ਕਿਸਾਨ ਮੋਰਚੇ ਦੇ ਸੱਦੇ ਤੇ 26 ਦੀ ਬਠਿੰਡਾ ਜਬਰ ਵਿਰੋਧੀ ਰੋਸ ਰੈਲੀ ਸੰਬੰਧੀ ਜਥੇਬੰਦੀਆਂ ਦੀ ਮੀਟਿੰਗ
ਅਸ਼ੋਕ ਵਰਮਾ
ਰਾਮਪੁਰਾ ,24 ਮਈ 2025 :ਸੰਯੁਕਤ ਕਿਸਾਨ ਮੋਰਚੇ ਨਾਲ਼ ਸਬੰਧਤਤ ਜਥੇਬੰਦੀਆਂ ਦੀ ਮੀਟਿੰਗ ਰਾਮਪੁਰਾ ਪਿੰਡ ਗੁਰੁਦੁਆਰਾ ਸੰਤਾ ਸਿੰਘ ਵਿਖੇ ਹੋਈ। ਭਾਰਤੀ ਕਿਸਾਨ ਯੁਨੀਅਨ ਏਕਤਾ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਦੀ ਆਵਾਜ਼ ਨੂੰ ਕੁਚਲਣ ,ਧਰਨਿਆਂ, ਮੁਜ਼ਾਹਰਿਆਂ ,ਹੜਤਾਲਾਂ ਵਰਗੀਆਂ ਸਧਾਰਨ ਪ੍ਰਵਾਨਿਤ ਸੰਘਰਸ਼ ਸ਼ਕਲਾਂ ਨੂੰ ਵੀ ਗੈਰ-ਕਾਨੂੰਨੀ ਕਰਾਰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ । ਪੰਜਾਬ ਦੇ ਲੋਕਾਂ ਨੂੰ ਆਪਣੇ ਹੱਕਾਂ ਲਈ ਧਰਨਿਆਂ ਮੁਜ਼ਾਹਰਿਆਂ ਤੋ ਬਿਨਾ ਹੋਰ ਕੋਈ ਰਾਹ ਨਹੀ ਦਿਸਦਾ , ਇਹ ਕਾਰਪੋਰੇਟ ਲੋਕ ਕਾਨੂੰਨ ਦੀ ਆੜ ਹੇਠ ਸਾਡੀਆਂ ਜ਼ਮੀਨਾਂ ਨੂੰ ਦੱਬਣ ਦਾ ਯਤਨ ਕਰਦੇ ਕਰ ਰਹੇ ਹਨ ਜਿਸ ਕਰਕੇ ਬਹੁਤ ਸਾਰੇ ਪਿੰਡਾਂ ਵਿੱਚ ਇਸੇ ਰੌਲੇ ਕਰਕੇ ਪੱਕੇ ਮੋਰਚੇ ਲੱਗੇ ਹੋਏ ਹਨ।ਪੰਜਾਬ ਸਰਕਾਰ ਸਮਾਜ ਦੇ ਵੱਖ ਵੱਖ ਮਿਹਨਤਕਸ਼ ਵਰਗਾਂ ਦੇ ਹੱਕੀ ਮਸਲੇ ਹੱਲ ਕਰਨ ਵਿੱਚ ਨਾਕਾਮ ਰਹੀ ਹੈ ।
ਉਹਨਾਂ ਕਿਹਾ ਕਿ ਆਦਰਸ਼ ਸਕੂਲ ਦੇ ਮਸਲੇ ਨੂੰ ਹੱਲ ਕਰਨ ਦੀ ਥਾਂ ਅਧਿਆਪਕਾਂ ਦੀ ਆਵਾਜ਼ ਨੂੰ ਜਬਰ ਦੇ ਜ਼ੋਰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਇਸਨੂੰ ਪ੍ਰਸ਼ਾਸਨ ਵੱਲੋਂ ਜਾਣ ਬੁੱਝ ਕੇ ਲਮਕਾਇਆ ਗਿਆ ਹੈ । ਡੀ ਸੀ ਬਠਿੰਡਾ ਦੀ ਰਿਪੋਰਟ ਵਿੱਚ ਮੈਨਜਮੈਂਟ ਦੋਸ਼ੀ ਪਾਈ ਗਈ ਹੈ ਪਰ ਅਜੇ ਤੱਕ ਉਸ ਤੇ ਕੋਈ ਪਰਚਾ ਦਰਜ ਨਹੀਂ ਕੀਤਾ ਗਿਆ ਇਸ ਦੇ ਉਲਟ ਹੱਕ ਮੰਗਦੇ ਸਾਡੇ ਅਧਿਆਪਕਾਂ ਅਤੇ ਕਿਸਾਨ ਆਗੂਆਂ ਤੇ ਪਰਚੇ ਦਰਜ ਕਰਕੇ ਜੇਲਾ ਵਿੱਚ ਸੁੱਟਿਆ ਗਿਆ ।