CRIME SPECIALਪੰਜਾਬੀ ਫਿਲਮ ‘ਰੋਂਦੇ ਸਾਰੇ ਵਿਆਹ ਪਿੱਛੋਂ’ ਦੀ ਤਰਜ ’ਤੇ ਵਿਆਹਾਂ ਨੂੰ ਬਣਾਇਆ ਲੁੱਟ ਦਾ ਜੁਗਾੜ
ਅਸ਼ੋਕ ਵਰਮਾ
ਬਠਿੰਡਾ , 2 ਮਾਰਚ 2026 : ਸਮਾਜ ’ਚ ਮੰਨਿਆ ਜਾਂਦਾ ਹੈ ਕਿ ਕੁੜੀਆਂ ਹੁਣ ਮੁੰਡਿਆਂ ਨਾਲੋਂ ਕਿਸੇ ਵੀ ਖੇਤਰ ’ਚ ਘੱਟ ਨਹੀਂ ਹਨ। ਬਠਿੰਡਾ ’ਚ ਇੱਕ ਔਰਤ ਨੇ ਨਾਂ ਕੇਵਲ ਇਸ ਕਥਨ ਨੂੰ ਸੱਚ ਕਰ ਦਿਖਾਇਆ ਬਲਕਿ ਇਹ ਵੀ ਦਰਸਾਇਆ ਹੈ ਕਿ ਔਰਤ ਚਾਹੇ ਤਾਂ ਅੰਬਰਾਂ ਨੂੰ ਟਾਕੀ ਲਾ ਸਕਦੀ ਹੈ। ਸ਼ਹਿਰ ’ਚ ਅਜਿਹਾ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਆਹੁਤਾ ਔਰਤ ਤੇ ਆਪਣੇ ਪਤੀ ਅਤੇ ਤਿੰਨ ਬੱਚਿਆਂ ਨੂੰ ਛੱਡਕੇ ਵੱਖ ਵੱਖ ਸੂਬਿਆਂ ’ਚ ਤਿੰਨ ਵਿਆਹ ਕਰਨ ਅਤੇ ਹਰ ਵਾਰ ਸੋਨੇ ਦੇ ਗਹਿਣੇ ’ਤੇ ਨਕਦੀ ਲੁੱਟਣ ਪਿੱਛੋਂ ਫਰਾਰ ਹੋਣ ਦੇ ਦੋਸ਼ ਲੱਗੇ ਹਨ। ਮਾਮਲਾ ਐਸਐਸਐਸਪੀ ਕੋਲ ਪੁੱਜਣ ਮਗਰੋਂ ਪੁਲਿਸ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਇਸ ਲੁਟੇਰੀ ਬਹੂ ਨੇ ਆਪਣੀ ਮਾਂ ਨਾਲ ਮਿਲਕੇ ਗਿਰੋਹ ਬਣਾਇਆ ਹੋਇਆ ਹੈ ਜੋ ਸ਼ਾਦੀ ਦੇ ਨਾਮ ਹੇਠ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ।
ਇਸ ਹੈਰਾਨਕੁੰਨ ਮਾਮਲੇ ਦਾ ਭੇਦ ਉਸ ਵਕਤ ਖੁੱਲਿ੍ਹਆ ਜਦੋਂ ਮੱਧ ਪ੍ਰਦੇਸ਼ ਦੇ ਇੱਕ ਨੌਜਵਾਨ ਨੇ ਖੁਦ ਨੂੰ ਠੱਗੀ ਦਾ ਸ਼ਿਕਾਰ ਦੱਸਦਿਆਂ ਮਹਿਲਾ ਦੇ ਪਹਿਲੇ ਪਤੀ ਨੂੰ ਫੋਨ ਕਰ ਲਿਆ ਜਿਸ ਨੇ ਜਿਲ੍ਹਾ ਪੁਲਿਸ ਬਠਿੰਡਾ ਨੂੰ ਸ਼ਕਾਇਤ ਦਿੱਤੀ ਹੈ। ਸ਼ਕਾਇਤਕਰਤਾ ਰਾਜਨ ਕੁਮਾਰ ਵਾਸੀ ਬਠਿੰਡਾ ਨੇ ਪੁਲਿਸ ਨੂੰ ਦਿੱਤੀ ਸ਼ਕਾਇਤ ’ਚ ਦੱਸਿਆ ਹੈ ਕਿ ਤਕਰੀਬਨ 12 ਸਾਲ ਪਹਿਲਾਂ ਉਸ ਦਾ ਵਿਆਹ ਰਮਨ ਨਾਂ ਦੀ ਔਰਤ ਨਾਲ ਹੋਇਆ ਸੀ। ਸ਼ਕਾਇਤ ’ਚ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਦੇ ਘਰ ਦੋ ਜੌੜੀਆਂ ਧੀਆਂ ਅਤੇ ਇੱਕ ਲੜਕੇ ਨੇ ਜਨਮ ਲਿਆ ਸੀ। ਰਾਜਨ ਨੇ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾਂ ਉਸ ਦੀ ਪਤਨੀ ਬਿਨਾਂ ਕਿਸੇ ਨੂੰ ਦੱਸੇ ਘਰੋਂ ਲੱਖਾਂ ਦੇ ਸੋਨੇ ਦੇ ਗਹਿਣੇ ਲੈਕੇ ਭੱਜ ਗਈ ਸੀ। ਰਾਜਨ ਨੇ ਸ਼ਕਾਇਤ ’ਚ ਦੋਸ਼ ਲਾਇਆ ਹੈ ਕਿ ਉਸ ਦੀ ਪਤਨੀ ਨੇ ਬਿਨਾਂ ਤਲਾਕ ਦਿੱਤੇ ਦੂਸਰੇ ਸੂਬਿਆਂ ’ਚ ਸ਼ਾਦੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

ਰਾਜਨ ਅਨੁਸਾਰ ਇਸ ਔਰਤ ਨੇ ਪਹਿਲਾਂ ਰਾਜਸਥਾਨ ’ਚ ਇੱਕ ਵਿਅਕਤੀ ਨਾ ਵਿਆਹ ਕਰਵਾ ਲਿਆ ਅਤੇ ਸੋਨਾ ਤੇ ਨਕਦੀ ਲੈਕੇ ਫਰਾਰ ਹੋ ਗਈ। ਇਸ ਤੋਂ ਬਾਅਦ ਉਹ ਮੱਧ ਪ੍ਰਦੇਸ਼ ਪੁੱਜੀ ਜਿੱਥੇ ਉਸ ਨੇ ਕਥਿਤ ਤੌਰ ’ਤੇ ਪ੍ਰੀਤੀ ਦੇ ਨਾਮ ਵਾਲਾ ਅਧਾਰ ਕਾਰਡ ਬਣਾਇਆ ਅਤੇ ਇੱਕ ਹੋਰ ਨੌਜਵਾਨ ਨਾਲ ਵਿਆਹ ਕਰਵਾ ਲਿਆ। ਦੋਸ਼ ਲੱਗੇ ਹਨ ਕਿ ਉੱਥੋਂ ਵੀ ਉਹ ਕਰੀਬ ਪੰਜ ਲੱਖ ਰੁਪਏ ਅਤੇ ਸੋਨੇ ਦੇ ਕਹਿਣੇ ਲੈਕੇ ਗਾਇਬ ਹੋ ਗਈ। ਮਾਮਲੇ ਦੀਆਂ ਪਰਤਾਂ ਉਸ ਵਕਤ ਖੁੱਲੀਆਂ ਜਦੋਂ ਮੱਧ ਪ੍ਰਦੇਸ਼ ਦੇ ਨੌਜਵਾਨ ਨੇ ਠੱਗੀ ਦਾ ਸ਼ਿਕਾਰ ਦੱਸਦਿਆਂ ਰਾਜਨ ਨੂੰ ਫੋਨ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ। ਔਰਤ ਦੇ ਤਿੰਨਾਂ ਵਿਆਹਾਂ ਦੀਆਂ ਤਸਵੀਰਾਂ ਵੀ ਪਹਿਲੇ ਪਤੀ ਕੋਲ ਪੁੱਜ ਗਈਆਂ। ਸੂਤਰ ਦੱਸਦੇ ਹਨ ਕਿ ਮਾਮਲੇ ਦੀ ਜਾਂਚ ਕਰਨ ਲਈ ਮੱਧ ਪ੍ਰਦੇਸ਼ ਪੁਲਿਸ ਵੀ ਬਠਿੰਡਾ ਪੁੱਜੀ ਜਿਸ ਨੂੰ ਇਸ ਕਾਂਡ ’ਚ ਉਸ ਦੇ ਪਹਿਲੇ ਪਤੀ ਦਾ ਹੱਥ ਹੋਣ ਦਾ ਸ਼ੱਕ ਸੀ।
ਹਾਲਾਂਕਿ ਰਾਜਨ ਕੁਮਾਰ ਦਾ ਕਹਿਣਾ ਸੀ ਕਿ ਉਸ ਨੂੰ ਆਪਣੀ ਪਤਨੀ ਦੀਆਂ ਗਤੀਵਿਧੀਆਂ ਬਾਰੇ ਕੋਈ ਜਾਣਕਾਰੀ ਨਹੀਂ ਸੀ । ਰਾਜਨ ਨੇ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਪਹਿਲਾਂ ਹੀ ਬੇਦਖਲ ਕਰ ਚੁੱਕਿਆ ਹੈ। ਰਾਜਨ ਅਨੁਸਾਰ ਜਦੋਂ ਹੀ ਉਸ ਨੂੰ ਸਚਾਈ ਪਤਾ ਲੱਗੀ ਤਾਂ ਉਸ ਨੇ ਐਐਸਪੀ ਬਠਿੰਡਾ ਨੂੰ ਲਿਖਤੀ ਸ਼ਕਾਇਤ ਦਿੱਤੀ ਜਿਸ ਪਿੱਛੋਂ ਮਾਮਲਾ ਮਹਿਲਾ ਥਾਣੇ ਦੇ ਹਵਾਲੇ ਕੀਤਾ ਗਿਆ ਹੈ। ਰਾਜਨ ਨੇ ਦੋਸ਼ ਲਾਇਆ ਕਿ ਔਰਤ ਨੇ ਆਪਣੀ ਮਾਂ ਨਾਲ ਮਿਲਕੇ ਵਿਆਹ ਦੇ ਨਾਮ ਹੇਠ ਠੱਗੀਆਂ ਮਾਰਨ ਲਈ ਗਿਰੋਹ ਬਣਾਇਆ ਹੋਇਆ ਹੈ। ਉਸ ਨੇ ਦੱਸਿਆ ਕਿ ਦੋਵੇਂ ਵੱਖ ਵੱਖ ਥਾਵਾਂ ’ਤੇ ਰਿਸ਼ਤੇ ਤੈਅ ਕਰਦੀਆਂ ਹਨ ਅਤੇ ਵਿਆਹ ਤੋਂ ਬਾਅਦ ਨਕਦੀ ਤੇ ਗਹਿਣੇ ਲੈਕੇ ਫਰਾਰ ਹੋ ਜਾਂਦੀਆਂ ਹਨ। ਰਾਜਨ ਨੇ ਇਸ ਔਰਤ ਖਿਲਾਫ ਸੋਨੇ ਦੇ ਗਹਿਣੇ ਚੋਰੀ ਕਰਨ , ਬਿਨਾਂ ਤਲਾਕ ਵਿਆਹ ਅਤੇ ਧੋਖਾਧੜੀ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ।
ਤਫਤੀਸ਼ ਪਿੱਛੋਂ ਕਾਰਵਾਈ
ਮਹਿਾਲਾ ਥਾਣੇ ਦੀ ਇੰਚਾਰਜ ਦਾ ਕਹਿਣਾ ਸੀ ਕਿ ਸ਼ਕਾਇਤ ਦੇ ਅਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੋਰਨਾਂ ਸੂਬਿਆਂ ਤੋਂ ਇੰਨ੍ਹਾਂ ਸ਼ਾਦੀਆਂ ਨਾਲ ਸਬੰਧ ਤੱਥ ਮੰਗਵਾਏ ਜਾ ਰਹੇ ਹਨ ਅਤੇ ਹੋਰ ਦਸਤਾਵੇਜਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਤੱਥਾਂ ਦੀ ਪੁਸ਼ਟੀ ਕਰਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ।
ਰੋਂਦੇ ਸਾਰੇ ਵਿਆਹ ਪਿੱਛੋਂ
ਫਿਲਾਹਲ ਆਪਣੀ ਕਿਸਮ ਦਾ ਇਹ ਅਜੀਬੋ ਗਰੀਬ ਮਾਮਲਾ ਸ਼ਹਿਰ ’ਚ ਵੱਡੀ ਪੱਧਰ ’ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵਿਆਹ ਕਾਂਡ ਦੀ ਅਸਲੀਅਤ ਜਾਂਚ ਮੁਕੰਮਲ ਹੋਣ ਤੋਂ ਬਾਅਦ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਕਾਫੀ ਸਮਾਂ ਪਹਿਲਾਂ ਇੱਕ ਪੰਜਾਬੀ ਫਿਲਮ ਆਈ ਸੀ ਜਿਸ ਦਾ ਨਾਮ ਆਰਐਸਵੀਪੀ ਯਾਨੀ ਰੋਂਦੇ ਸਾਰੇ ਵਿਆਹ ਪਿੱਛੋਂ ਸੀ ਜਿਸ ਦਾ ਸਾਰ ਤੱਤ ਇਸ ਮਾਮਲੇ ਨਾਲ ਮਿਲਦਾ ਜੁਲਦਾ ਹੈ। ਇਸ ਫਿਲਮ ਦੀ ਹੀਰੋਇਨ ਵੀ ਕਈ ਥਾਈਂ ਵਿਆਹ ਕਰਵਾਉਣ ਪਿੱਛੋਂ ਗਹਿਣੇ ਵਗੈਰਾ ਲੈਕੇ ਫਰਾਰ ਹੋ ਜਾਂਦੀ ਸੀ। ਬਠਿੰਡਾ ਨਾਲ ਜੁੜਿਆ ਆਰਐਸਵੀਪੀ ਵਰਗਾ ਮਾਮਲਾ ਕੀ ਰੰਗ ਲਿਆਉਂਦਾ ਹੈ ਇਸ ਦੇ ਨਤੀਜਿਆਂ ’ਤੇ ਨਜ਼ਰਾਂ ਟਿਕੀਆਂ ਹੋਈਆਂ ਹਨ।
Click to Follow Babushahi Facebook Page →