ਪੰਜਾਬ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਵੱਡਾ ਉਪਰਾਲਾ: PPCB ਵੱਲੋਂ ਕਰਵਾਏ ਸੰਮੇਲਨ 'ਚ ਗੋਲਬਲ ਤਕਨਾਲੋਜੀ ਅਤੇ EPR ਪ੍ਰਣਾਲੀ 'ਤੇ ਚਰਚਾ
ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਵੱਲੋਂ ਪਲਾਸਟਿਕ ਦੀ ਜ਼ਿੰਮੇਵਾਰੀ ਨਾਲ ਵਰਤੋਂ ’ਤੇ ਜ਼ੋਰ; ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਅੰਤਰਰਾਸ਼ਟਰੀ ਪੰਜਾਬ ਪਲਾਸਟਿਕ ਐਕਸ਼ਨ ਸੰਮੇਲਨ-2026 ਕਰਵਾਇਆ; ਉਤਪਾਦਕਾਂ ਦੀ ਜਵਾਬਦੇਹੀ ਅਤੇ ਤਕਨਾਲੋਜੀ ਆਧਾਰਿਤ ਹੱਲ ’ਤੇ ਜ਼ੋਰ
ਪਲਾਸਟਿਕ ਨੂੰ ਮਿੱਟੀ ਤੇ ਪਾਣੀ ਨੂੰ ਦੂਸ਼ਿਤ ਕਰਨ, ਖੁਰਾਕ ਲੜੀ ਵਿੱਚ ਦਾਖ਼ਲ ਹੋਣ ਅਤੇ ਮਨੁੱਖੀ ਸਿਹਤ ਲਈ ਖ਼ਤਰਾ ਬਣਨ ਤੋਂ ਰੋਕਣਾ ਹੀ ਸਾਡਾ ਅਹਿਮ ਟੀਚਾ: ਚੇਅਰਪਰਸਨ ਰੀਨਾ ਗੁਪਤਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਅਕਤੂਬਰ 2026- ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਵੱਲੋਂ ਅਮਿਟੀ ਯੂਨੀਵਰਸਿਟੀ, ਮੋਹਾਲੀ ਵਿਖੇ ਅੰਤਰਰਾਸ਼ਟਰੀ ਪੰਜਾਬ ਪਲਾਸਟਿਕ ਐਕਸ਼ਨ ਸੰਮੇਲਨ-2026 ਕਰਵਾਇਆ ਗਿਆ। ਇਸ ਸੰਮੇਲਨ ਵਿੱਚ ਨੀਤੀ ਨਿਰਮਾਤਾਵਾਂ, ਉਦਯੋਗਿਕ ਖੇਤਰ ਦੇ ਨੁਮਾਇੰਦਿਆਂ, ਸਿਵਲ ਸੁਸਾਇਟੀ ਦੇ ਮੈਂਬਰਾਂ, ਵਾਤਾਵਰਣ ਮਾਹਿਰਾਂ ਅਤੇ ਕੌਮਾਂਤਰੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕਰਦਿਆਂ ਪਲਾਸਟਿਕ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਠੋਸ ਹੱਲ ਅਤੇ ਉਪਾਵਾਂ ’ਤੇ ਵਿਚਾਰ-ਵਟਾਂਦਰਾ ਕੀਤਾ। ਸੰਮੇਲਨ ਦਾ ਉਦੇਸ਼ ਵਿਸ਼ਵ ਪੱਧਰੀ ਤਜਰਬਿਆਂ ਅਤੇ ਜਾਣਕਾਰੀ ਦੇ ਆਦਾਨ-ਪ੍ਰਦਾਨ, ਤਕਨਾਲੋਜੀ ਆਧਾਰਿਤ ਉਪਰਾਲਿਆਂ ਅਤੇ ਪਲਾਸਟਿਕ ਦੀ ਪੂਰੀ ਲੜੀ ਵਿੱਚ ਜਵਾਬਦੇਹੀ ਨੂੰ ਮਜ਼ਬੂਤ ਕਰਨਾ ਸੀ, ਤਾਂ ਜੋ ‘ਰੰਗਲਾ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਕਦਮ ਵਧਾਏ ਜਾ ਸਕਣ।
ਸੰਮੇਲਨ ਵਿੱਚ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ, ਪੰਜਾਬ ਵਿਕਾਸ ਕਮਿਸ਼ਨ ਦੀ ਉਪ ਚੇਅਰਪਰਸਨ ਸ੍ਰੀਮਤੀ ਸੀਮਾ ਬਾਂਸਲ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ, ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਵਿਭਾਗ ਦੇ ਡਾਇਰੈਕਟਰ ਡਾ. ਸ਼ੈਲੇਂਦਰ ਕੌਰ, ਆਈ.ਐੱਫ.ਐੱਸ., ਅਲਾਇੰਸ ਟੂ ਐਂਡ ਪਲਾਸਟਿਕ ਵੇਸਟ ਅਤੇ ਵਿਸ਼ਵ ਬੈਂਕ ਦੇ ਸੀਨੀਅਰ ਨੁਮਾਇੰਦਿਆਂ ਸਮੇਤ ਹੋਰ ਸਬੰਧਤ ਧਿਰਾਂ ਦੇ ਪ੍ਰਤੀਨਿਧੀ ਮੌਜੂਦ ਸਨ।
ਸੰਮੇਲਨ ਦੌਰਾਨ ਪਲਾਸਟਿਕ ਕਚਰੇ ਦੀ ਵਧਦੀ ਸਮੱਸਿਆ ਅਤੇ ਇਸ ਦੇ ਪ੍ਰਬੰਧਨ ਲਈ ਉੱਨਤ ਕਚਰਾ ਪ੍ਰੋਸੈਸਿੰਗ ਤਕਨਾਲੋਜੀ, ਸਰਕੂਲਰ ਇਕਾਨਮੀ ਮਾਡਲਾਂ, ਵਾਤਾਵਰਣ ਅਨੁਕੂਲ ਬਦਲਾਂ, ਉਤਪਾਦਕਾਂ ਦੀ ਵਿਸਤ੍ਰਿਤ ਜ਼ਿੰਮੇਵਾਰੀ (ਈ.ਪੀ.ਆਰ.) ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਲੋਕਾਂ ਦੀ ਭਾਗੀਦਾਰੀ ਨਾਲ ਕੀਤੇ ਜਾਣ ਵਾਲੇ ਉਪਰਾਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪੰਜਾਬ ਦੇ ਛੇ ਪ੍ਰਮੁੱਖ ਸ਼ਹਿਰਾਂ ਵਿੱਚ ਕੀਤੇ ਗਏ ਪਲਾਸਟਿਕ ਵੇਸਟ ਬ੍ਰਾਂਡ ਆਡਿਟ ਦੇ ਨਤੀਜੇ ਵੀ ਸਾਂਝੇ ਕੀਤੇ ਗਏ। ਇਸ ਜਾਂਚ ਦੌਰਾਨ ਲਗਭਗ 7,000 ਕਿਲੋਗ੍ਰਾਮ ਨਮੂਨਾ ਕਚਰੇ ਦਾ ਅਧਿਐਨ ਕੀਤਾ ਗਿਆ ਅਤੇ ਲਗਭਗ 12,000 ਪੈਕੇਟਾਂ ਦਾ ਸਬੰਧ 231 ਕੰਪਨੀਆਂ ਨਾਲ ਪਾਇਆ ਗਿਆ। ਇਨ੍ਹਾਂ ਨਤੀਜਿਆਂ ਨੇ ਬ੍ਰਾਂਡਿਡ ਪਲਾਸਟਿਕ ਕਚਰੇ ਦੀ ਸਮੱਸਿਆ ਨਾਲ ਨਿਪਟਣ ਦੇ ਮਾਪਦੰਡ ਅਤੇ ਉਤਪਾਦਕਾਂ/ਨਿਰਮਾਤਾਵਾਂ ਦੀ ਜਵਾਬਦੇਹੀ ਯਕੀਨੀ ਬਣਾਉਣ ਦੀ ਲੋੜ ਨੂੰ ਉਜਾਗਰ ਕੀਤਾ।
ਆਪਣੇ ਵਿਸ਼ੇਸ਼ ਸੰਬੋਧਨ ਦੌਰਾਨ ਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ ਨੇ ਪਲਾਸਟਿਕ ਦੀ ਵਰਤੋਂ ਅਤੇ ਇਸ ਦੇ ਕਚਰੇ ਦੀ ਆਰਥਿਕ ਕੀਮਤ ਬਾਰੇ ਗੱਲ ਕਰਦਿਆਂ ਕਿਹਾ ਕਿ ਵੈਫ਼ਰਾਂ, ਬਿਸਕੁਟਾਂ ਅਤੇ ਹੋਰ ਖਪਤਕਾਰ ਵਸਤਾਂ ਦੀ ਪੈਕਿੰਗ ਲਈ ਵਰਤੀ ਜਾਂਦੀ ਬਹੁ-ਪਰਤੀ ਪਲਾਸਟਿਕ ਪੈਕੇਜਿੰਗ ਦੀ ਕਚਰਾ ਚੁਗਣ ਵਾਲਿਆਂ ਲਈ ਬਾਜ਼ਾਰੀ ਕੀਮਤ ਨਾਮਾਤਰ ਜਾਂ ਬਿਲਕੁਲ ਨਹੀਂ ਹੁੰਦੀ। ਇਸ ਕਾਰਨ ਅਜਿਹੀ ਪੈਕੇਜਿੰਗ ਅਕਸਰ ਸੜਕਾਂ ਅਤੇ ਜਨਤਕ ਥਾਵਾਂ ’ਤੇ ਖਿੱਲਰੀ ਰਹਿ ਜਾਂਦੀ ਹੈ। ਉਨ੍ਹਾਂ ਜਨਤਕ ਜ਼ਿੰਮੇਵਾਰੀ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਧਾਰਮਿਕ ਸਿੱਖਿਆ ਵੀ ਰਵਾਇਤੀ ਤੌਰ ’ਤੇ ਸੰਜਮ, ਸਾਦਗੀ ਅਤੇ ਸੋਚ-ਸਮਝ ਕੇ ਪਲਾਸਟਿਕ ਦੀ ਖਪਤ ਕਰਨ ਦੀ ਪ੍ਰੇਰਣਾ ਦੇਣ ਵਿੱਚ ਸਹਾਈ ਹੋ ਸਕਦੀ ਹੈ।
