ਪੰਜਾਬ ਦਾ ਸਿਆਸੀ ਤਾਪਮਾਨ: 'ਦੋਹੀਂ ਦਲੀਂ ਮੁਕਾਬਲਾ ' ਦਾ ਨਵਾਂ ਬਿਰਤਾਂਤ (Narrative) ਸਿਰਜਣ ਦੇ ਯਤਨ...ਤਿਰਛੀ ਨਜ਼ਰ ਬਲਜੀਤ ਬੱਲੀ ਦੀ
ਤਿਰਛੀ ਨਜ਼ਰ ਇਹ ਭਾਂਪ ਰਹੀ ਹੈ ਕਿ ਕੁਝ ਸਮਾਂ ਪਹਿਲਾਂ ਸੂਬੇ ਦੀ ਸਿਆਸੀ ਫ਼ਿਜ਼ਾ ਚ ਸੁਖਬੀਰ ਬਾਦਲ ਦੀ ਅਗਵਾਈ ਹੇਠਲਾ ਅਕਾਲੀ ਦਲ ਵੱਡੀ ਵਿਰੋਧੀ ਧਿਰ ਵਜੋਂ ਉਭਰ ਰਿਹਾ ਦਿਖਾਈ ਦੇ ਰਿਹਾ ਸੀ ਪਰ ਪਿਛਲੇ ਕੁਝ ਹਫਤਿਆਂ ਤੋਂ 2027 ਦੇ ਮੱਦੇਨਜ਼ਰ ਪੰਜਾਬ ਵਿੱਚ ਇਹ ਬਿਰਤਾਂਤ (Narrative) ਸਿਰਜਣ ਦਾ ਯਤਨ ਹੋ ਰਿਹਾ ਹੈ ਕਿ ਪੰਜਾਬ ਦੇ ਸਿਆਸੀ ਪਿੜ ਵਿੱਚ ਅਸਲ ਸਿਆਸੀ ਮੁਕਾਬਲਾ ਬੀਜੇਪੀ ਅਤੇ ਆਮ ਆਦਮੀ ਪਾਰਟੀ ਵਿਚਕਾਰ ਹੈ। ਇਸ ਉਦੇਸ਼ ਲਈ ਜਾਣੇ ਜਾਂ ਅਣਜਾਣੇ ਵਿੱਚ ਕੌਣ, ਕਿਹੜੀ ਅਤੇ ਕਿਸ ਕਿਸਮ ਦੀ ਭੂਮਿਕਾ ਨਿਭਾ ਰਿਹਾ ਹੈ, ਇਸ ਬਾਰੇ ਹਾਲੇ ਕੁਝ ਕਹਿਣਾ ਅਤੇ ਕਈ ਵਾਰ ਹਿਸਾਬ ਲਗਾਉਣਾ ਵੀ ਔਖਾ ਹੁੰਦਾ ਹੈ।
ਹਾਂ, ਪਿਛਲੇ ਸਮੇਂ ਵਿੱਚ ਸਾਹਮਣੇ ਮੱਥੇ ਵਾਪਰੀਆਂ ਉਨ੍ਹਾਂ ਘਟਨਾਵਾਂ ਦਾ ਜ਼ਿਕਰ ਜ਼ਰੂਰੀ ਹੈ, ਜਿਹੜੀਆਂ ਇਹ ਨਰੇਟਿਵ ਬਣਾਉਣ ਦੇ ਯਤਨਾਂ ਵਿੱਚ ਸਹਾਈ ਹੋ ਰਹੀਆਂ ਹਨ। ਪਰਦੇ ਪਿੱਛੇ ਕੀ ਕੁਝ ਹੋ ਰਿਹਾ ਹੈ, ਇਹ ਨਹੀਂ ਪਤਾ।
ਘਟਨਾਵਾਂ ਦੀਆਂ ਕੁਝ ਮਿਸਾਲਾਂ
ਈ.ਡੀ. (ED) ਦੇ ਛਾਪੇ, 7 ਰਾਜ ਸਭਾ ਮੈਂਬਰਾਂ ਦੀ ਦਲਬਦਲੀ ਕਰਕੇ ਬੀਜੇਪੀ ਵਿੱਚ ਰਲੇਵਾਂ।
ਬੇਅਦਬੀ ਵਿਰੋਧੀ ਐਕਟ ਵਾਲਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ, ਇਸ ਵਿੱਚ ਪਾਸ ਕੀਤੇ ਗਏ ਬਿੱਲ 'ਤੇ ਗਵਰਨਰ ਪੰਜਾਬ ਵੱਲੋਂ ਬਿਜਲੀ ਵਰਗੀ ਫੁਰਤੀ ਨਾਲ 'ਹਰੇ ਪੈਨ ਦੀ ਸਹੀ' ਪਾਉਣਾ।
ਬੀਜੇਪੀ ਦਾ ਮੌਕ ਸੈਸ਼ਨ (Mock Session)।
ਜਲੰਧਰ ਅਤੇ ਅੰਮ੍ਰਿਤਸਰ ਵਿੱਚ ਹੋਏ ਆਈ.ਈ.ਡੀ. (IED) ਬਲਾਸਟ।
ਬੀਜੇਪੀ ਵਫ਼ਦ ਵੱਲੋਂ ਰਾਜਪਾਲ ਨੂੰ ਮਿਲ ਕੇ ਅਮਨ-ਕਾਨੂੰਨ ਫੇਲ੍ਹ ਹੋਣ ਕਰਕੇ ਭਗਵੰਤ ਮਾਨ ਦੇ ਅਸਤੀਫ਼ੇ ਦੀ ਮੰਗ।
