ਖੰਨਾ ਤਹਿਸੀਲ 'ਚ ਵੱਡਾ ਘੁਟਾਲਾ: ਜਾਅਲੀ NOC ਰਾਹੀਂ ਰਜਿਸਟਰੀਆਂ ਕਰਨ ਦੇ ਦੋਸ਼; SDM ਵੱਲੋਂ ਜਾਂਚ ਦੇ ਹੁਕਮ
Ravinder Singh Dhillon/Babushahi Network
ਖੰਨਾ 29 ਅਪ੍ਰੈਲ 2026: ਖੰਨਾ ਤਹਿਸੀਲ ਵਿੱਚ ਨਕਲੀ ਐਨ.ਓ.ਸੀ. (NOC) ਦੇ ਅਧਾਰ 'ਤੇ ਰਜਿਸਟਰੀਆਂ ਕਰਨ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਹ ਖੁਲਾਸਾ ਖੰਨਾ ਦੇ ਸਮਾਜਸੇਵੀ ਸਰਬਜੀਤ ਸਿੰਘ ਕੰਗ, ਮਨਿੰਦਰ ਸਿੰਘ ਗਰੇਵਾਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ।
ਸਮਾਜਸੇਵੀ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਰਜਿਸਟਰੀਆਂ 'ਤੇ ਸ਼ੱਕ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਰ.ਟੀ.ਆਈ. (RTI) ਰਾਹੀਂ ਕੁੱਝ ਪਲਾਟਾਂ ਦੇ ਦਸਤਾਵੇਜ਼ ਹਾਸਿਲ ਕੀਤੇ। ਜਾਂਚ ਦੌਰਾਨ ਸਾਹਮਣੇ ਆਇਆ ਕਿ, ਨਗਰ ਕੌਂਸਲ ਵੱਲੋਂ ਜਾਰੀ ਕੀਤੀਆਂ ਗਈਆਂ NOC ਦੇ ਨੰਬਰ ਜਾਅਲੀ ਸਨ। ਵੱਖ-ਵੱਖ ਤਰੀਕਾਂ ਨੂੰ ਜਾਰੀ ਹੋਈਆਂ ਕਈ NOC ਦੇ ਨੰਬਰ ਇੱਕੋ ਹੀ ਸਨ।
ਦੋਸ਼ ਲਾਇਆ ਗਿਆ ਹੈ ਕਿ ਸਿਰਫ਼ ਇੱਕ ਇਲਾਕੇ ਵਿੱਚ ਹੀ ਲਗਭਗ 80 ਅਜਿਹੀਆਂ ਰਜਿਸਟਰੀਆਂ ਹੋਈਆਂ ਹਨ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਵੱਡਾ ਚੂਨਾ ਲੱਗਣ ਦਾ ਖ਼ਦਸ਼ਾ ਹੈ।
ਇਸ ਮਾਮਲੇ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਖੰਨਾ ਦੀ SDM ਸਵਾਤੀ ਟਿਵਾਣਾ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਵਸੀਕਾ ਨਵੀਸਾਂ ਦੀ ਕਥਿਤ ਮਿਲੀਭੁਗਤ ਨਾਲ ਇਹ ਗ਼ਲਤ ਰਜਿਸਟਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਤਹਿਸੀਲਦਾਰ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਅਤੇ ਵੀਰਵਾਰ ਦੁਪਹਿਰ 12 ਵਜੇ ਤੱਕ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਹਨ।
SDM ਨੇ ਵਿਸ਼ਵਾਸ ਦਿਵਾਇਆ ਕਿ ਜਾਂਚ ਰਿਪੋਰਟ ਆਉਣ ਤੋਂ ਬਾਅਦ ਸੱਚਾਈ ਸਾਹਮਣੇ ਆ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਮਾਜਸੇਵੀ ਟੀਮ ਨੇ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਵੀ ਲਿਖਤੀ ਸ਼ਿਕਾਇਤਾਂ ਭੇਜ ਦਿੱਤੀਆਂ ਹਨ।
Click to Follow Babushahi Facebook Page →