ਏਸ਼ਿਆਈ ਪੈਰਾ ਖੇਡਾਂ 2026 ਵਿੱਚ ਭਾਰਤ ਦੇ 100 ਤੋਂ ਵੱਧ ਤਗਮੇ, ਤਗਮਾ-ਸੂਚੀ ਵਿੱਚ ਚੌਥਾ ਸਥਾਨ
ਸੁਖਮਿੰਦਰ ਭੰਗੂ
ਜਾਪਾਨ ਦੇ ਆਈਚੀ-ਨਾਗੋਯਾ ਵਿੱਚ 18 ਤੋਂ 24 ਅਕਤੂਬਰ ਤੱਕ ਹੋ ਰਹੀਆਂ ਏਸ਼ਿਆਈ ਪੈਰਾ ਖੇਡਾਂ 2026 ਵਿੱਚ ਭਾਰਤੀ ਖਿਡਾਰੀਆਂ ਨੇ ਆਪਣੀ ਮਿਹਨਤ, ਹਿੰਮਤ ਅਤੇ ਅਨੁਸ਼ਾਸਨ ਨਾਲ ਦੇਸ਼ ਦਾ ਮਾਣ ਵਧਾਇਆ ਹੈ। ਭਾਰਤ ਦੇ 168 ਖਿਡਾਰੀਆਂ ਦੇ ਦਲ ਨੇ ਅਥਲੈਟਿਕਸ, ਤੀਰਅੰਦਾਜ਼ੀ, ਬੈਡਮਿੰਟਨ, ਨਿਸ਼ਾਨੇਬਾਜ਼ੀ, ਤੈਰਾਕੀ, ਜੂਡੋ, ਟੇਬਲ ਟੈਨਿਸ ਅਤੇ ਪਾਵਰਲਿਫਟਿੰਗ ਵਿੱਚ ਤਗਮੇ ਜਿੱਤੇ ਹਨ।
23 ਅਕਤੂਬਰ 2026 ਦੀਆਂ ਰਿਪੋਰਟ ਅਨੁਸਾਰ ਭਾਰਤ ਕੁੱਲ 103 ਤਗਮਿਆਂ ਨਾਲ ਚੀਨ, ਜਾਪਾਨ ਅਤੇ ਉਜ਼ਬੇਕਿਸਤਾਨ ਤੋਂ ਬਾਅਦ ਚੌਥੇ ਸਥਾਨ ’ਤੇ ਹੈ। ਖੇਡਾਂ 24 ਅਕਤੂਬਰ ਤੱਕ ਚੱਲਣੀਆਂ ਹਨ, ਇਸ ਲਈ ਇਹ ਅੰਕੜੇ ਬਦਲ ਸਕਦੇ ਹਨ। ਤਗਮੇ ਦੀ ਗਿਣਤੀ ਸੋਨੇ ਦੇ 27, ਚਾਂਦੀ ਦੇ 33 ਤੇ ਕਾਂਸੀ ਦੇ 43 ਨਾਲ ਕੁਲ ਗਿਣਤੀ 103 ਹੁੰਦੀ ਹੈ।
ਪੈਰਾ ਅਥਲੈਟਿਕਸ: ਭਾਰਤ ਦੀ ਮੁਹਿੰਮ ਵਿੱਚ ਸਭ ਤੋਂ ਵੱਡਾ ਯੋਗਦਾਨ ਅਥਲੈਟਿਕਸ ਦਾ ਰਿਹਾ। ਨਿਸ਼ਾਦ ਕੁਮਾਰ ਨੇ ਪੁਰਸ਼ਾਂ ਦੀ ਲੰਬੀ ਛਾਲ F46 ਅਤੇ ਉੱਚੀ ਛਾਲ T47 ਵਿੱਚ ਸੋਨਾ ਜਿੱਤਿਆ। ਦਿਲੀਪ ਮਹਾਦੂ ਗਾਵਿਤ ਨੇ 100 ਅਤੇ 400 ਮੀਟਰ T47 ਵਿੱਚ, ਸਿਮਰਨ ਨੇ ਮਹਿਲਾ 100 ਅਤੇ 200 ਮੀਟਰ T12 ਵਿੱਚ ਅਤੇ ਦੀਪਤੀ ਜੀਵਨਜੀ ਨੇ ਮਹਿਲਾ 400 ਮੀਟਰ T20 ਵਿੱਚ ਸੋਨੇ ਦੇ ਤਗਮੇ ਹਾਸਲ ਕੀਤੇ। ਜੈਵਲਿਨ ਥਰੋ F46 ਵਿੱਚ ਰਿੰਕੂ ਨੇ ਸੋਨਾ ਅਤੇ ਅਜੀਤ ਸਿੰਘ ਨੇ ਚਾਂਦੀ ਜਿੱਤੀ। ਮਹਿਲਾ 1500 ਮੀਟਰ T12/T13 ਵਿੱਚ ਸੌਮਿਆ ਨੂੰ ਸੋਨਾ ਅਤੇ ਰਾਧਾ ਵੈਂਕਟੇਸ਼ ਨੂੰ ਚਾਂਦੀ ਮਿਲੀ। ਡਿਸਕਸ ਥਰੋ ਵਿੱਚ ਪ੍ਰਣਵ ਸੂਰਮਾ ਅਤੇ ਦੇਵੇਂਦਰ ਕੁਮਾਰ ਨੇ ਸੋਨੇ ਦੇ ਤਗਮੇ ਜਿੱਤੇ। ਸ਼ੈਲੇਸ਼ ਕੁਮਾਰ ਨੇ ਉੱਚੀ ਛਾਲ T63 ਵਿੱਚ ਸੋਨਾ ਜਿੱਤਿਆ, ਜਿੱਥੇ ਵਰੁਣ ਭਾਟੀ ਨੂੰ ਚਾਂਦੀ ਅਤੇ ਰਾਹੁਲ ਨੂੰ ਕਾਂਸੀ ਮਿਲੀ ਅਤੇ ਭਾਰਤ ਨੇ ਪੂਰਾ ਪੋਡੀਅਮ ਆਪਣੇ ਨਾਂ ਕੀਤਾ। ਗੋਲਾ ਸੁੱਟਣ ਵਿੱਚ ਸਚਿਨ ਸਰਜੇਰਾਓ ਖਿਲਾਰੀ ਅਤੇ ਆਯੁਸ਼ ਵਰਮਾ ਨੇ ਸੋਨੇ ਦੇ ਤਗਮੇ ਜਿੱਤੇ।
ਪੈਰਾ ਤੀਰਅੰਦਾਜ਼ੀ: ਸ਼ੀਤਲ ਦੇਵੀ ਨੇ ਮਹਿਲਾ ਕੰਪਾਊਂਡ ਵਿਅਕਤੀਗਤ ਅਤੇ ਟੋਮਨ ਕੁਮਾਰ ਨਾਲ ਕੰਪਾਊਂਡ ਮਿਕਸਡ ਟੀਮ ਵਿੱਚ ਸੋਨੇ ਦੇ ਤਗਮੇ ਜਿੱਤੇ। ਸ਼ੀਤਲ ਅਤੇ ਪਾਇਲ ਨਾਗ ਨੇ ਮਹਿਲਾ ਕੰਪਾਊਂਡ ਡਬਲਜ਼ ਵਿੱਚ ਚਾਂਦੀ ਹਾਸਲ ਕੀਤੀ। ਪੁਰਸ਼ ਰਿਕਰਵ ਡਬਲਜ਼ ਵਿੱਚ ਹਰਵਿੰਦਰ ਸਿੰਘ ਅਤੇ ਵਿਜੇ ਸੁੰਡੀ ਨੇ ਸੋਨਾ ਜਿੱਤਿਆ। ਸਵਾਤੀ ਚੌਧਰੀ ਨੇ ਮਹਿਲਾ W1 ਵਿੱਚ ਅਤੇ ਪੂਜਾ ਜਾਟਯਾਨ ਤੇ ਭਾਵਨਾ ਚੌਧਰੀ ਦੀ ਜੋੜੀ ਨੇ ਮਹਿਲਾ ਰਿਕਰਵ ਡਬਲਜ਼ ਵਿੱਚ ਚਾਂਦੀ ਦੇ ਤਗਮੇ ਜਿੱਤੇ।
