ਪੰਜਾਬ 'ਚ ਝੋਨੇ ਦੀ ਬਿਜਾਈ ਲਈ ਸ਼ਡਿਊਲ ਜਾਰੀ; CM ਮਾਨ ਨੇ ਪਾਣੀ ਅਤੇ ਬਿਜਲੀ ਦੀ ਬਚਤ ਲਈ ਸੂਬੇ ਨੂੰ 4 ਜ਼ੋਨਾਂ 'ਚ ਵੰਡਿਆ
Babushahi Network
ਚੰਡੀਗੜ੍ਹ 29 ਅਪ੍ਰੈਲ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਉਂਦੇ ਝੋਨੇ ਦੇ ਸੀਜ਼ਨ ਲਈ ਬਿਜਾਈ ਅਤੇ ਬਿਜਲੀ ਸਪਲਾਈ ਦਾ ਮੁਕੰਮਲ ਸ਼ਡਿਊਲ ਜਾਰੀ ਕਰ ਦਿੱਤਾ ਹੈ। ਸਰਕਾਰ ਨੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਅਤੇ ਬਿਜਲੀ ਦੇ ਪ੍ਰਬੰਧਨ ਲਈ ਸੂਬੇ ਨੂੰ ਚਾਰ ਵੱਖ-ਵੱਖ ਜ਼ੋਨਾਂ ਵਿੱਚ ਵੰਡ ਕੇ ਬਿਜਾਈ ਕਰਨ ਦਾ ਫੈਸਲਾ ਕੀਤਾ ਹੈ। ਸੂਬੇ ਭਰ ਵਿੱਚ ਝੋਨੇ ਦੀ ਸਿੱਧੀ ਬਿਜਾਈ 15 ਮਈ ਤੋਂ 31 ਮਈ ਤੱਕ ਕੀਤੀ ਜਾ ਸਕੇਗੀ। ਝੋਨੇ ਦੀ ਰਵਾਇਤੀ ਲੁਆਈ 1 ਜੂਨ ਤੋਂ ਪੜਾਅਵਾਰ ਸ਼ੁਰੂ ਹੋਵੇਗੀ।
ਜ਼ੋਨ ਅਨੁਸਾਰ ਬਿਜਾਈ ਦੀਆਂ ਤਰੀਕਾਂ:
-
ਪਹਿਲਾ ਜ਼ੋਨ (15 ਮਈ ਤੋਂ): ਸਿੱਧੀ ਬਿਜਾਈ ਲਈ ਪੂਰਾ ਪੰਜਾਬ।
-
ਦੂਜਾ ਜ਼ੋਨ (1 ਜੂਨ ਤੋਂ): ਗੁਰਦਾਸਪੁਰ, ਪਠਾਨਕੋਟ, ਸ੍ਰੀ ਅੰਮ੍ਰਿਤਸਰ ਸਾਹਿਬ, ਤਰਨ ਤਾਰਨ, ਰੂਪਨਗਰ, ਐਸ.ਏ.ਐਸ. ਨਗਰ (ਮੋਹਾਲੀ), ਫ਼ਤਿਹਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ।
-
ਤੀਜਾ ਜ਼ੋਨ (5 ਜੂਨ ਤੋਂ): ਫ਼ਰੀਦਕੋਟ, ਬਠਿੰਡਾ, ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਫ਼ਾਜ਼ਿਲਕਾ।
-
ਚੌਥਾ ਜ਼ੋਨ (9 ਜੂਨ ਤੋਂ): ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਪਟਿਆਲਾ, ਸੰਗਰੂਰ, ਬਰਨਾਲਾ, ਕਪੂਰਥਲਾ, ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ)।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਖੇਤੀਬਾੜੀ ਸੈਕਟਰ ਨੂੰ ਰੋਜ਼ਾਨਾ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ। ਨਹਿਰੀ ਪਾਣੀ ਦੀ ਸਪਲਾਈ 1 ਮਈ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਬਿਜਾਈ ਵੇਲੇ ਦਿੱਕਤ ਨਾ ਆਵੇ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਨੂੰ ਜ਼ੋਨਾਂ ਵਿੱਚ ਵੰਡਣ ਦੇ ਕਈ ਵੱਡੇ ਫਾਇਦੇ ਹੋਣਗੇ। ਬਿਜਲੀ ਗਰਿੱਡਾਂ 'ਤੇ ਇਕਦਮ ਲੋਡ ਨਹੀਂ ਪਵੇਗਾ, ਜਿਸ ਨਾਲ ਬਿਜਲੀ ਸਪਲਾਈ ਬਿਹਤਰ ਰਹੇਗੀ।
ਸੀਜ਼ਨ ਲੰਬਾ ਹੋਣ ਕਾਰਨ ਕਿਸਾਨਾਂ ਨੂੰ ਲੇਬਰ (ਮਜ਼ਦੂਰਾਂ) ਦੀ ਕਮੀ ਨਹੀਂ ਆਵੇਗੀ। ਸਰਕਾਰ ਨੂੰ ਪਤਾ ਹੋਵੇਗਾ ਕਿ ਕਿਹੜੇ ਜ਼ੋਨ ਦੀ ਫ਼ਸਲ ਪਹਿਲਾਂ ਆਉਣੀ ਹੈ, ਜਿਸ ਨਾਲ ਮੰਡੀਆਂ ਵਿੱਚ ਪਹਿਲਾਂ ਹੀ ਪੁਖ਼ਤਾ ਪ੍ਰਬੰਧ ਕੀਤੇ ਜਾ ਸਕਣਗੇ ਅਤੇ ਭੀੜ ਨਹੀਂ ਪਵੇਗੀ। ਵਾਢੀ ਵੇਲੇ ਵੀ ਕਿਸਾਨਾਂ ਨੂੰ ਕੰਬਾਈਨਾਂ ਲਈ ਜੱਦੋ-ਜਹਿਦ ਨਹੀਂ ਕਰਨੀ ਪਵੇਗੀ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਦੀ ਬਚਤ ਲਈ ਵੱਧ ਤੋਂ ਵੱਧ ਸਿੱਧੀ ਬਿਜਾਈ (DSR) ਵੱਲ ਧਿਆਨ ਦੇਣ।
Click to Follow Babushahi Facebook Page →