ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ
*250 ਤੋਂ ਵੱਧ ਟੀਮਾਂ ਤੇ ਢਾਈ ਹਜ਼ਾਰ ਤੋਂ ਵੱਧ ਖਿਡਾਰੀਆਂ ਨੇ ਲਿਆ ਹਿੱਸਾ, ਅੱਧੀ ਰਾਤ ਤੱਕ ਸਟੇਡੀਅਮ ’ਚ ਹੁੰਦੀ ਰਹੀ “ਕੌਡੀ-ਕੌਡੀ”*
*ਖੇਡ ਮੇਲੇ ਵਿੱਚ ਪਿੰਡ ਸੀਚੇਵਾਲ ਦੀਆਂ ਟੀਮਾਂ ਦੀ ਰਹੀ ਚੜ੍ਹਤ*
*ਛੋਟੇ ਖਿਡਾਰੀਆਂ ਨੂੰ ਵੱਡੇ ਮੌਕੇ ਮਿਲਦੇ ਹਨ ਇਸ ਖੇਡ ਮੇਲੇ ਵਿੱਚ*
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 4 ਜੂਨ :*2026
ਸ੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ 38ਵੀਂ ਸਲਾਨਾ ਬਰਸੀ ਨੂੰ ਸਮਰਪਿਤ ਪਿੰਡ ਸੀਚੇਵਾਲ ਵਿਖੇ ਆਯੋਜਿਤ ਪੰਜ ਰੋਜ਼ਾ ਵਿਸ਼ਾਲ ਖੇਡ ਮੇਲਾ ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਲਈ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ। ਪੰਜ ਦਿਨਾਂ ਤੱਕ ਚੱਲੇ ਇਸ ਖੇਡ ਮੇਲੇ ਵਿੱਚ 250 ਤੋਂ ਵੱਧ ਟੀਮਾਂ ਅਤੇ ਢਾਈ ਹਜ਼ਾਰ ਤੋਂ ਵੱਧ ਖਿਡਾਰੀਆਂ ਨੇ ਭਾਗ ਲੈ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ। ਛੋਟੇ ਖਿਡਾਰੀਆਂ ਨੂੰ ਵੱਡੇ ਮੌਕੇ ਮਿਲਦੇ ਹਨ ਇਸ ਖੇਡ ਮੇਲੇ ਵਿੱਚ। ਇਸ ਪੰਜ ਰੋਜ਼ਾ ਖੇਡ ਮੇਲੇ ਵਿੱਚ ਹਾਕੀ, ਕੁਸ਼ਤੀ, ਵਾਲੀਬਾਲ, ਕਬੱਡੀ ਅਤੇ ਐਥਲਿਿਟਕਸ ਦੇ ਮੁਕਾਬਲੇ ਕਰਵਾਏ ਗਏ। ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੇ ਖੇਡ ਮੇਲੇ ਦੇ ਆਖੀਰੀ ਦਿਨ ਖਿਡਾਰੀਆਂ ਤੇ ਦਰਸ਼ਕਾਂ ਨੂੰ ਅੱਧੀ ਰਾਤ ਤੱਕ ਕੀਲੀ ਰੱਖਿਆ।
ਸੰਤ ਅਵਤਾਰ ਸਿੰਘ ਯਾਦਗਾਰੀ ਸਟੇਡੀਅਮ ਵਿੱਚ ਹੋਏ ਕਬੱਡੀ ਅਤੇ ਵਾਲੀਬਾਲ ਦੇ ਰੋਮਾਂਚਕ ਮੁਕਾਬਲੇ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ। ਖ਼ਾਸ ਤੌਰ ‘ਤੇ ਓਪਨ ਕਬੱਡੀ ਵਰਗ ਵਿੱਚ 42 ਤੋਂ ਵੱਧ ਟੀਮਾਂ ਦੀ ਭਾਗੀਦਾਰੀ ਨੇ ਮੁਕਾਬਲਿਆਂ ਨੂੰ ਬੇਹੱਦ ਦਿਲਚਸਪ ਬਣਾ ਦਿੱਤਾ। ਖਿਡਾਰੀਆਂ ਦੀ ਸ਼ਾਨਦਾਰ ਖੇਡ ਅਤੇ ਦਰਸ਼ਕਾਂ ਦੇ ਬੇਮਿਸਾਲ ਉਤਸ਼ਾਹ ਕਾਰਨ ਅੱਧੀ ਰਾਤ ਤੱਕ ਮੈਦਾਨ ਵਿੱਚ “ਕੌਡੀ-ਕੌਡੀ-ਕੌਡੀ” ਦੇ ਹੁੰਦੀ ਰਹੀ।
