ਜਗਰਾਉਂ 'ਚ ਘਰੇਲੂ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਦਾ ਪਰਦਾਫਾਸ਼
ਕਵਰੇਜ ਕਰਨ ਗਏ ਪੱਤਰਕਾਰਾਂ ਨਾਲ ਬਦਸਲੂਕੀ
ਬਾਲ ਮਜ਼ਦੂਰੀ ਦਾ ਮਾਮਲਾ ਵੀ ਆਇਆ ਸਾਹਮਣੇ
ਜਗਰਾਉਂ (ਦੀਪਕ ਜੈਨ)ਵਿੱਚ ਆਮ ਲੋਕਾਂ ਲਈ ਘਰੇਲੂ ਗੈਸ ਸਿਲੰਡਰਾਂ ਦੀ ਭਾਰੀ ਕਿੱਲਤ ਦੇ ਵਿਚਕਾਰ, ਇਹਨਾਂ ਦੀ ਵਪਾਰਕ ਵਰਤੋਂ ਅਤੇ ਕਾਲਾਬਾਜ਼ਾਰੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜ਼ਮੀਨੀ ਪੱਧਰ 'ਤੇ ਸੱਚਾਈ ਸਾਹਮਣੇ ਲਿਆਉਣ ਗਈ ਪੱਤਰਕਾਰਾਂ ਦੀ ਟੀਮ ਨਾਲ ਇੱਕ ਸਥਾਨਕ ਮਿਠਾਈ ਵਿਕਰੇਤਾ ਵੱਲੋਂ ਗੁੰਡਾਗਰਦੀ ਕਰਨ ਅਤੇ ਬਾਲ ਮਜ਼ਦੂਰੀ ਕਰਵਾਉਣ ਵਰਗੇ ਗੰਭੀਰ ਮਾਮਲੇ ਵੀ ਉਜਾਗਰ ਹੋਏ ਹਨ।
ਰੇਹੜੀਆਂ ਅਤੇ ਦੁਕਾਨਾਂ 'ਤੇ ਸ਼ਰੇਆਮ ਹੋ ਰਹੀ ਘਰੇਲੂ ਸਿਲੰਡਰਾਂ ਦੀ ਵਰਤੋਂ
ਜਾਣਕਾਰੀ ਅਨੁਸਾਰ, ਜਦੋਂ ਪੱਤਰਕਾਰਾਂ ਦੀ ਟੀਮ ਨੇ ਸ਼ਹਿਰ ਵਿੱਚ ਗੈਸ ਸਿਲੰਡਰਾਂ ਦੀ ਕਿੱਲਤ ਸਬੰਧੀ ਪੜਤਾਲ ਕੀਤੀ ਤਾਂ ਵੱਖ-ਵੱਖ ਖਾਣ-ਪੀਣ ਵਾਲੀਆਂ ਰੇਹੜੀਆਂ ਅਤੇ ਦੁਕਾਨਾਂ 'ਤੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਘਰੇਲੂ (ਲਾਲ) ਗੈਸ ਸਿਲੰਡਰਾਂ ਦੀ ਸ਼ਰੇਆਮ ਵਪਾਰਕ ਵਰਤੋਂ ਹੁੰਦੀ ਪਾਈ ਗਈ। ਕਈ ਰੇਹੜੀ ਚਾਲਕਾਂ ਨੇ ਕੈਮਰੇ ਅੱਗੇ ਦੱਬੀ ਜ਼ੁਬਾਨ ਵਿੱਚ ਇਹ ਸੱਚ ਕਬੂਲਿਆ ਕਿ ਉਹ ਇਹ ਸਿਲੰਡਰ ਬਲੈਕ ਮਾਰਕੀਟ ਵਿੱਚ, ਮੌਜੂਦਾ ਕੀਮਤ ਤੋਂ ਵੱਧ ਪੈਸੇ ਦੇ ਕੇ ਖਰੀਦਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਪਾਸੇ ਆਮ ਪਰਿਵਾਰਾਂ ਨੂੰ ਸਿਲੰਡਰ ਲੈਣ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ, ਪਰ ਦੂਜੇ ਪਾਸੇ ਮੁਨਾਫਾਖੋਰ ਵਾਧੂ ਪੈਸੇ ਦੇ ਕੇ ਬਿਨਾਂ ਕਿਸੇ ਕਾਗਜ਼ੀ ਕਾਰਵਾਈ ਦੇ ਧੜੱਲੇ ਨਾਲ ਸਿਲੰਡਰ ਪ੍ਰਾਪਤ ਕਰ ਰਹੇ ਹਨ।
ਬਾਲ ਮਜ਼ਦੂਰੀ ਅਤੇ ਗੈਸ ਦੀ ਗੈਰ-ਕਾਨੂੰਨੀ ਵਰਤੋਂ ਕੈਮਰੇ 'ਚ ਕੈਦ
ਇਸੇ ਦੌਰਾਨ ਪੱਤਰਕਾਰਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਤਹਿਸੀਲ ਰੋਡ ਸਥਿਤ ਦੁਕਾਨ ਮਾਲਕ ਵੱਲੋਂ ਦੁਕਾਨ ਦਾ ਸਾਮਾਨ ਤਿਆਰ ਕਰਨ ਲਈ ਆਪਣੇ ਘਰ ਵਿੱਚ ਹੀ ਘਰੇਲੂ ਗੈਸ ਸਿਲੰਡਰਾਂ ਦੀ ਵੱਡੇ ਪੱਧਰ 'ਤੇ ਵਰਤੋਂ ਕੀਤੀ ਜਾ ਰਹੀ ਹੈ। ਜਦੋਂ ਪੱਤਰਕਾਰਾਂ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਉੱਥੇ ਨਾ ਸਿਰਫ਼ ਘਰੇਲੂ ਗੈਸ ਦੀ ਵਪਾਰਕ ਵਰਤੋਂ ਹੋ ਰਹੀ ਸੀ, ਸਗੋਂ ਛੋਟੀ ਉਮਰ ਦੇ ਬੱਚਿਆਂ ਤੋਂ ਵੀ ਮਜ਼ਦੂਰੀ ਕਰਵਾਈ ਜਾ ਰਹੀ ਸੀ, ਜੋ ਕਿ ਕਾਨੂੰਨੀ ਤੌਰ 'ਤੇ ਸਖ਼ਤ ਅਪਰਾਧ ਹੈ। ਪੱਤਰਕਾਰਾਂ ਨੇ ਇਸ ਸਾਰੀ ਗੈਰ-ਕਾਨੂੰਨੀ ਗਤੀਵਿਧੀ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਕਰ ਲਿਆ।
ਦੁਕਾਨਦਾਰ ਵੱਲੋਂ ਪੱਤਰਕਾਰਾਂ ਨਾਲ ਬਦਸਲੂਕੀ ਅਤੇ ਮੋਬਾਈਲ ਖੋਹਣ ਦੀ ਘਟਨਾ
ਇਸ ਸਬੰਧੀ ਪੱਖ ਜਾਣਨ ਲਈ ਜਦੋਂ ਪੱਤਰਕਾਰਾਂ ਦੀ ਟੀਮ ਉਕਤ ਦੁਕਾਨ 'ਤੇ ਪਹੁੰਚੀ, ਤਾਂ ਉੱਥੇ ਵੀ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਹੋ ਰਹੀ ਸੀ। ਜਦੋਂ ਪੱਤਰਕਾਰਾਂ ਨੇ ਇਸ ਦੀ ਕਵਰੇਜ ਕਰਨ ਲਈ ਫੋਟੋ ਖਿੱਚਣੀ ਚਾਹੀ ਤਾਂ ਦੁਕਾਨਦਾਰ ਅੱਗ-ਬਬੂਲਾ ਹੋ ਗਿਆ। ਆਪਣੀਆਂ ਗਲਤੀਆਂ ਲੁਕਾਉਣ ਲਈ ਉਸ ਨੇ ਪੱਤਰਕਾਰ ਦਾ ਮੋਬਾਈਲ ਖੋਹ ਲਿਆ, ਭੱਦੀ ਸ਼ਬਦਾਵਲੀ ਵਰਤੀ ਅਤੇ ਹੱਥੋਪਾਈ 'ਤੇ ਉੱਤਰ ਆਇਆ। ਤੈਸ਼ ਵਿੱਚ ਆਏ ਦੁਕਾਨਦਾਰ ਨੇ ਪੱਤਰਕਾਰਾਂ ਨੂੰ ਝੂਠਾ ਠਹਿਰਾਉਣ ਦੀ ਕੋਸ਼ਿਸ਼ ਕੀਤੀ ਅਤੇ ਗੰਭੀਰ ਨਤੀਜੇ ਭੁਗਤਣ (ਦੇਖ ਲੈਣ) ਦੀਆਂ ਧਮਕੀਆਂ ਵੀ ਦਿੱਤੀਆਂ।
ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ
ਇਸ ਘਟਨਾ ਨੇ ਖੁਰਾਕ ਤੇ ਸਪਲਾਈ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪੱਤਰਕਾਰ ਭਾਈਚਾਰੇ ਅਤੇ ਸ਼ਹਿਰ ਦੇ ਜਾਗਰੂਕ ਨਾਗਰਿਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ:
ਘਰੇਲੂ ਗੈਸ ਦੀ ਕਾਲਾਬਾਜ਼ਾਰੀ ਕਰਨ ਵਾਲੇ ਮਾਫੀਏ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇ।
ਬਾਲ ਮਜ਼ਦੂਰੀ ਕਰਵਾਉਣ ਵਾਲੇ ਅਦਾਰਿਆਂ 'ਤੇ ਬਣਦੀ ਕਾਨੂੰਨੀ ਕਾਰਵਾਈ ਹੋਵੇ।
ਆਪਣੀ ਡਿਊਟੀ ਨਿਭਾ ਰਹੇ ਪੱਤਰਕਾਰਾਂ 'ਤੇ ਹਮਲਾ ਕਰਨ ਅਤੇ ਧਮਕੀਆਂ ਦੇਣ ਵਾਲੇ ਦੁਕਾਨਦਾਰ ਖਿਲਾਫ਼ ਤੁਰੰਤ ਪਰਚਾ ਦਰਜ ਕੀਤਾ ਜਾਵੇ।
Click to Follow Babushahi Facebook Page →