ਪੰਜਾਬ ਬੰਦ ਦੌਰਾਨ ਕਿਸਾਨਾਂ ਮਜ਼ਦੂਰਾਂ ਤੇ ਆਰ ਐਮ ਪੀ ਡਾਕਟਰਾਂ ਵੱਲੋਂ ਲੰਬੀ 'ਚ ਰੋਹ ਭਰਪੂਰ ਪ੍ਰਦਰਸ਼ਨ
ਅਸ਼ੋਕ ਵਰਮਾ
ਲੰਬੀ,16 ਅਕਤੂਬਰ 2026: ਅੱਜ ਪਰਮਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਬੰਦ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ ), ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਲੰਬੀ ਵੱਲੋਂ ਕਸਬਾ ਲੰਬੀ ਵਿਖੇ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਇਸ ਪ੍ਰਦਰਸ਼ਨ ਨੂੰ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ, ਕਿਸਾਨ ਆਗੂ ਗੁਲਪਾਸ਼ ਸਿੰਘ ਸਿੰਘੇਵਾਲਾ ਤੇ ਆਰ ਐਮ ਪੀ ਡਾਕਟਰ- ਯੂਨੀਅਨ ਦੇ ਆਗੂ ਮਨਜਿੰਦਰ ਸਿੰਘ ਸਰਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਛੇੜਣ ਦੀ ਥਾਂ ਨਸ਼ਿਆਂ ਖ਼ਿਲਾਫ਼ ਅਵਾਜ਼ ਉਠਾਉਣ ਵਾਲੇ ਲੋਕਾਂ ਵਿਰੁੱਧ ਹੀ ਯੁੱਧ ਛੇੜਿਆ ਹੋਇਆ ਹੈ।
ਉਹਨਾਂ ਮੰਗ ਕੀਤੀ ਕਿ ਪਰਵਿੰਦਰ ਸਿੰਘ ਝੋਟਾ ਦੇ ਕਾਤਲਾਂ ਅਤੇ ਉਹਨਾਂ ਨੂੰ ਸਿਆਸੀ ਸ਼ਹਿ ਦੇਣ ਵਾਲੇ ਸਿਆਸਤਦਾਨਾਂ ਤੇ ਅਫ਼ਸਰਸ਼ਾਹੀ ਦੇ ਗੱਠਜੋੜ ਨੂੰ ਸਾਹਮਣੇ ਲਿਆਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਸਿੰਥੈਟਿਕ ਨਸ਼ਿਆਂ ਦੀਆਂ ਫੈਕਟਰੀਆਂ ਤੁਰੰਤ ਜ਼ਬਤ ਕੀਤੀਆਂ ਜਾਣ, ਨਸ਼ਿਆਂ ਤੋਂ ਪੀੜਤ ਨੌਜਵਾਨਾਂ ਦਾ ਢੁਕਵਾਂ ਇਲਾਜ, ਖ਼ੁਰਾਕ ਤੇ ਰੁਜ਼ਗਾਰ ਮੁੱਹਈਆ ਕਰਵਾਇਆ ਜਾਵੇ, ਨਸ਼ਾ ਸਮਗਲਰਾਂ, ਸਿਆਸਤਦਾਨਾਂ , ਅਫ਼ਸਰਸ਼ਾਹੀ ਤੇ ਗੈਗਸਟਰਾਂ ਦਾ ਗੱਠਜੋੜ ਤੋੜਿਆ ਜਾਵੇ ਤੇ ਇਹਨਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਸ਼ਰਾਬ ਦੀ ਵਿਕਰੀ ਰਾਹੀਂ ਖਜ਼ਾਨਾ ਭਰਨ ਦੀ ਨੀਤੀ ਰੱਦ ਕੀਤੀ ਜਾਵੇ। ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਨਸ਼ਿਆਂ ਦੇ ਕੋਹੜ ਤੋਂ ਮੁਕਤੀ ਪਾਉਣ ਲਈ ਸਭਨਾਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਨਾਲੋਂ ਸਪਸ਼ਟ ਨਿਖੇੜੇ ਦੀ ਲਕੀਰ ਖਿੱਚ ਕੇ ਵਿਸ਼ਾਲ ਤੇ ਸਿਰੜੀ ਲੋਕ ਲਹਿਰ ਉਸਾਰੀ ਜਾਵੇ।
ਉਹਨਾਂ ਆਖਿਆ ਕਿ ਲੋਕਾਂ ਦੇ ਘਰਾਂ ਚ ਸੱਥਰ ਵਿਛਾ ਰਹੇ ਨਸ਼ਿਆਂ ਦੇ ਇਸ ਕਾਲੇ ਧੰਦੇ ਦੇ ਲਈ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਸਮੇਤ ਅਕਾਲੀ ਦਲ ਬਾਦਲ ,ਕਾਂਗਰਸ ਤੇ ਭਾਜਪਾ ਵਰਗੀਆਂ ਸਾਰੀਆਂ ਹੀ ਹੁਕਮਰਾਨ ਪਾਰਟੀਆਂ ਜ਼ਿੰਮੇਵਾਰ ਹਨ । ਇਸ ਲਈ ਇਹਨਾਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਤੋਂ ਝਾਕ ਛੱਡ ਕੇ ਨਸ਼ਾ ਵਿਰੋਧੀ ਖਰੀ ਲੋਕ ਲਹਿਰ ਉਸਾਰਨ ਦੀ ਸੇਧ 'ਤੇ ਡਟਿਆ ਜਾਵੇ। ਇਸ ਪ੍ਰਦਰਸ਼ਨ ਨੂੰ ਡਾਕਟਰ ਹਰਪਾਲ ਸਿੰਘ ਕਿੱਲਿਆਂਵਾਲੀ, ਕਾਲਾ ਸਿੰਘ ਸਿੰਘੇਵਾਲਾ ਤੇ ਤਾਰਾਵੰਤੀ ਕਿੱਲਿਆਂਵਾਲੀ, ਮਨੋਹਰ ਸਿੰਘ ਸਿੱਖਵਾਲਾ, ਮਲਕੀਤ ਸਿੰਘ ਗੱਗੜ, ਨਿਸ਼ਾਨ ਸਿੰਘ ਕੱਖਾਂ ਵਾਲੀ, ਪ੍ਰਭਜੋਤ ਸਿੰਘ ਘੁਮਿਆਰਾਂ , ਜਗਸੀਰ ਸਿੰਘ ਗੱਗੜ ਤੇ ਕਿਸਾਨ ਸਭਾ ਦੇ ਆਗੂ ਚਰਨਜੀਤ ਸਿੰਘ ਵਣਵਾਲਾ ਤੇ ਮੁਲਾਜ਼ਮ ਆਗੂ ਪ੍ਰਕਾਸ਼ ਚੰਦ ਚੰਨੂ ਨੇ ਸੰਬੋਧਨ ਕੀਤਾ।