ਖੇਡ ਮੇਲੇ ਦੇ ਆਖ਼ਰੀ ਦਿਨ ਹੋਏ ਫਾਈਨਲ ਮੁਕਾਬਲਿਆਂ ਵਿੱਚ ਓਪਨ ਅਤੇ 70 ਕਿਲੋ ਭਾਰ ਵਰਗ ਦੀ ਕਬੱਡੀ ਵਿੱਚ ਸੀਚੇਵਾਲ ਦੀਆਂ ਟੀਮਾਂ ਨੇ ਜੇਤੂ ਰਹਿ ਕੇ ਦਰਸ਼ਕਾਂ ਦੀਆਂ ਖੂਬ ਤਾਲੀਆਂ ਵਸੂਲ ਕੀਤੀਆਂ। ਓਪਨ ਵਰਗ ਦੇ ਫਾਈਨਲ ਵਿੱਚ ਸੀਚੇਵਾਲ ਅਤੇ ਬਾਬਾ ਸੁਖਚੈਨ ਦਾਸ ਸਪੋਰਟਸ ਕਲੱਬ ਬਾਜਵਾਂ ਕਲਾਂ ਦਰਮਿਆਨ ਹੋਏ ਮੁਕਾਬਲੇ ਨੇ ਦਰਸ਼ਕਾਂ ਨੂੰ ਅੰਤਿਮ ਪਲਾਂ ਤੱਕ ਰੋਮਾਂਚਿਤ ਰੱਖਿਆ। ਇਸੇ ਤਰ੍ਹਾਂ 70 ਕਿਲੋ ਭਾਰ ਵਰਗ ਦੇ ਫਾਈਨਲ ਵਿੱਚ ਸੀਚੇਵਾਲ ਅਤੇ ਸਾਬੀ ਕਲੱਬ ਮੱਲੀਆਂ ਵਿਚਕਾਰ ਹੋਏ ਮੁਕਾਬਲੇ ਨੇ ਖੇਡ ਪ੍ਰੇਮੀਆਂ ਦਾ ਭਰਪੂਰ ਮਨੋਰੰਜਨ ਕੀਤਾ। ਇਹ ਮੈਚ ਦੇਰ ਰਾਤ 12 ਵਜੇ ਤੱਕ ਚਲਦੇ ਰਹੇ।
ਕਬੱਡੀ ਦੇ ਜੂਨੀਅਰ ਵਰਗਾਂ ਵਿੱਚ ਵੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। 30 ਕਿਲੋ ਭਾਰ ਵਰਗ ਵਿੱਚ ਫਤਿਹਗੜ੍ਹ ਸਾਹਿਬ ਦੀ ਟੀਮ ਨੇ ਪਹਿਲਾ ਅਤੇ ਮੱਧੋਪੁਰ ਜਾਲੋਵਾਲ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। 45 ਕਿਲੋ ਭਾਰ ਵਰਗ ਵਿੱਚ ਸੀਚੇਵਾਲ ਦੀ ਟੀਮ ਜੇਤੂ ਰਹੀ ਜਦਕਿ ਬਾਬਾ ਘੁੰਮਣ ਕਲੱਬ ਫਰੀਦਕੋਟ ਨੇ ਉਪ-ਵਿਜੇਤਾ ਦਾ ਸਥਾਨ ਪ੍ਰਾਪਤ ਕੀਤਾ।
ਵਾਲੀਬਾਲ ਦੇ 55 ਕਿਲੋ ਭਾਰ ਵਰਗ ਵਿੱਚ ਭੋਜੋਵਾਲ ਦੀ ਟੀਮ ਪਹਿਲੇ ਅਤੇ ਕੋਟ ਖਾਲਸਾ (ਅੰਮ੍ਰਿਤਸਰ) ਦੀ ਟੀਮ ਦੂਜੇ ਸਥਾਨ ‘ਤੇ ਰਹੀ। ਓਪਨ ਵਾਲੀਬਾਲ ਵਰਗ ਵਿੱਚ ਧਾਲੀਵਾਲ ਬੇਟ ਦੀ ਟੀਮ ਨੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ, ਜਦਕਿ ਕਾਲਾ ਸੰਘਿਆ ਦੀ ਟੀਮ ਦੂਜੇ ਸਥਾਨ ‘ਤੇ ਰਹੀ। ਇਨ੍ਹਾਂ ਖੇਡ ਮੁਕਾਬਲਿਆਂ ਦਾ ਉਦਘਾਟਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤਾ ਗਿਆ
