ਨਗਰ ਕੌਂਸਲ ਚੋਣਾਂ: ਕਾਂਗਰਸ ਦੇ ਦਿਹਾਤੀ ਪ੍ਰਧਾਨ 'ਤੇ 'ਆਪ' ਉਮੀਦਵਾਰ ਨੂੰ ਅੰਦਰਖਾਤੇ ਜਿਤਾਉਣ ਦੀ ਸਾਜ਼ਿਸ਼ ਰਚਣ ਦੇ ਲੱਗੇ ਦੋਸ਼
ਜਗਰਾਉਂ - ਦੀਪਕ ਜੈਨ
ਪੰਜਾਬ ਸਰਕਾਰ ਵੱਲੋਂ ਚੋਣ ਕਮਿਸ਼ਨ ਨੂੰ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਕਰਵਾਉਣ ਦੀ ਹਰੀ ਝੰਡੀ ਦੇਣ ਤੋਂ ਬਾਅਦ, ਜਗਰਾਉਂ ਸ਼ਹਿਰ ਵਿੱਚ ਵੀ ਸਿਆਸੀ ਸਰਗਰਮੀਆਂ ਪੂਰੀ ਤਰ੍ਹਾਂ ਭਖ ਗਈਆਂ ਹਨ। ਚੋਣ ਅਖਾੜਾ ਮਘਦਿਆਂ ਹੀ ਕਈ ਆਗੂਆਂ ਵੱਲੋਂ ਆਪਣੀਆਂ ਰਵਾਇਤੀ ਪਾਰਟੀਆਂ ਛੱਡ ਕੇ ਦੂਜੇ ਦਲਾਂ ਦਾ ਪੱਲਾ ਫੜਨ ਦਾ ਸਿਲਸਿਲਾ ਵੀ ਜਾਰੀ ਹੈ। ਪਰ ਇਸ ਦੌਰਾਨ ਸ਼ਹਿਰ ਦੇ ਵਾਰਡ ਨੰਬਰ 10 ਵਿੱਚ ਇੱਕ ਬੇਹੱਦ ਹੈਰਾਨੀਜਨਕ ਅਤੇ ਦਿਲਚਸਪ ਸਿਆਸੀ ਸਮੀਕਰਨ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੇ ਸਥਾਨਕ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਵਾਰਡ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਵਜੋਂ ਕੰਵਰਪਾਲ ਸਿੰਘ ਚੋਣ ਮੈਦਾਨ ਵਿੱਚ ਨਿੱਤਰ ਰਹੇ ਹਨ। ਦੱਸਣਯੋਗ ਹੈ ਕਿ ਕੰਵਰਪਾਲ ਸਿੰਘ ਪਹਿਲਾਂ ਕਾਂਗਰਸ ਦੇ ਉਮੀਦਵਾਰ ਰਹੇ ਹਨ ਅਤੇ ਕਈ ਵਾਰ ਚੋਣ ਵੀ ਜਿੱਤ ਚੁੱਕੇ ਹਨ, ਪਰ ਪਿਛਲੀ ਯੋਜਨਾ ਦੌਰਾਨ ਉਹ ਕਾਂਗਰਸ ਦਾ ਸਾਥ ਛੱਡ ਕੇ 'ਆਪ' ਵਿੱਚ ਸ਼ਾਮਲ ਹੋ ਗਏ ਸਨ। ਹੁਣ ਸਿਆਸੀ ਗਲਿਆਰਿਆਂ ਵਿੱਚ ਇਹ ਚਰਚਾ ਜ਼ੋਰਾਂ 'ਤੇ ਹੈ ਕਿ ਕਾਂਗਰਸ ਪਾਰਟੀ ਦੇ ਦਿਹਾਤੀ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ ਅੰਦਰਖਾਤੇ ਆਪਣੇ ਪੁਰਾਣੇ ਸਾਥੀ ਅਤੇ ਮੌਜੂਦਾ 'ਆਪ' ਉਮੀਦਵਾਰ ਕੰਵਰਪਾਲ ਸਿੰਘ ਦਾ ਹੀ ਸਮਰਥਨ ਕਰ ਰਹੇ ਹਨ।
