ਬੀਆਰਪੀ ਦਾ ਨੌਜਵਾਨਾਂ ਲਈ 2027 ਦਾ ਚੋਣ ਮਨੋਰਥ ਪੱਤਰ: 750 ਘੰਟਿਆਂ ਵਿੱਚ 2 ਲੱਖ ਨੌਜਵਾਨਾਂ ਨੂੰ ਰੁਜ਼ਗਾਰ, ਬੇਰੁਜ਼ਗਾਰਾਂ ਨੂੰ ਭੱਤਾ ਤੇ ਨੌਜਵਾਨਾਂ ਨੂੰ ਆਤਮ-ਨਿਰਭਰ ਬਣਾਉਣ ਦਾ ਵਾਅਦਾ: ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ
ਚੰਡੀਗੜ੍ਹ, 14 ਅਕਤੂਬਰ 2026: ਭਾਰਤੀ ਰਾਸ਼ਟਰਵਾਦੀ ਪਾਰਟੀ (ਬੀਆਰਪੀ) ਦੇ ਕੌਮੀ ਮੀਤ ਪ੍ਰਧਾਨ ਤੇ ਪੰਜਾਬ ਪ੍ਰਦੇਸ਼ ਦੇ ਇੰਚਾਰਜ ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਨੌਜਵਾਨਾਂ ਨੂੰ ਰੁਜ਼ਗਾਰ, ਮਿਆਰੀ ਸਿੱਖਿਆ, ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਮੌਕੇ ਅਤੇ ਸਰਕਾਰ ਦੇ ਫ਼ੈਸਲਿਆਂ ਵਿੱਚ ਹਿੱਸੇਦਾਰੀ ਦੇ ਕੇ ਹੀ ਸੰਵਾਰਿਆ ਜਾ ਸਕਦਾ ਹੈ। ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਪਾਰਟੀ ਦੇ ਪ੍ਰਸਤਾਵਿਤ 10 ਨੁਕਾਤੀ ਨੌਜਵਾਨ ਚੋਣ ਮਨੋਰਥ ਪੱਤਰ ਬਾਰੇ ਜਾਣਕਾਰੀ ਦਿੰਦਿਆਂ ਗਰੇਵਾਲ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਖੋਖਲੇ ਨਾਅਰਿਆਂ ਤੇ ਝੂਠੇ ਵਾਅਦਿਆਂ ਦੀ ਨਹੀਂ, ਸਗੋਂ ਪੱਕੇ ਮੌਕਿਆਂ ਅਤੇ ਮਿੱਥੇ ਸਮੇਂ ਅੰਦਰ ਕੰਮ ਕਰ ਕੇ ਵਿਖਾਉਣ ਵਾਲੀ ਸਰਕਾਰ ਦੀ ਲੋੜ ਹੈ।
ਗਰੇਵਾਲ ਨੇ ਕਿਹਾ ਕਿ ਬੀਆਰਪੀ ਦੇ ਪ੍ਰਸਤਾਵਿਤ ਪ੍ਰੋਗਰਾਮ ਤਹਿਤ ਸਰਕਾਰ ਬਣਨ ਤੋਂ ਬਾਅਦ ਪਹਿਲੇ 750 ਘੰਟਿਆਂ ਅੰਦਰ 2 ਲੱਖ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਾਸਤੇ ਪ੍ਰਬੰਧ ਸ਼ੁਰੂ ਕੀਤੇ ਜਾਣਗੇ। ਇਸ ਦੇ ਨਾਲ ਹੀ ਬੇਰੁਜ਼ਗਾਰ ਨੌਜਵਾਨ ਮੁੰਡੇ-ਕੁੜੀਆਂ ਨੂੰ ਰੁਜ਼ਗਾਰ ਦੇ ਮੌਕੇ ਮਿਲਣ ਤੱਕ ਬੇਰੁਜ਼ਗਾਰੀ ਭੱਤਾ ਦੇਣ ਦੀ ਤਜਵੀਜ਼ ਵੀ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਨੋਰਥ ਪੱਤਰ ਵਿੱਚ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਵਿੱਤੀ ਸਹਾਇਤਾ ਤੇ ਸੇਧ, ਸਨਅਤਾਂ ਨੂੰ ਹੁਲਾਰਾ, ਹੁਨਰਮੰਦੀ ਦੀ ਸਿਖਲਾਈ, ਯੋਗ ਵਿਦਿਆਰਥੀਆਂ ਨੂੰ ਉੱਚੇਰੀ ਪੜ੍ਹਾਈ ਲਈ ਮਾਲੀ ਮਦਦ, ਮੁਟਿਆਰਾਂ ਦਾ ਸਸ਼ਕਤੀਕਰਨ, ਖੇਡਾਂ ਦੀਆਂ ਸਹੂਲਤਾਂ ਦਾ ਪਸਾਰ ਅਤੇ ਨਸ਼ਿਆਂ ਵਿਰੁੱਧ ਸਖ਼ਤ ਮੁਹਿੰਮ ਚਲਾਉਣ ਵਰਗੇ ਅਹਿਮ ਮੁੱਦੇ ਸ਼ਾਮਲ ਹਨ।
