ਇੰਡੋ-ਕੈਨੇਡੀਅਨ ਸੀਨੀਅਰ ਸੈਂਟਰ ਵਿਖੇ ਵਿਸਾਖੀ ਨੂੰ ਸਮਰਪਿਤ ਮਹੀਨਾਵਾਰ ਕਵੀ ਦਰਬਾਰ
ਹਰਦਮ ਮਾਨ/ ਬਾਬੂਸ਼ਾਹੀ ਬਿਊਰੋ
ਸਰੀ, 29 ਅਪ੍ਰੈਲ 2026--ਇੰਡੋ-ਕੈਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਵੱਲੋਂ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ ਮਹੀਨਾਵਾਰ ਕਵੀ ਦਰਬਾਰ ਕਰਵਾਇਆ ਗਿਆ। ਸੈਂਟਰ ਦੇ ਉਪਰਲੇ ਹਾਲ ਵਿੱਚ ਹੋਏ ਇਸ ਪ੍ਰਭਾਵਸ਼ਾਲੀ ਸਮਾਗਮ ਦੀ ਪ੍ਰਧਾਨਗੀ ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਨੇ ਕੀਤੀ। ਕਵੀ ਦਰਬਾਰ ਵਿਚ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀਆਂ ਅਤੇ ਲੇਖਕਾਂ ਨੇ ਹਾਜ਼ਰੀ ਭਰੀ। ਕਵੀ ਦਰਬਾਰ ਦੌਰਾਨ 21 ਬੁਲਾਰਿਆਂ ਨੇ ਵੱਖ-ਵੱਖ ਵਿਸ਼ਿਆਂ 'ਤੇ ਆਧਾਰਿਤ ਕਵਿਤਾਵਾਂ, ਸ਼ਿਅਰ, ਬੋਲੀਆਂ ਅਤੇ ਹੋਰ ਸਾਹਿਤਕ ਵੰਨਗੀਆਂ ਪੇਸ਼ ਕੀਤੀਆਂ। ਸਰੋਤਿਆਂ ਨੇ ਭਰਪੂਰ ਉਤਸ਼ਾਹ ਨਾਲ ਹਰ ਰਚਨਾ ਦਾ ਆਨੰਦ ਮਾਣਿਆ।
ਸਮਾਗਮ ਦੇ ਅਖੀਰ ਵਿੱਚ ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਨੇ ਇੱਕ ਵਿਸ਼ੇਸ਼ ਖੁਸ਼ਖਬਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਅੱਜ ਦੇ ਮੁੱਖ ਮਹਿਮਾਨ ਰਾਏ ਅਜ਼ੀਜ਼ਉੱਲਾ ਖਾਨ, ਜੋ ਪਿਛਲੇ 320 ਸਾਲਾਂ ਤੋਂ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ 'ਪਵਿੱਤਰ ਗੰਗਾ ਸਾਗਰ' ਦੀ ਸੇਵਾ-ਸੰਭਾਲ ਕਰ ਰਹੇ ਹਨ, ਦੇ ਘਰ ਪੋਤਰੇ ਦੀ ਦਾਤ ਬਖਸ਼ਿਸ਼ ਹੋਈ ਹੈ। ਇਹ ਖ਼ੁਸ਼ੀ ਸਿਰਫ਼ ਰਾਏ ਪ੍ਰੀਵਾਰ ਦੀ ਨਹੀਂ, ਸਗੋਂ ਪੂਰੀ ਸਿੱਖ ਕੌਮ ਦੀ ਹੈ, ਕਿਉਂਕਿ ਵਾਹਿਗੁਰੂ ਨੇ 'ਗੰਗਾ ਸਾਗਰ' ਦੀ ਸੇਵਾ ਲਈ ਅਗਲਾ ਵਾਰਿਸ ਭੇਜ ਦਿੱਤਾ ਹੈ। ਅਵਤਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਰਾਏ ਖਾਨਦਾਨ ਵਿੱਚ ਪਿਛਲੀਆਂ 9 ਪੀੜ੍ਹੀਆਂ ਤੋਂ ਇੱਕ-ਇੱਕ ਬੇਟਾ ਹੀ ਪੈਦਾ ਹੋ ਰਿਹਾ ਸੀ, ਪਰ ਹੁਣ 10ਵੀਂ ਪੀੜ੍ਹੀ ਵਿੱਚ ਵਾਹਿਗੁਰੂ ਦੀ ਕਿਰਪਾ ਨਾਲ ਜੋੜੀ ਬਣ ਗਈ ਹੈ। ਹਾਜ਼ਰੀਨ ਨੇ ਤਾੜੀਆਂ ਦੀ ਗੂੰਜ ਵਿੱਚ ਨਵਜੰਮੇ ਬੱਚੇ ਦੀ ਤੰਦਰੁਸਤੀ ਅਤੇ ਲੰਬੀ ਉਮਰ ਲਈ ਦੁਆਵਾਂ ਕੀਤੀਆਂ।
ਸਮਾਗਮ ਦੌਰਾਨ ਗੁਰਚਰਨ ਸਿੰਘ ਬਰਾੜ ਨੇ ਆਪਣਾ 96ਵਾਂ ਜਨਮ ਦਿਨ ਮਨਾਉਂਦਿਆਂ ਸਮੂਹ ਹਾਜਰੀਨ ਲਈ ਚਾਹ-ਪਾਣੀ ਦੀ ਸੇਵਾ ਨਿਭਾਈ। ਸਾਰਿਆਂ ਨੇ ਗੁਰਚਰਨ ਸਿੰਘ ਬਰਾੜ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਮਨਜੀਤ ਸਿੰਘ ਮੱਲ੍ਹਾ ਨੇ ਬੜੀ ਕੁਸ਼ਲਤਾ ਨਾਲ ਕੀਤਾ।
Click to Follow Babushahi Facebook Page →