ਓਹਨਾ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਸਾਮਰਾਜੀ ਬਹੁ-ਕੌਮੀ ਕੰਪਨੀਆਂ ਤੇ ਦੇਸ਼ ਦੇ ਵੱਡੇ ਸਰਮਾਏਦਾਰਾਂ ਦੀ ਸੇਵਾ ਵਾਲੇ ਅਖੌਤੀ ਵਿਕਾਸ ਮਾਡਲ ਨੂੰ ਲਾਗੂ ਕਰਨ 'ਤੇ ਤੁਲੀ ਹੋਈ ਹੈ। ਲੋਕਾਂ ਦੀ ਰੋਜ਼ੀ ਰੋਟੀ ਤੇ ਰੁਜ਼ਗਾਰ ਦੇ ਮਸਲੇ ਦਿਨੋ ਦਿਨ ਗੰਭੀਰ ਹੋ ਰਹੇ ਹਨ ਤੇ ਸਰਕਾਰ ਇਹਨਾਂ ਦਾ ਹੱਲ ਕਰਨ ਵੱਲ ਤੁਰਨ ਦੀ ਥਾਂ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੀ ਪੂੰਜੀ ਲਈ ਪੰਜਾਬ ਨੂੰ ਪਸੰਦੀਦਾ ਥਾਂ ਬਣਾਉਣਾ ਚਾਹੁੰਦੀ ਹੈ।
ਉਹਨਾਂ ਕਿਹਾ ਕਿ ਅੰਨ੍ਹੀ ਲੁੱਟ ਮਚਾਉਣਾ ਚਾਹੁੰਦੀ ਸਰਕਾਰ ਇਸ ਪੂੰਜੀ ਨੂੰ ਹਰ ਤਰ੍ਹਾਂ ਦੀ ਖੁੱਲ੍ਹ ਖੇਡਣ ਦੇਣ ਲਈ ਲੋਕਾਂ ਦੀ ਹੱਕੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਆਦਰਸ਼ ਸਕੂਲ ਚੌਕੇ ਦੇ ਅਧਿਆਪਕਾਂ ਨੇ ਆਪਣੀਆਂ ਹੱਕੀ ਮੰਗਾਂ ਪੂਰੀਆਂ ਨਾ ਹੋਣ ਤੱਕ ਇੱਕ ਜੁੱਟ ਹੋ ਕੇ ਇਸੇ ਤਰਾਂ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ । ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਧਨੇਰ) ਦੇ ਗੁਰਦੀਪ ਸਿੰਘ ਰਾਮਪੁਰਾ,ਭਾਰਤੀ ਕਿਸਾਨ ਯੁਨੀਆਨ ਡਕੌਦਾ (ਬੁਰਜਗਿੱਲ) ਦੇ ਬਲਦੇਵ ਸਿੰਘ,ਨਾਹਰ ਸਿੰਘ,ਭਾਈ ਰੂਪਾ, ਕਿਰਤੀ ਕਿਸਾਨ ਯੂਨੀਅਨ ਦੇ ਸਵਰਨ ਸਿੰਘ , ਨਰਦੇਵ ਸਿੰਘ ਪੂਹਲੀ, ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਬੇਅੰਤ ਸਿੰਘ , ਜਮਹੂਰੀ ਕਿਸਾਨ ਸਭਾ ਦੇ ਸੁਖਮੰਦਰ ਸਿੰਘ ਧਾਲੀਵਾਲ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਦੇ ਜਗਦੇਵ ਸਿੰਘ ਜੋਗੇਵਾਲਾ ਆਦਿ ਹਾਜ਼ਰ ਸਨ ।