ਪੈਰਾ ਬੈਡਮਿੰਟਨ: ਪੁਰਸ਼ ਸਿੰਗਲਜ਼ SL3 ਦੇ ਫਾਈਨਲ ਵਿੱਚ ਨਿਤੇਸ਼ ਕੁਮਾਰ ਨੇ ਪ੍ਰਮੋਦ ਭਗਤ ਨੂੰ 21-18, 21-16 ਨਾਲ ਹਰਾ ਕੇ ਸੋਨਾ ਜਿੱਤਿਆ, ਜਦਕਿ ਪ੍ਰਮੋਦ ਨੂੰ ਚਾਂਦੀ ਮਿਲੀ। ਨਵੀਨ ਸਿਵਾਕੁਮਾਰ ਨੇ ਪੁਰਸ਼ ਸਿੰਗਲਜ਼ SL4 ਵਿੱਚ ਸੋਨਾ ਜਿੱਤਿਆ। ਮਹਿਲਾ ਸਿੰਗਲਜ਼ SU5 ਵਿੱਚ ਤੁਲਸੀਮਤੀ ਮੁਰੂਗੇਸਨ ਨੇ ਚਾਂਦੀ ਹਾਸਲ ਕੀਤੀ। ਨਿਥਿਆ ਸ਼੍ਰੀ ਸੁਮਤੀ ਸਿਵਨ ਅਤੇ ਕ੍ਰਿਸ਼ਨਾ ਨਗਰ ਦੀ ਜੋੜੀ ਨੇ ਮਿਕਸਡ ਡਬਲਜ਼ SH6 ਵਿੱਚ ਕਾਂਸੀ ਜਿੱਤੀ।
ਪੈਰਾ ਨਿਸ਼ਾਨੇਬਾਜ਼ੀ: ਮੋਨਾ ਅਗਰਵਾਲ ਨੇ ਮਹਿਲਾ 10 ਮੀਟਰ ਏਅਰ ਰਾਈਫਲ ਸਟੈਂਡਿੰਗ SH1 ਵਿੱਚ ਸੋਨਾ ਅਤੇ ਅਵਨੀ ਲੇਖਰਾ ਨੇ ਚਾਂਦੀ ਜਿੱਤੀ। ਮਨੀਸ਼ ਨਰਵਾਲ ਨੇ ਪੁਰਸ਼ 10 ਮੀਟਰ ਏਅਰ ਪਿਸਟਲ SH1 ਵਿੱਚ ਚਾਂਦੀ ਅਤੇ ਸ਼੍ਰਿਸ਼ਟੀ ਅਰੋੜਾ ਨੇ ਮਹਿਲਾ 10 ਮੀਟਰ ਏਅਰ ਪਿਸਟਲ SH1 ਵਿੱਚ ਕਾਂਸੀ ਹਾਸਲ ਕੀਤੀ।
ਜੂਡੋ ਅਤੇ ਤੈਰਾਕੀ: ਪੈਰਾ ਜੂਡੋ ਵਿੱਚ ਕੋਕਿਲਾ ਨੇ ਮਹਿਲਾ J2, 52 ਕਿਲੋ ਵਿੱਚ ਚਾਂਦੀ ਅਤੇ ਕਪਿਲ ਪਰਮਾਰ ਨੇ ਪੁਰਸ਼ J1, 70 ਕਿਲੋ ਵਿੱਚ ਕਾਂਸੀ ਜਿੱਤੀ। ਪੈਰਾ ਤੈਰਾਕੀ ਵਿੱਚ ਰਵੀ ਕਾਰਤਿਕ ਬੁਡੀਗਿਨਾ ਨੇ ਪੁਰਸ਼ 100 ਮੀਟਰ ਫ੍ਰੀਸਟਾਈਲ S13 ਵਿੱਚ ਚਾਂਦੀ, ਹਿਮਾਂਸ਼ੂ ਨੰਦਲ ਨੇ 400 ਮੀਟਰ ਫ੍ਰੀਸਟਾਈਲ S11 ਵਿੱਚ ਕਾਂਸੀ ਅਤੇ ਨਿਰੰਜਨ ਮੁਕੁੰਦਨ ਨੇ 200 ਮੀਟਰ ਵਿਅਕਤੀਗਤ ਮੈਡਲੇ SM7 ਵਿੱਚ ਕਾਂਸੀ ਜਿੱਤੀ।
ਟੇਬਲ ਟੈਨਿਸ ਅਤੇ ਪਾਵਰਲਿਫਟਿੰਗ: ਜਹਾਨ ਦੋਰਾਬ ਮਦਨ ਨੇ ਪੁਰਸ਼ ਸਿੰਗਲਜ਼ ਕਲਾਸ 1 ਵਿੱਚ ਅਤੇ ਭਵਿਨਾਬੇਨ ਪਟੇਲ ਨੇ ਮਹਿਲਾ ਸਿੰਗਲਜ਼ ਕਲਾਸ 4-5 ਵਿੱਚ ਕਾਂਸੀ ਜਿੱਤੀ। ਪ੍ਰਾਚੀ ਪਾਂਡੇ, ਸੋਨਲਬੇਨ ਪਟੇਲ ਅਤੇ ਬੇਬੀ ਸਾਹਨਾ ਰਵੀ ਨੇ ਵੀ ਆਪਣੇ ਵਰਗਾਂ ਵਿੱਚ ਕਾਂਸੀ ਹਾਸਲ ਕੀਤੀ। ਪੈਰਾ ਪਾਵਰਲਿਫਟਿੰਗ ਵਿੱਚ ਅਸ਼ੋਕ ਨੇ ਪੁਰਸ਼ 65 ਕਿਲੋ ਅਤੇ ਕਸਤੂਰੀ ਰਾਜਮਣੀ ਨੇ ਮਹਿਲਾ 67 ਕਿਲੋ ਵਿੱਚ ਚਾਂਦੀ ਜਿੱਤੀ।
ਪਿਛਲੀਆਂ ਖੇਡਾਂ ਨਾਲ ਤੁਲਨਾ: 2023 ਵਿੱਚ ਹਾਂਗਜ਼ੂ ਏਸ਼ਿਆਈ ਪੈਰਾ ਖੇਡਾਂ ਵਿੱਚ ਭਾਰਤ ਨੇ 29 ਸੋਨੇ, 31 ਚਾਂਦੀ ਅਤੇ 51 ਕਾਂਸੀ ਸਮੇਤ ਕੁੱਲ 111 ਤਗਮੇ ਜਿੱਤੇ ਸਨ। ਇਸ ਵਾਰ ਦਲ ਛੋਟਾ ਹੋਣ ਦੇ ਬਾਵਜੂਦ 100 ਤੋਂ ਵੱਧ ਤਗਮੇ ਹਾਸਲ ਕਰਨਾ ਇੱਕ ਵੱਡੀ ਪ੍ਰਾਪਤੀ ਹੈ।
ਇਹ ਸਫਲਤਾ ਸਿਰਫ਼ ਤਗਮਿਆਂ ਤੱਕ ਸੀਮਿਤ ਨਹੀਂ। ਇਹ ਆਤਮ-ਵਿਸ਼ਵਾਸ, ਬਰਾਬਰੀ ਦੇ ਮੌਕਿਆਂ ਅਤੇ ਅਡੋਲ ਹੌਸਲੇ ਦਾ ਸੰਦੇਸ਼ ਵੀ ਦਿੰਦੀ ਹੈ। ਇਨ੍ਹਾਂ ਖਿਡਾਰੀਆਂ ਨੇ ਸਾਬਤ ਕੀਤਾ ਹੈ ਕਿ ਸਰੀਰਕ ਚੁਣੌਤੀਆਂ ਪ੍ਰਤਿਭਾ ਅਤੇ ਸੁਪਨਿਆਂ ਨੂੰ ਸੀਮਿਤ ਨਹੀਂ ਕਰ ਸਕਦੀਆਂ। ਉਨ੍ਹਾਂ ਦੀਆਂ ਪ੍ਰਾਪਤੀਆਂ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਹਨ ਅਤੇ ਦੇਸ਼ ਵਿੱਚ ਪੈਰਾ ਖੇਡਾਂ ਨੂੰ ਹੋਰ ਉਤਸ਼ਾਹਿਤ ਕਰਨ ਦੀ ਲੋੜ ਉੱਤੇ ਜ਼ੋਰ ਦਿੰਦੀਆਂ ਹਨ।