮੁਲਜ਼ਮ ਕੇ.ਡੀ. ਚੌਧਰੀ, ਸੰਜੀਵ ਪ੍ਰਭਾਕਰ ਅਤੇ ਅਮਿਤ ਗਰਗ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
- Download Babushahi App
-
-