ਸੇਂਟ ਕਬੀਰ ਪਬਲਿਕ ਸਕੂਲ ਦੇ ਖਿਡਾਰੀ ਵਿਦਿਆਰਥੀਆਂ ਨੇ 47 ਤਮਗੇ ਹਾਸਲ ਕੀਤੇ
27 ਖਿਡਾਰੀਆਂ ਦੀ ਰਾਜ ਪੱਧਰੀ ਮੁਕਾਬਲਿਆਂ ਲਈ ਹੋਈ ਚੋਣ....
ਰੋਹਿਤ ਗੁਪਤਾ
ਗੁਰਦਾਸਪੁਰ 12 ਅਕਤੂਬਰ
ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ' ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ (ਗੁਰਦਾਸਪੁਰ) ਦੇ ਖਿਡਾਰੀਆਂ ਨੇ ਕੁੱਲ 47 ਮੈਡਲ ਹਾਸਿਲ ਕਰਦਿਆਂ ਸਕੂਲ ਦਾ ਨਾਮ ਪੂਰੇ ਇਲਾਕੇ ਵਿੱਚ ਰੌਸ਼ਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਐਸ.ਬੀ. ਨਾਯਰ ਜੀ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ 'ਬਾਕਸਿੰਗ' ਮੁਕਾਬਲੇ ਵਿੱਚ 6 ਖਿਡਾਰੀਆਂ ਨੇ ਸੋਨ ਤਮਗੇ, 15 ਖਿਡਾਰੀਆਂ ਨੇ ਚਾਂਦੀ ਦੇ ਤਮਗੇ ਅਤੇ 5 ਖਿਡਾਰੀਆਂ ਨੇ ਕਾਂਸੇ ਦੇ ਤਮਗੇ ਹਾਸਿਲ ਕਰਕੇ ਮਾਣ ਵਧਾਇਆ ਹੈ । 'ਕਿੱਕ ਬਾਕਸਿੰਗ' ਵਿੱਚੋਂ ਵੀ ਅੱਠ ਖਿਡਾਰੀਆਂ ਨੇ ਸੋਨ ਤਮਗੇ ਹਾਸਲ ਕਰਕੇ ਰਿਕਾਰਡ ਕਾਇਮ ਕੀਤਾ ਹੈ।
ਇਸ ਦੇ ਨਾਲ ਹੀ 'ਟਾਈਕਮਾਂਡੋ' ਖੇਡ ਵਿੱਚੋਂ 11 ਵਿਦਿਆਰਥੀਆਂ ਨੇ ਸੋਨੇ ਦੇ ਤਮਗੇ ਅਤੇ 'ਵੁਸ਼ੂ' ਖੇਡ ਵਿੱਚੋਂ 2 ਖਿਡਾਰੀਆਂ ਨੇ ਸੋਨੇ ਦੇ ਤਮਗੇ ਹਾਸਲ ਕਰਕੇ ਸਾਰੇ ਵਿਦਿਆਰਥੀਆਂ ਲਈ ਮੀਲ ਪੱਥਰ ਕਾਇਮ ਕੀਤਾ ਹੈ।
ਬਾਕਸਿੰਗ ਕੋਚ ਗੁਰਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਸਾਡੇ ਸਕੂਲ ਦੇ 27 ਖਿਡਾਰੀ ਰਾਜ ਪਧੱਰੀ ਮੁਕਾਬਲਿਆਂ ਲਈ ਚੁਣੇ ਜਾ ਚੁੱਕੇ ਹਨ ਜੋ ਕਿ ਵਿਦਿਆਰਥੀਆਂ ਦੀ ਮਿਹਨਤ ਲਗਨ ਤੇ ਖੇਡ ਪ੍ਰਤੀ ਜਨੂੰਨ ਦੀ ਮਿਸਾਲ ਹੈ। ਸਕੂਲ ਪਹੁੰਚਣ ਤੇ ਸਾਰੇ ਭਾਗੀਦਾਰ ਵਿਦਿਆਰਥੀਆਂ ਦਾ ਪ੍ਰਿੰਸੀਪਲ ਜੀ ਤੇ ਸਕੂਲ ਪ੍ਰਬੰਧਕ ਮੈਂਬਰ ਮੈਡਮ ਨਵਦੀਪ ਕੌਰ ਜੀ ਤੇ ਕੁਲਦੀਪ ਕੌਰ ਜੀ ਦੁਆਰਾ ਤਾੜੀਆਂ ਦੀ ਗੂੰਜ ਨਾਲ ਨਿੱਘਾ ਸਵਾਗਤ ਕਰਦਿਆਂ ਵਧਾਈ ਦਿੱਤੀ ਗਈ। ਇਸ ਮੌਕੇ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਪੜ੍ਹਾਈ ਦੇ ਨਾਲ- ਨਾਲ ਖੇਡ ਮੁਕਾਬਲਿਆਂ ਵਿੱਚ ਹਿੱਸੇਦਾਰੀ ਲੈਂਦੇ ਰਹਿਣ ਦੀ ਵੀ ਪ੍ਰੇਰਨਾ ਦਿੱਤੀ ਗਈ। ਇਸ ਮੌਕੇ ਡੀ.ਪੀ ਵਿਭਾਗ ਦੇ ਅਧਿਆਪਕ ਸ਼ਮਸ਼ੇਰ ਸਿੰਘ, ਜਤਿੰਦਰ ਕੌਰ, ਮੈਡਮ ਨੇਹਾ ਸਮੇਤ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।