ਭਗਵੰਤ ਮਾਨ ਵੱਲੋਂ ਧਮਾਕਿਆਂ ਪਿੱਛੇ ਬੀਜੇਪੀ ਦਾ ਵਿਉਂਤਬੱਧ ਹੱਥ ਅਤੇ ਸਾਜ਼ਿਸ਼ ਹੋਣ ਦੇ ਦੋਸ਼ ਦਾ ਸਿਆਸੀ ਧਮਾਕਾ।
ਬੀਜੇਪੀ ਨੇਤਾਵਾਂ ਵੱਲੋਂ ਡੀ.ਜੀ.ਪੀ. ਕੋਲ ਜਾ ਕੇ ਗ੍ਰਿਫ਼ਤਾਰੀ ਲਈ ਪੇਸ਼ ਹੋਣਾ।
ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਲੈ ਕੇ 'ਆਪ' ਦੇ ਭਾਜਪਾ ਦਫ਼ਤਰਾਂ ਅੱਗੇ ਰੋਸ ਵਿਖਾਵੇ।
ਦਲਬਦਲੀ ਕਰਕੇ ਅਕਾਲੀ ਤੋਂ 'ਆਪ' ਵਿਧਾਇਕ ਬਣੇ ਆਗੂ ਵੱਲੋਂ ਬੀਜੇਪੀ ਜ਼ਿਲ੍ਹਾ ਪ੍ਰਧਾਨ ਤੇ ਝਪਟਾ ਮਾਰਨ ਤੱਕ ਦੀਆਂ ਘਟਨਾਵਾਂ
ਇਨ੍ਹਾਂ ਵਿੱਚੋਂ ਸਭ ਤੋਂ ਅਹਿਮ ਸੀ ਭਗਵੰਤ ਮਾਨ ਵੱਲੋਂ ਇਹ ਧਮਾਕੇ ਬੀਜੇਪੀ ਦੀ ਵੱਡੀ ਸਾਜ਼ਿਸ਼ ਦਾ ਹਿੱਸਾ ਹੋਣ ਦਾ ਲਾਇਆ ਗਿਆ ਧਮਾਕੇਦਾਰ ਦੋਸ਼ ਜਿਸ ਨੇ ਪਹਿਲਾਂ ਹੀ ਤਪੇ ਹੋਏ ਸਿਆਸੀ ਮਾਹੌਲ ਨੂੰ ਇਕ ਨਵਾਂ ਅਤੇ ਨਾਟਕੀ ਮੋੜ ਦੇ ਦਿੱਤਾ ।
ਬੇਸ਼ੱਕ ਬੀਜੇਪੀ ਦੀ ਆਪਣੇ ਆਪ ਨੂੰ ਅਮਨ-ਸ਼ਾਂਤੀ ਅਤੇ ਰਾਸ਼ਟਰਵਾਦ ਦੀ ਹਮਾਇਤੀ ਪਾਰਟੀ ਵਜੋਂ ਪੇਸ਼ ਕਰਨ ਵਾਲੀ ਛਵੀ ਲਈ ਲਈ ਇਹ ਘਾਤਕ ਸੀ ਪਰ ਨਾਲ ਹੀ, ਇਸ ਦੋਸ਼ ਨੇ ਪੰਜਾਬ ਦੀ ਮੌਜੂਦਾ ਸਿਆਸੀ ਚਰਚਾ ਦਾ ਕੇਂਦਰ ਹੀ ਬਦਲ ਦਿੱਤਾ ਅਤੇ BJP ਸਿਆਸੀ ਮੰਚ ‘ਤੇ ਆਪਣੀ ਹੋਂਦ ਜਤਾਉਣ ਦਾ ਵੱਡਾ ਮੌਕਾ ਵੀ ਪੈਦਾ ਕਰ ਦਿੱਤਾ।
ਤੇ ਹੁਣ ਸੰਜੀਵ ਅਰੋੜਾ ਦੀ ਗ੍ਰਿਫਤਾਰੀ ਨੇ ਤਾਂ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ ਹੈ.
ਉਂਝ ਪੰਜਾਬ ਦਾ ਸਿਆਸੀ ਤਾਪਮਾਨ ਵੀ ਮੌਸਮ ਵਾਂਗ ਬਦਲਦਾ ਰਹਿੰਦਾ ਹੈ, ਇਸ ਲਈ ਅਗਲੇ ਸਮੇਂ ਇਹ ਕਿਹੋ ਜਿਹਾ ਅਤੇ ਕਿੰਨਾ ਗਰਮ-ਠੰਢਾ ਹੋਵੇਗਾ, ਇਸ ਦਾ ਹਿਸਾਬ ਲਗਾਉਣਾ ਸੌਖਾ ਨਹੀਂ ਹੈ।
ਬਲਜੀਤ ਬੱਲੀ

-
Baljit Balli, Editor-in-Chief Babushahi News Network May10, 2026
tirshinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.