ਗਰੇਵਾਲ ਨੇ ਦੱਸਿਆ ਕਿ ਪਾਰਟੀ ਵੱਲੋਂ ਪਹਿਲੇ ਪੜਾਅ ਵਿੱਚ ਜ਼ਿਲ੍ਹਾ ਪੱਧਰ ’ਤੇ ਨੌਜਵਾਨ ਕਰੀਅਰ ਤੇ ਭਲਾਈ ਕੇਂਦਰ ਸਥਾਪਤ ਕਰਨ ਅਤੇ ਫਿਰ ਪੜਾਅਵਾਰ ਇਨ੍ਹਾਂ ਦਾ ਪਸਾਰ ਹਰ ਪਿੰਡ ਤੱਕ ਕਰਨ ਦੀ ਤਜਵੀਜ਼ ਹੈ। ਇਨ੍ਹਾਂ ਕੇਂਦਰਾਂ ਰਾਹੀਂ ਨੌਜਵਾਨਾਂ ਨੂੰ ਰੁਜ਼ਗਾਰ ਸਬੰਧੀ ਸਲਾਹ, ਨੌਕਰੀਆਂ ਹਾਸਲ ਕਰਨ ਵਿੱਚ ਮਦਦ, ਵਿਦੇਸ਼ਾਂ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਅਤੇ ਆਪਣੀਆਂ ਮੁਸ਼ਕਲਾਂ ਦੇ ਹੱਲ ਲਈ ਸਹੂਲਤ ਦੇਣ ਦਾ ਪ੍ਰਸਤਾਵ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨੌਜਵਾਨਾਂ ਨੂੰ ਸਰਕਾਰੀ ਨੀਤੀਆਂ ਘੜਨ ਅਤੇ ਲੋਕਾਂ ਨਾਲ ਜੁੜੇ ਫ਼ੈਸਲਿਆਂ ਵਿੱਚ ਵੀ ਸਿੱਧੀ ਭਾਗੀਦਾਰੀ ਮਿਲਣੀ ਚਾਹੀਦੀ ਹੈ।
ਗਰੇਵਾਲ ਨੇ ਕਿਹਾ, “ਪੰਜਾਬ ਦੇ ਨੌਜਵਾਨ ਰੁਜ਼ਗਾਰ, ਚੰਗੀ ਸਿੱਖਿਆ, ਮਾਲੀ ਸਹਾਇਤਾ ਅਤੇ ਆਪਣਾ ਭਵਿੱਖ ਸੰਵਾਰਨ ਲਈ ਅਸਲ ਮੌਕੇ ਚਾਹੁੰਦੇ ਹਨ। ਸਾਡਾ ਪ੍ਰਸਤਾਵਿਤ ਨੌਜਵਾਨ ਚੋਣ ਮਨੋਰਥ ਪੱਤਰ ਰੁਜ਼ਗਾਰ, ਸਿੱਖਿਆ, ਸਸ਼ਕਤੀਕਰਨ ਅਤੇ ਨੌਜਵਾਨਾਂ ਦੀ ਸਰਕਾਰ ਵਿੱਚ ਭਾਗੀਦਾਰੀ ਨੂੰ ਪੰਜਾਬ ਦੇ ਵਿਕਾਸ ਦਾ ਆਧਾਰ ਬਣਾਉਣ ਦੀ ਕੋਸ਼ਿਸ਼ ਹੈ। ਅਸੀਂ ਅਜਿਹਾ ਮਾਹੌਲ ਸਿਰਜਣ ਲਈ ਕੰਮ ਕਰਨਾ ਚਾਹੁੰਦੇ ਹਾਂ, ਜਿੱਥੇ ਨੌਜਵਾਨ ਆਪਣਾ ਕਾਰੋਬਾਰ ਖੜ੍ਹਾ ਕਰ ਸਕਣ, ਆਪਣੀ ਕਾਬਲੀਅਤ ਨਿਖਾਰ ਸਕਣ ਅਤੇ ਪੂਰੇ ਮਾਣ-ਸਤਿਕਾਰ ਨਾਲ ਆਪਣੇ ਸੁਪਨੇ ਸਾਕਾਰ ਕਰ ਸਕਣ।”
ਉਨ੍ਹਾਂ ਕਿਹਾ ਕਿ ਬੀਆਰਪੀ ਦਾ ਪ੍ਰਸਤਾਵਿਤ 10 ਨੁਕਾਤੀ ਨੌਜਵਾਨ ਚੋਣ ਮਨੋਰਥ ਪੱਤਰ ਪੰਜਾਬ ਦੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਦੇ ਨੌਜਵਾਨਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ ਦਾ ਮਕਸਦ ਰੁਜ਼ਗਾਰ ਤੇ ਤਰੱਕੀ ਦੇ ਮੌਕੇ ਵਧਾਉਣਾ, ਸਰਕਾਰੀ ਜਵਾਬਦੇਹੀ ਯਕੀਨੀ ਬਣਾਉਣਾ ਅਤੇ ਨੌਜਵਾਨਾਂ ਦੇ ਚੰਗੇ ਭਵਿੱਖ ਲਈ ਠੋਸ ਨੀਤੀਆਂ ਉਲੀਕਣਾ ਹੈ।