Blackout & Mock Drill: ਪੰਜਾਬ-ਚੰਡੀਗੜ੍ਹ 'ਚ ਛਾਇਆ ਰਿਹਾ ਹਨ੍ਹੇਰਾ; ਵੱਜੇ ਸਾਇਰਨ (ਵੇਖੋ ਵੀਡੀਓ)
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 7 ਮਈ 2025 - ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਅਤੇ ਭਾਰਤ ਦੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪੂਰੇ ਦੇਸ਼ ਦੇ ਨਾਲ ਹੀ ਪੰਜਾਬ ਵਿੱਚ ਵੀ ਮੌਕ ਡ੍ਰਿਲਸ ਕੀਤੀ ਗਈ। ਜਿਵੇਂ ਹੀ ਅੱਜ ਸ਼ਾਮ ਦੇ 7.30 ਵੱਜੇ ਪੰਜਾਬ ਦੇ ਸ਼ਹਿਰਾਂ ਸਮੇਤ ਰਾਜਧਾਨੀ ਚੰਡੀਗੜ੍ਹ ਵਿੱਚ ਬਲੈਕਆਊਟ ਹੋ ਗਿਆ। ਸਭ ਤੋਂ ਪਹਿਲਾਂ ਸਾਇਰਨ ਵੱਜਿਆ, ਜਿਸ ਤੋਂ ਬਾਅਦ ਬਲੈਕਆਊਟ ਸ਼ੁਰੂ ਹੋ ਗਿਆ।
ਮੌਕ ਡਰਿੱਲ ਦੌਰਾਨ ਚੰਡੀਗੜ੍ਹ, ਪੰਜਾਬ ਦੇ ਤਕਰੀਬਨ ਸਾਰੇ ਸ਼ਹਿਰਾਂ ਸ਼ਾਮਲ ਸਨ। ਇਹ ਅਭਿਆਸ ਸ਼ਾਮ 4 ਵਜੇ ਸੰਭਾਵੀ ਹਵਾਈ ਹਮਲੇ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਨਾਲ ਸ਼ੁਰੂ ਹੋਇਆ, ਜਿਸ ਨਾਲ ਪੁਲਿਸ, ਕੇਂਦਰੀ ਉਦਯੋਗਿਕ ਸੁਰੱਖਿਆ ਬਲ, ਫਾਇਰ ਬ੍ਰਿਗੇਡ, ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ, ਪੰਜਾਬ ਹੋਮ ਗਾਰਡ, ਸਥਾਨਕ ਵਿਦਿਅਕ ਸੰਸਥਾਵਾਂ ਦੇ ਐਨ ਐਸ ਐਸ ਵਲੰਟੀਅਰਜ਼ ਸਮੇਤ ਕਈ ਏਜੰਸੀਆਂ ਵਿੱਚ ਤੁਰੰਤ ਤਾਲਮੇਲ ਨੂੰ ਉਤਸ਼ਾਹਿਤ ਕਰਦੇ ਹੋਏ ਪੂਰੇ ਪੰਜਾਬ 'ਚ ਬਚਾਅ ਓਪਰੇਸ਼ਨ ਚਲਾਇਆ ਗਿਆ। ਪ੍ਰਸ਼ਾਸਨ ਦੁਆਰਾ ਸਿਵਲ ਡਿਫੈਂਸ ਅਧਿਕਾਰੀਆਂ ਦੇ ਸਹਿਯੋਗ ਨਾਲ ਆਯੋਜਿਤ, ਅਭਿਆਸ ਨੇ ਅਸਲ-ਸਮੇਂ ਦੀ ਹੰਗਾਮੀ ਪ੍ਰਤੀਕਿਰਿਆ ਦੀ ਨਕਲ ਪੇਸ਼ ਕੀਤੀ।
ਦੱਸ ਦਈਏ ਕਿ ਦੇਸ਼ ਦੇ 25 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 244 ਸਿਵਲ ਡਿਫੈਂਸ ਜ਼ਿਲ੍ਹਿਆਂ ਵਿੱਚ ਬਲੈਕਆਉਟ ਅਭਿਆਸ ਕੀਤੇ ਜਾ ਰਹੇ ਹਨ। ਗ੍ਰਹਿ ਮੰਤਰਾਲੇ ਨੇ ਇਨ੍ਹਾਂ ਥਾਵਾਂ ਨੂੰ ਸਿਵਲ ਡਿਫੈਂਸ ਜ਼ਿਲ੍ਹਿਆਂ ਵਜੋਂ ਸੂਚੀਬੱਧ ਕੀਤਾ ਹੈ। ਇਹ ਆਮ ਪ੍ਰਸ਼ਾਸਕੀ ਜ਼ਿਲ੍ਹਿਆਂ ਤੋਂ ਵੱਖਰੇ ਹਨ।
ਇਨ੍ਹਾਂ 244 ਜ਼ਿਲ੍ਹਿਆਂ ਵਿੱਚ ਜੰਗ ਦੌਰਾਨ ਬਚਾਅ ਦੇ ਤਰੀਕਿਆਂ ਬਾਰੇ ਮੌਕ ਡ੍ਰਿਲਸ ਕੀਤੇ ਗਏ। ਇਸ ਵਿੱਚ ਲੋਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਐਮਰਜੈਂਸੀ ਸਥਿਤੀਆਂ ਵਿੱਚ ਬਚਾਅ ਅਤੇ ਨਿਕਾਸੀ ਦੇ ਤਰੀਕੇ ਸਮਝਾਏ ਗਏ।