ਪਬਲਿਕ ਐਕਸ਼ਨ ਕਮੇਟੀ ਦੀ ਵਾਤਾਵਰਣ ਸੰਭਾਲ ਲਈ ਵੱਡੀ ਪਹਿਲਕਦਮੀ
---ਲੋਧੀ ਕਲੱਬ ਰੋਡ ਦੀ ਗ੍ਰੀਨਬੈਲਟ ਨੂੰ ਨਾਜਾਇਜ਼ ਪਾਰਕਿੰਗ ਤੋਂ ਮੁਕਤ ਕਰਵਾਉਣ ਲਈ ਲਗਾਏ ਬੂਟੇ
ਸੁਖਮਿੰਦਰ ਭੰਗੂ
ਲੁਧਿਆਣਾ 11 ਅਕਤੂਬਰ 2026
ਵਾਤਾਵਰਣ ਦੀ ਸੰਭਾਲ ਅਤੇ ਸ਼ਹਿਰ ਦੀਆਂ ਹਰੀਆਂ ਪੱਟੀਆਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਦੇ ਉਦੇਸ਼ ਨਾਲ ਅੱਜ ਪਬਲਿਕ ਐਕਸ਼ਨ ਕਮੇਟੀ ਵੱਲੋਂ ਨਗਰ ਨਿਗਮ ਦੇ ਸਹਿਯੋਗ ਨਾਲ ਲੋਧੀ ਕਲੱਬ ਰੋਡ ’ਤੇ ਸੇਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਦੇ ਨਾਲ ਲੱਗਦੀ ਗ੍ਰੀਨਬੈਲਟ ਵਿੱਚ ਬੂਟੇ ਲਗਾਏ ਗਏ। ਇਸ ਮੁਹਿੰਮ ਦਾ ਮੁੱਖ ਮਕਸਦ ਸਕੂਲ ਦੀਆਂ ਬੱਸਾਂ ਵੱਲੋਂ ਗ੍ਰੀਨਬੈਲਟ ’ਤੇ ਕੀਤੀ ਜਾ ਰਹੀ ਪਾਰਕਿੰਗ ਕਾਰਨ ਹੋ ਰਹੇ ਕਬਜ਼ੇ ਨੂੰ ਖ਼ਤਮ ਕਰਨਾ ਅਤੇ ਇਸ ਹਰੇ-ਭਰੇ ਖੇਤਰ ਨੂੰ ਮੁੜ ਹਰਿਆਵਲ ਨਾਲ ਭਰਨਾ ਹੈ।
ਪਬਲਿਕ ਐਕਸ਼ਨ ਕਮੇਟੀ ਦੀ ਇਸ ਪਹਿਲਕਦਮੀ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਸ਼ਹਿਰ ਦੀਆਂ ਗ੍ਰੀਨਬੈਲਟਾਂ ਕਿਸੇ ਦੀ ਨਿੱਜੀ ਪਾਰਕਿੰਗ ਲਈ ਨਹੀਂ, ਸਗੋਂ ਵਾਤਾਵਰਣ ਦੀ ਸੰਭਾਲ ਅਤੇ ਲੋਕਾਂ ਦੀ ਸਾਂਝੀ ਵਿਰਾਸਤ ਹਨ। ਇਨ੍ਹਾਂ ਦੀ ਰੱਖਿਆ ਕਰਨਾ ਹਰ ਨਾਗਰਿਕ ਅਤੇ ਸਬੰਧਤ ਸੰਸਥਾ ਦੀ ਜ਼ਿੰਮੇਵਾਰੀ ਹੈ।
ਹੁਣ ਦੇਖਣਾ ਇਹ ਹੋਵੇਗਾ ਕਿ ਸਬੰਧਤ ਵਾਹਨਾਂ ਦੇ ਮਾਲਕ ਅਤੇ ਚਾਲਕ ਇਨ੍ਹਾਂ ਬੂਟਿਆਂ ਅਤੇ ਟ੍ਰੀ ਗਾਰਡਾਂ ਦੀ ਸੁਰੱਖਿਆ ਕਰਦੇ ਹਨ ਜਾਂ ਮੁੜ ਗ੍ਰੀਨਬੈਲਟ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਜੇਕਰ ਕਿਸੇ ਵੱਲੋਂ ਬੂਟਿਆਂ ਨੂੰ ਪੁੱਟਣ ਜਾਂ ਟ੍ਰੀ ਗਾਰਡਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਪਬਲਿਕ ਐਕਸ਼ਨ ਕਮੇਟੀ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਧਿਰਾਂ ਵਿਰੁੱਧ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਵਿੱਚ ਕਾਨੂੰਨੀ ਕਾਰਵਾਈ ਲਈ ਕੇਸ ਦਾਇਰ ਕਰਨ ਦਾ ਕਦਮ ਚੁੱਕਿਆ ਜਾਵੇਗਾ।
ਕਮੇਟੀ ਦਾ ਮੰਨਣਾ ਹੈ ਕਿ ਸ਼ਹਿਰ ਦੀ ਹਰਿਆਵਲ ਦੀ ਰਾਖੀ ਸਿਰਫ਼ ਬੂਟੇ ਲਗਾਉਣ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ, ਸਗੋਂ ਉਨ੍ਹਾਂ ਦੀ ਸੰਭਾਲ ਅਤੇ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਗ੍ਰੀਨਬੈਲਟਾਂ ਨੂੰ ਨਾਜਾਇਜ਼ ਪਾਰਕਿੰਗ ਤੋਂ ਮੁਕਤ ਕਰਵਾਉਣਾ ਅਤੇ ਉਨ੍ਹਾਂ ਨੂੰ ਹਰਿਆ-ਭਰਿਆ ਰੱਖਣਾ ਸਾਫ਼-ਸੁਥਰੇ ਤੇ ਸਿਹਤਮੰਦ ਲੁਧਿਆਣਾ ਵੱਲ ਇੱਕ ਅਹਿਮ ਕਦਮ ਹੈ।
ਇਸ ਮੁਹਿੰਮ ਵਿੱਚ ਪਬਲਿਕ ਐਕਸ਼ਨ ਕਮੇਟੀ ਵੱਲੋਂ ਮੋਹਿਤ ਸੱਗੜ, ਗੁਰਪ੍ਰੀਤ ਸਿੰਘ, ਜਸਕੀਰਤ ਸਿੰਘ, ਕੁਲਦੀਪ ਸਿੰਘ ਖਹਿਰਾ, ਅਮਨਦੀਪ ਸਿੰਘ ਬੈਂਸ ਅਤੇ ਕਪਿਲ ਅਰੋੜਾ ਤੋਂ ਇਲਾਵਾ ਬ੍ਰਿਜ ਭੂਸ਼ਣ ਗੋਇਲ, ਡਾ. ਸੁਖਜੀਤ ਸਿੰਘ ਭੱਲਾ, ਹੈਪੀ ਗਰੇਵਾਲ, ਪਰਮਿੰਦਰ ਸਿੰਘ ਬਰਾੜ ਅਤੇ ਨੀਰਜ ਭੱਟ ਨੇ ਵੀ ਸ਼ਮੂਲੀਅਤ ਕੀਤੀ।