ਕਰੋੜਾਂ ਦੀ ਲਾਗਤ ਨਾਲ ਬਣਿਆ ਇੰਡੋਰ ਸਟੇਡੀਅਮ ਬਣਿਆ ਬਦਹਾਲੀ ਦੀ ਨਿਸ਼ਾਨੀ, ਖੇਡਾਂ ਦੀ ਥਾਂ ਖੜ੍ਹੇ ਟਿੱਪਰ ਤੇ ਰੋਡ ਰੋਲਰ
ਸੁਖਮਿੰਦਰ ਭੰਗੂ
ਲੁਧਿਆਣਾ, 7 ਜੂਨ 2026- ਲੁਧਿਆਣਾ ਦੇ ਪੱਖੋਵਾਲ ਰੋਡ 'ਤੇ ਮਿਊਨਿਸਿਪਲ ਕਾਰਪੋਰੇਸ਼ਨ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਇੰਡੋਰ ਸਟੇਡੀਅਮ ਅੱਜ ਆਪਣੀ ਹੀ ਬਦਹਾਲੀ ਦੀ ਕਹਾਣੀ ਬਿਆਨ ਕਰ ਰਿਹਾ ਹੈ। ਖਿਡਾਰੀਆਂ ਨੂੰ ਆਧੁਨਿਕ ਅਤੇ ਬਿਹਤਰ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਬਣਾਈ ਗਈ ਇਹ ਸ਼ਾਨਦਾਰ ਇਮਾਰਤ ਹੁਣ ਆਪਣੇ ਅਸਲ ਉਦੇਸ਼ ਤੋਂ ਭਟਕਦੀ ਨਜ਼ਰ ਆ ਰਹੀ ਹੈ।
ਭਾਵੇਂ ਸਟੇਡੀਅਮ ਦੀ ਇਮਾਰਤ ਵਿੱਚ ਕੁਝ ਸਰਕਾਰੀ ਦਫ਼ਤਰ ਚੱਲ ਰਹੇ ਹਨ, ਪਰ ਅੰਦਰਲੇ ਹਾਲਾਤ ਇਹ ਸਵਾਲ ਖੜ੍ਹੇ ਕਰਦੇ ਹਨ ਕਿ ਕੀ ਇਹ ਸੱਚਮੁੱਚ ਖੇਡਾਂ ਲਈ ਬਣਾਇਆ ਗਿਆ ਸੀ ਜਾਂ ਫਿਰ ਇੱਕ ਅਸਥਾਈ ਸਟੋਰ ਬਣ ਕੇ ਰਹਿ ਗਿਆ ਹੈ। ਸਟੇਡੀਅਮ ਦੇ ਅੰਦਰ ਅਤੇ ਆਲੇ-ਦੁਆਲੇ ਟਿੱਪਰ, ਰੋਡ ਰੋਲਰ ਅਤੇ ਜ਼ਬਤ ਕੀਤੀਆਂ ਗੈਰ-ਕਾਨੂੰਨੀ ਰੇਹੜੀਆਂ ਖੜ੍ਹੀਆਂ ਦੇਖੀਆਂ ਜਾ ਸਕਦੀਆਂ ਹਨ, ਜਿਸ ਕਾਰਨ ਇਸ ਦੀ ਖੇਡੀ ਪਛਾਣ ਲਗਭਗ ਗੁੰਮ ਹੋ ਚੁੱਕੀ ਹੈ।
ਥੋੜ੍ਹੀ ਬਾਰਿਸ਼ ਨਾਲ ਹੀ ਖੜ੍ਹ ਜਾਂਦਾ ਹੈ ਪਾਣੀ
ਸਟੇਡੀਅਮ ਦੀ ਦੁਰਵਸਥਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਮਾਮੂਲੀ ਬਾਰਿਸ਼ ਤੋਂ ਬਾਅਦ ਹੀ ਕਈ ਗੇਟਾਂ ਦੇ ਬਾਹਰ ਪਾਣੀ ਲੰਬੇ ਸਮੇਂ ਤੱਕ ਖੜ੍ਹਾ ਰਹਿੰਦਾ ਹੈ। ਇਸ ਖੜ੍ਹੇ ਪਾਣੀ ਵਿੱਚ ਮੱਛਰਾਂ ਦਾ ਲਾਰਵਾ ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਹੈ, ਜੋ ਸਿਹਤ ਲਈ ਗੰਭੀਰ ਖ਼ਤਰਾ ਬਣ ਸਕਦਾ ਹੈ।
ਡੇਂਗੂ-ਮਲੇਰੀਆ ਦੇ ਖ਼ਤਰੇ ਵਿਚਕਾਰ ਵੱਡਾ ਸਵਾਲ
