ਪੰਚਾਇਤੀ ਕੁਰਸੀਆਂ ਦੀ ਬਾਂਦਰ-ਵੰਡ ਕੋਈ 'ਟਰਨਿੰਗ ਪੁਆਇੰਟ' ਨਹੀਂ, ਕਾਂਗਰਸ ਹਵਾ 'ਚ ਤੀਰ ਮਾਰਨੇ ਬੰਦ ਕਰੇ - ਬ੍ਰਹਮਪੁਰਾ
- ਸ਼੍ਰੋਮਣੀ ਅਕਾਲੀ ਦਲ ਨੇ ਕਦੇ ਸੱਤਾ ਲਈ ਪਿਛਲੇ ਦਰਵਾਜ਼ੇ ਤੋਂ ਸਮਝੌਤੇ ਨਹੀਂ ਕੀਤੇ, ਕਾਂਗਰਸ-'ਆਪ' ਦਾ 'ਫਰੈਂਡਲੀ ਮੈਚ' ਜਗ-ਜ਼ਾਹਰ
ਤਰਨ ਤਾਰਨ 26 ਮਾਰਚ 2026: ਪਿਛਲੇ ਦਿਨੀਂ ਖਡੂਰ ਸਾਹਿਬ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਮਗਰੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਵੱਲੋਂ ਕੀਤੇ ਜਾ ਰਹੇ ਦਾਅਵਿਆਂ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ, ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਇਸਨੂੰ ਕਾਂਗਰਸ ਦੀ "ਸਿਆਸੀ ਕੰਗਾਲੀ" ਕਰਾਰ ਦਿੱਤਾ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਕਾਂਗਰਸੀ ਆਗੂ ਇੱਕ ਛੋਟੀ ਜਿਹੀ ਸੰਮਤੀ ਦੀ ਕੁਰਸੀ ਮਿਲਣ 'ਤੇ ਇੰਝ ਜਸ਼ਨ ਮਨਾ ਰਹੇ ਹਨ, ਜਿਵੇਂ ਉਨ੍ਹਾਂ ਨੇ ਕੋਈ ਵੱਡੀ ਜੰਗ ਫ਼ਤਿਹ ਕਰ ਲਈ ਹੋਵੇ।
ਸ੍ਰ. ਬ੍ਰਹਮਪੁਰਾ ਨੇ ਤੱਥਾਂ ਦੇ ਆਧਾਰ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਕਾਂਗਰਸੀ ਆਗੂ ਖੁਦ ਮੰਨ ਰਹੇ ਹਨ ਕਿ ਉਨ੍ਹਾਂ ਨੂੰ ਇਹ ਕੁਰਸੀ ਲੈਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਅੱਗੇ ਧਰਨੇ ਲਗਾਉਣੇ ਪਏ ਅਤੇ ਮਿੰਨਤਾਂ ਕਰਨੀਆਂ ਪਈਆਂ। ਇਹ ਸਪੱਸ਼ਟ ਕਰਦਾ ਹੈ ਕਿ ਇਹ ਜਿੱਤ ਲੋਕ ਫ਼ਤਵਾ ਘੱਟ ਅਤੇ ਕਾਂਗਰਸ-'ਆਪ' ਦੀ ਆਪਸੀ ਮਿਲੀਭੁਗਤ ਅਤੇ 'ਫਰੈਂਡਲੀ ਮੈਚ' ਵੱਧ ਹੈ। ਉਨ੍ਹਾਂ ਕਿਹਾ ਕਿ ਜੇਕਰ ਸੱਤਾਧਾਰੀ ਧਿਰ ਅੰਦਰਖਾਤੇ ਸਹਿਮਤ ਨਾ ਹੁੰਦੀ ਤਾਂ ਇਹ ਸੰਮਤੀ ਬਣਨੀ ਸੰਭਵ ਨਹੀਂ ਸੀ। ਇਹ ਸਭ ਸ਼੍ਰੋਮਣੀ ਅਕਾਲੀ ਦਲ ਨੂੰ ਪਾਸੇ ਰੱਖਣ ਦੀਆਂ ਸਾਜ਼ਿਸ਼ਾਂ ਦਾ ਹਿੱਸਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤਾਂ ਦਾ ਜ਼ਿਕਰ ਕਰਦਿਆਂ ਸ੍ਰ. ਬ੍ਰਹਮਪੁਰਾ ਨੇ ਸਪੱਸ਼ਟ ਕੀਤਾ ਕਿ, "ਅਕਾਲੀ ਦਲ ਦੀ ਆਪਣੀ ਇੱਕ ਆਜ਼ਾਦ ਅਤੇ ਵੱਖਰੀ ਪਛਾਣ ਹੈ। ਅਸੀਂ ਆਪਣੇ ਸਿਆਸੀ ਇਤਿਹਾਸ ਵਿੱਚ ਕਦੇ ਵੀ ਸਿਰਫ਼ ਕੁਰਸੀ ਪ੍ਰਾਪਤ ਕਰਨ ਦੀ ਖਾਤਰ ਕਿਸੇ ਸੱਤਾਧਾਰੀ ਪਾਰਟੀ ਨਾਲ ਪਿਛਲੇ ਦਰਵਾਜ਼ੇ ਤੋਂ ਸਮਝੌਤੇ ਨਹੀਂ ਕੀਤੇ ਅਤੇ ਨਾ ਹੀ ਕਦੇ ਵਿਰੋਧੀਆਂ ਦਾ ਸਮਰਥਨ ਲਿਆ ਹੈ। ਸਾਡਾ ਭਰੋਸਾ ਲੋਕਾਂ ਦੇ ਸਿੱਧੇ ਫ਼ਤਵੇ ਵਿੱਚ ਹੈ।
ਕਾਂਗਰਸ ਵੱਲੋਂ ਇਸ ਸੰਮਤੀ ਚੋਣ ਨੂੰ ਖਡੂਰ ਸਾਹਿਬ ਲਈ 'ਟਰਨਿੰਗ ਪੁਆਇੰਟ' ਕਹਿਣ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਇਲਾਕੇ ਦਾ ਅਸਲੀ ਟਰਨਿੰਗ ਪੁਆਇੰਟ ਪੰਚਾਇਤੀ ਜਾਂ ਸੰਮਤੀ ਕੁਰਸੀਆਂ ਦੀ ਬਾਂਦਰ-ਵੰਡ ਨਾਲ ਨਹੀਂ ਆਵੇਗਾ। ਅਸਲੀ ਬਦਲਾਅ ਉਦੋਂ ਆਵੇਗਾ ਜਦੋਂ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਅਤੇ 'ਆਪ' ਸਰਕਾਰ ਦੇ ਮਾਫ਼ੀਆ ਰਾਜ ਦਾ ਅੰਤ ਹੋਵੇਗਾ।
ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਅੱਜ ਜਦੋਂ ਪੰਜਾਬ ਵਿੱਚ ਗਗਨਦੀਪ ਰੰਧਾਵਾ ਵਰਗੇ ਇਮਾਨਦਾਰ ਅਫ਼ਸਰਾਂ ਦੀ ਜਾਨ ਜਾ ਰਹੀ ਹੈ, ਕਾਨੂੰਨ ਵਿਵਸਥਾ ਢਹਿ-ਢੇਰੀ ਹੈ ਅਤੇ ਕਿਸਾਨ ਸੜਕਾਂ 'ਤੇ ਰੁਲ ਰਹੇ ਹਨ, ਉਸ ਵੇਲੇ ਕਾਂਗਰਸੀ ਆਗੂਆਂ ਦਾ ਛੋਟੀਆਂ ਕੁਰਸੀਆਂ ਪਿੱਛੇ ਭੰਗੜੇ ਪਾਉਣਾ ਉਨ੍ਹਾਂ ਦੀ ਛੋਟੀ ਸੋਚ ਅਤੇ ਪੰਜਾਬ ਦੇ ਅਸਲ ਮੁੱਦਿਆਂ ਪ੍ਰਤੀ ਅਸੰਵੇਦਨਸ਼ੀਲਤਾ ਦਾ ਪ੍ਰਗਟਾਵਾ ਹੈ।
Click to Follow Babushahi Facebook Page →