ਸੂਤਰਾਂ ਮੁਤਾਬਕ, ਦਿਹਾਤੀ ਪ੍ਰਧਾਨ ਵੱਲੋਂ ਕਾਂਗਰਸ ਦੇ ਇੱਕ ਕਮਜ਼ੋਰ ਮੰਨੇ ਜਾਂਦੇ ਆਗੂ, ਬਹਾਦਰ ਸਿੰਘ, ਨੂੰ ਟਿਕਟ ਦਿਵਾਉਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬਹਾਦਰ ਸਿੰਘ ਪਹਿਲਾਂ ਕੰਵਰਪਾਲ ਸਿੰਘ ਦਾ ਹੀ ਕਰੀਬੀ ਸਾਥੀ ਰਿਹਾ ਹੈ ਅਤੇ ਵਾਰਡ ਵਿੱਚ ਉਸਦਾ ਕੋਈ ਖਾਸ ਸਿਆਸੀ ਆਧਾਰ ਜਾਂ ਪਕੜ ਵੀ ਨਹੀਂ ਹੈ। ਦੋਸ਼ ਲੱਗ ਰਹੇ ਹਨ ਕਿ ਕਮਜ਼ੋਰ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਨਾ ਇੱਕ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਹੈ, ਤਾਂ ਜੋ ਕਾਂਗਰਸ ਦੀ ਹਾਰ ਯਕੀਨੀ ਬਣ ਸਕੇ ਅਤੇ 'ਆਪ' ਉਮੀਦਵਾਰ ਨੂੰ ਸਿੱਧਾ ਫਾਇਦਾ ਪਹੁੰਚਾਇਆ ਜਾ ਸਕੇ।
ਜਦਕਿ, ਜ਼ਮੀਨੀ ਹਕੀਕਤ ਇਹ ਹੈ ਕਿ ਵਾਰਡ ਨੰਬਰ 10 ਵਿੱਚ ਕਾਂਗਰਸ ਕੋਲ ਅਮਨ ਕਪੂਰ ਬੋਬੀ, ਰਾਜਕੁਮਾਰ ਸਮੇਤ ਕਈ ਹੋਰ ਯੋਗ ਅਤੇ ਪੁਰਾਣੇ ਟਕਸਾਲੀ ਆਗੂ ਮੌਜੂਦ ਹਨ, ਜੋ ਚੋਣ ਜਿੱਤਣ ਦਾ ਪੂਰਾ ਦਮਖਮ ਰੱਖਦੇ ਹਨ। ਅਜਿਹੇ ਵਿੱਚ ਮਜ਼ਬੂਤ ਦਾਅਵੇਦਾਰਾਂ ਨੂੰ ਅਣਗੌਲਿਆ ਕਰਕੇ ਇੱਕ ਕਮਜ਼ੋਰ ਉਮੀਦਵਾਰ ਦੀ ਹਮਾਇਤ ਕਰਨਾ ਸਿੱਧੇ ਤੌਰ 'ਤੇ ਵਿਰੋਧੀ ਪਾਰਟੀ ਦੇ ਹੱਕ ਵਿੱਚ ਭੁਗਤਣ ਵੱਲ ਇਸ਼ਾਰਾ ਕਰਦਾ ਹੈ।
ਪ੍ਰਧਾਨ ਨੇ ਧਾਰੀ ਚੁੱਪੀ
ਜਦੋਂ ਇਸ ਪੂਰੇ ਮਾਮਲੇ ਬਾਰੇ ਅਤੇ ਲੱਗ ਰਹੇ ਦੋਸ਼ਾਂ 'ਤੇ ਕਾਂਗਰਸ ਦੇ ਦਿਹਾਤੀ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ ਨਾਲ ਉਨ੍ਹਾਂ ਦਾ ਪੱਖ ਜਾਣਨ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਪਹਿਲਾਂ ਉਨ੍ਹਾਂ ਦਾ ਮੋਬਾਈਲ ਫ਼ੋਨ ਕਾਫੀ ਦੇਰ ਬੰਦ ਆਉਂਦਾ ਰਿਹਾ। ਬਾਅਦ ਵਿੱਚ ਜਦੋਂ ਫ਼ੋਨ ਮਿਲਿਆ ਵੀ, ਤਾਂ ਵਾਰ-ਵਾਰ ਲੰਬੀ ਘੰਟੀ ਜਾਣ ਦੇ ਬਾਵਜੂਦ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ, ਜਿਸ ਕਾਰਨ ਇਨ੍ਹਾਂ ਸਿਆਸੀ ਚਰਚਾਵਾਂ ਅਤੇ ਸ਼ੰਕਿਆਂ ਨੂੰ ਹੋਰ ਵੀ ਬਲ ਮਿਲ ਰਿਹਾ ਹੈ।
- Download Babushahi App
-
-