ਇੱਕ ਪਾਸੇ ਸਿਹਤ ਵਿਭਾਗ ਲੋਕਾਂ ਨੂੰ ਆਪਣੇ ਘਰਾਂ, ਕੂਲਰਾਂ, ਟਾਇਰਾਂ ਅਤੇ ਹੋਰ ਥਾਵਾਂ 'ਤੇ ਪਾਣੀ ਖੜ੍ਹਾ ਨਾ ਹੋਣ ਦੇਣ ਦੀਆਂ ਹਦਾਇਤਾਂ ਜਾਰੀ ਕਰ ਰਿਹਾ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣ ਦੀ ਗੱਲ ਕਰਦਾ ਹੈ, ਜਦਕਿ ਦੂਜੇ ਪਾਸੇ ਸਰਕਾਰੀ ਅਦਾਰਿਆਂ ਦੀ ਆਪਣੀ ਸੰਪਤੀ 'ਤੇ ਹੀ ਅਜਿਹੀ ਲਾਪਰਵਾਹੀ ਕਈ ਸਵਾਲ ਖੜ੍ਹੇ ਕਰਦੀ ਹੈ।
ਮਾਨਸੂਨ ਦੇ ਦਸਤਕ ਦੇਣ ਨਾਲ ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਹੋਰ ਵੱਧ ਜਾਂਦਾ ਹੈ। ਅਜਿਹੇ ਹਾਲਾਤਾਂ ਵਿੱਚ ਮਿਊਨਿਸਿਪਲ ਕਾਰਪੋਰੇਸ਼ਨ ਦੇ ਅਧੀਨ ਆਉਣ ਵਾਲੇ ਸਥਾਨਾਂ 'ਤੇ ਪਾਣੀ ਦਾ ਖੜ੍ਹਾ ਰਹਿਣਾ ਨਾ ਸਿਰਫ਼ ਪ੍ਰਬੰਧਕੀ ਨਾਕਾਮੀ ਨੂੰ ਦਰਸਾਉਂਦਾ ਹੈ, ਸਗੋਂ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਹੈ।
ਜਵਾਬਦੇਹੀ ਕੌਣ ਤੈਅ ਕਰੇਗਾ?
ਸੋਸ਼ਲ ਐਕਟਿਵਿਸਟ ਅਰਵਿੰਦ ਸ਼ਰਮਾ ਨੇ ਕਿਹਾ ਕਿ ਜਦੋਂ ਆਮ ਨਾਗਰਿਕਾਂ ਨੂੰ ਨਿਯਮਾਂ ਦੀ ਉਲੰਘਣਾ ਕਰਨ 'ਤੇ ਜੁਰਮਾਨੇ ਭਰਨੇ ਪੈਂਦੇ ਹਨ, ਤਾਂ ਸਰਕਾਰੀ ਲਾਪਰਵਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਵੀ ਤੈਅ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਬਣੀਆਂ ਅਜਿਹੀਆਂ ਸੰਪਤੀਆਂ ਦੀ ਸੰਭਾਲ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਅਤੇ ਇਸ ਸਬੰਧੀ ਤੁਰੰਤ ਸੁਧਾਰਾਤਮਕ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਇਹ ਇੰਡੋਰ ਸਟੇਡੀਅਮ ਅੱਜ ਲੋਕਾਂ ਦੇ ਪੈਸੇ ਦੀ ਬਰਬਾਦੀ ਅਤੇ ਪ੍ਰਬੰਧਕੀ ਲਾਪਰਵਾਹੀ ਦੀ ਜਿਉਂਦੀ-ਜਾਗਦੀ ਮਿਸਾਲ ਬਣਦਾ ਜਾ ਰਿਹਾ ਹੈ। ਇਸ ਸਬੰਧੀ ਜਦੋਂ ਨਗਰ ਨਿਗਮ ਦੇ ਅਧਿਕਾਰੀ ਵਿਪੁਲ ਮਲਹੋਤਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਸ ਉੱਪਰ ਤੇਲ ਪਵਾ ਦਿੱਤਾ ਜਾਵੇਗਾ ਤਾਂ ਜੋ ਡੇਂਗੂ ਦਾ ਲਾਰਵਾ ਨਾ ਪੈਦਾ ਹੋ ਸਕੇ।