ਖੇਡ ਮੇਲੇ ਦੌਰਾਨ ਸੰਤ ਅਮਰੀਕ ਸਿੰਘ ਖੁਖਰੈਣ, ਸੰਤ ਗੁਰਮੇਜ਼ ਸਿੰਘ ਸੈਦਰਾਣਾ ਸਾਹਿਬ, ਸੰਤ ਪ੍ਰਗਟਨਾਥ ਜੀ, ਸੰਤ ਗੁਰਚਰਨ ਸਿੰਘ ਪਾਂਡਵਾ ਵਾਲੇ, ਸ਼ਾਹਕੋਟ ਤੋਂ ਆਪ ਦੇ ਹਲਕਾ ਇੰਚਾਰਜ ਇੰਦਰ ਪੰਡੋਰੀ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸੁਰਜੀਤ ਸਿੰਘ ਸੰਟੀ, ਸਰਪੰਚ ਜੋਗਾ ਸਿੰਘ, ਸਰਪੰਚ ਬੂਟਾ ਸਿੰਘ, ਸਾਬਕਾ ਸਰਪੰਚ ਤਜਿੰਦਰ ਸਿੰਘ, ਪ੍ਰਿੰਸੀਪਲ ਕੁਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਕੋਚ ਗੁਰਬੀਰ ਢਿੱਲੋਂ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਰਹੀਆਂ।
*ਖਿਡਾਰੀਆਂ ਨੂੰ 5-5 ਬੂਟੇ ਲਗਾਉਣ ਦਾ ਸੱਦਾ*
ਵਿਸ਼ਵ ਵਾਤਾਵਰਣ ਦਿਵਸ ਦੇ ਮੱਦੇਨਜ਼ਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖੇਡ ਮੇਲੇ ਵਿੱਚ ਸ਼ਾਮਲ ਹੋਏ ਢਾਈ ਹਜ਼ਾਰ ਤੋਂ ਵੱਧ ਖਿਡਾਰੀਆਂ ਨੂੰ ਘੱਟੋ-ਘੱਟ ਪੰਜ-ਪੰਜ ਬੂਟੇ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨ ਕਿਸੇ ਵੀ ਸਮਾਜਿਕ ਮੁਹਿੰਮ ਦੀ ਸਭ ਤੋਂ ਵੱਡੀ ਤਾਕਤ ਹੁੰਦੇ ਹਨ। ਜੇਕਰ ਉਹ ਵਾਤਾਵਰਣ ਸੰਭਾਲ ਦੀ ਇਸ ਮੁਹਿੰਮ ਵਿੱਚ ਅੱਗੇ ਆਉਣ ਤਾਂ ਪੰਜਾਬ ਨੂੰ ਮੁੜ ਹਰਿਆ-ਭਰਿਆ ਬਣਾਇਆ ਜਾ ਸਕਦਾ ਹੈ। ਇਸ ਮੌਕੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਬੂਟੇ ਵੀ ਭੇਂਟ ਕੀਤੇ ਗਏ।
*ਪ੍ਰਵਾਸੀ ਪੰਜਾਬੀਆਂ ਲਈ ਖਿੱਚ ਦਾ ਕੇਂਦਰ ਬਣਿਆ ਖੇਡ ਮੇਲਾ*
ਸੱਤ ਸੁੰਮਦਰੋਂ ਪਾਰ ਬੈਠੇ ਪ੍ਰਵਾਸੀ ਪੰਜਾਬੀਆਂ ਨੇ ਇਸ ਖੇਡ ਮੇਲੇ ਤੇ ਨਜ਼ਰਾਂ ਗੱਡੀ ਰੱਖੀਆਂ। ਵੱਖ ਵੱਖ ਦੇਸ਼ਾਂ ਦੇ ਟਾਇਮ ਜ਼ੋਨ ਵਿੱਚ ਵੱਡੇ ਫਰਕ ਹੋਣ ਦੇ ਬਾਵਜੂਦ ਵੀ ਉਹ ਸ਼ੋਸ਼ਲ ਮੀਡੀਆ ਰਾਹੀ ਖੇਡ ਮੁਕਾਬਲਿਆਂ ਦਾ ਆਨੰਦ ਲੈਂਦੀਆਂ ਰਹੀਆਂ। ਇਸ ਖੇਡ ਮੇਲੇ ਵਿੱਚ ਹੋਣ ਵਾਲੇ ਫਸਵੇ ਮੁਕਾਬਲਿਆਂ ਲਈ ਪ੍ਰਵਾਸੀਆਂ ਪੰਜਾਬੀਆਂ ਨੇ ਦਿਲ ਖੋਹਲ ਕੇ ਖਿਡਾਰੀਆਂ ਨੂੰ ਦਾਨ ਦਿੱਤਾ। ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨੀ, ਇਟਲੀ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹੋਰ ਦੇਸ਼ਾਂ ਵਿੱਚ ਵੱਸਦੇ ਪੰਜਾਬੀ ਹਰ ਸਾਲ ਇਸ ਮੇਲੇ ਦੀ ਉਡੀਕ ਕਰਦੇ ਹਨ ਅਤੇ ਇਸ ਦੇ ਆਯੋਜਨ ਵਿੱਚ ਆਰਥਿਕ ਸਹਿਯੋਗ ਵੀ ਦਿੰਦੇ ਹਨ।