ਸੰਮੇਲਨ ਦੌਰਾਨ ਬ੍ਰਾਂਡ ਆਡਿਟ ਦੇ ਨਤੀਜਿਆਂ ਤੋਂ ਸਾਹਮਣੇ ਆਏ ਇੱਕ ਅਹਿਮ ਮੁੱਦੇ ’ਤੇ ਵੀ ਚਰਚਾ ਕੀਤੀ ਗਈ। ਇਹ ਮੁੱਦਾ ਕੌਮੀ ਈ.ਪੀ.ਆਰ. ਪ੍ਰਣਾਲੀਆਂ ’ਤੇ ਦਰਸਾਈ ਗਈ ਪਾਲਣਾ ਅਤੇ ਜ਼ਮੀਨੀ ਪੱਧਰ ’ਤੇ ਦਿਖਾਈ ਦੇਣ ਵਾਲੇ ਬ੍ਰਾਂਡਿਡ ਪਲਾਸਟਿਕ ਕਚਰੇ ਵਿਚਲੇ ਪਾੜੇ ਨਾਲ ਸਬੰਧਤ ਸੀ। ਮੌਜੂਦਾ ਪ੍ਰਣਾਲੀ ਅਧੀਨ ਭੂਗੋਲਿਕ ਪੱਧਰ ’ਤੇ ਨਿਰਪੱਖ ਈ.ਪੀ.ਆਰ. ਸਰਟੀਫਿਕੇਟਾਂ ਰਾਹੀਂ ਉਤਪਾਦਕ ਦੇਸ਼ ਦੇ ਕਿਸੇ ਹੋਰ ਹਿੱਸੇ ਵਿੱਚ ਪ੍ਰੋਸੈਸ ਕੀਤੇ ਗਏ ਪਲਾਸਟਿਕ ਕਚਰੇ ਦੇ ਆਧਾਰ ’ਤੇ ਆਪਣੀਆਂ ਰੀਸਾਈਕਲਿੰਗ ਜ਼ਿੰਮੇਵਾਰੀਆਂ ਪੂਰੀਆਂ ਕਰ ਸਕਦੇ ਹਨ। ਇਸ ਨਾਲ ਇਹ ਜ਼ਰੂਰੀ ਨਹੀਂ ਰਹਿੰਦਾ ਕਿ ਜਿਨ੍ਹਾਂ ਸੂਬਿਆਂ ਵਿੱਚ ਉਨ੍ਹਾਂ ਦੇ ਉਤਪਾਦ ਵਰਤੇ ਜਾਂਦੇ ਹਨ, ਉੱਥੇ ਵੀ ਬਰਾਬਰ ਮਾਤਰਾ ਵਿੱਚ ਕਚਰੇ ਦੀ ਮੁੜ-ਪ੍ਰਾਪਤੀ ਯਕੀਨੀ ਬਣਾਈ ਜਾਵੇ।
ਇਸ ਸੰਦਰਭ ਵਿੱਚ ਭਾਗੀਦਾਰਾਂ ਨੇ ਜ਼ੋਰ ਦਿੱਤਾ ਕਿ ਉਤਪਾਦਕਾਂ ਦੀਆਂ ਜ਼ਿੰਮੇਵਾਰੀਆਂ ਨੂੰ ਸਥਾਨਕ ਪੱਧਰ ’ਤੇ ਪੈਦਾ ਹੋਣ ਵਾਲੇ ਕਚਰੇ ਦੇ ਬੋਝ ਨਾਲ ਜੋੜਨ ਲਈ ਪਾਰਦਰਸ਼ਤਾ, ਨਿਗਰਾਨੀ ਅਤੇ ਜਵਾਬਦੇਹੀ ਦੇ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾਣੇ ਚਾਹੀਦੇ ਹਨ।
ਸੰਮੇਲਨ ਵਿੱਚ ਇਹ ਵੀ ਉਜਾਗਰ ਕੀਤਾ ਗਿਆ ਕਿ ਪਲਾਸਟਿਕ ਕਚਰੇ ਦੀ ਸਮੱਸਿਆ ਸਿਰਫ਼ ਗੰਦਗੀ ਅਤੇ ਦਿੱਖ ਤੱਕ ਸੀਮਤ ਨਹੀਂ ਹੈ। ਜੇਕਰ ਪਲਾਸਟਿਕ ਕਚਰੇ ਨੂੰ ਢੁੱਕਵੇਂ ਢੰਗ ਨਾਲ ਇਕੱਠਾ ਅਤੇ ਪ੍ਰੋਸੈਸ ਨਾ ਕੀਤਾ ਜਾਵੇ, ਤਾਂ ਇਹ ਟੁੱਟ ਕੇ ਬਹੁਤ ਛੋਟੇ ਕਣਾਂ ਵਿੱਚ ਬਦਲ ਸਕਦਾ ਹੈ ਅਤੇ ਮਿੱਟੀ ਤੇ ਪਾਣੀ ਨੂੰ ਦੂਸ਼ਿਤ ਕਰਨ ਵਿੱਚ ਯੋਗਦਾਨ ਪਾ ਸਕਦਾ ਹੈ। ਇਸ ਨਾਲ ਪਲਾਸਟਿਕ ਅਤੇ ਇਸ ਨਾਲ ਜੁੜੇ ਪ੍ਰਦੂਸ਼ਕਾਂ ਦੇ ਖੁਰਾਕ ਲੜੀ ਵਿੱਚ ਦਾਖ਼ਲ ਹੋਣ ਦੀ ਸੰਭਾਵਨਾ ਪੈਦਾ ਹੁੰਦੀ ਹੈ। ਵਾਤਾਵਰਣ ਅਤੇ ਮਨੁੱਖੀ ਜੈਵਿਕ ਨਮੂਨਿਆਂ ਵਿੱਚ ਸੂਖਮ ਪਲਾਸਟਿਕ ਕਣਾਂ ਦੀ ਮੌਜੂਦਗੀ ਸਬੰਧੀ ਖੋਜਾਂ ਵੀ ਸਾਹਮਣੇ ਆਈਆਂ ਹਨ। ਇਸ ਲਈ ਸੰਮੇਲਨ ਵਿੱਚ ਪਲਾਸਟਿਕ ਕਚਰੇ ਨੂੰ ਵਾਤਾਵਰਣ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਰੋਕਣ ’ਤੇ ਜ਼ੋਰ ਦਿੱਤਾ ਗਿਆ।
ਭਾਗੀਦਾਰਾਂ ਨੇ ਪਲਾਸਟਿਕ ਪੈਕੇਜਿੰਗ ਵਿੱਚ ਸੁਧਾਰ, ਕਚਰੇ ਨੂੰ ਇਕੱਠਾ ਕਰਨ, ਵੱਖ-ਵੱਖ ਕਿਸਮਾਂ ਵਿੱਚ ਛਾਂਟਣ, ਰੀਸਾਈਕਲਿੰਗ ਅਤੇ ਪ੍ਰੋਸੈਸਿੰਗ ਲਈ ਤਕਨਾਲੋਜੀ ਦੀ ਵਰਤੋਂ ਵਧਾਉਣ, ਨਵੇਂ ਕੱਚੇ ਮਾਲ ’ਤੇ ਨਿਰਭਰਤਾ ਘਟਾਉਣ ਅਤੇ ਕਚਰੇ ਦੀ ਪੈਦਾਵਾਰ ਘੱਟ ਕਰਨ ਬਾਰੇ ਵੀ ਵਿਚਾਰ ਸਾਂਝੇ ਕੀਤੇ। ਇਸ ਦੇ ਨਾਲ ਹੀ ਵਾਤਾਵਰਣ ਅਨੁਕੂਲ ਬਦਲਾਂ ਨੂੰ ਪ੍ਰਭਾਵਸ਼ਾਲੀ, ਆਰਥਿਕ ਪੱਖੋਂ ਵਿਹਾਰਕ ਅਤੇ ਵੱਡੇ ਪੱਧਰ ’ਤੇ ਲਾਗੂ ਕਰਨ ਯੋਗ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। 'ਅਲਾਇੰਸ ਟੂ ਐਂਡ ਪਲਾਸਟਿਕ ਵੇਸਟ' ਨੇ ਪੰਜਾਬ ਵਿੱਚ ਪਲਾਸਟਿਕ ਕਚਰੇ ਦੇ ਪ੍ਰਬੰਧਨ ਲਈ ਤਕਨੀਕੀ ਅਤੇ ਵਿੱਤੀ ਸਹਾਇਤਾ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਕਰਨ ਦੀ ਵਚਨਬੱਧਤਾ ਪ੍ਰਗਟਾਈ।
ਸੰਮੇਲਨ ਦਾ ਮੁੱਖ ਮੰਤਵ ਪਲਾਸਟਿਕ ਕਚਰੇ ਨੂੰ ਸਿਰਫ਼ ਇੱਕ ਥਾਂ ਤੋਂ ਦੂਜੀ ਥਾਂ ’ਤੇ ਤਬਦੀਲ ਕਰਨ ਦੀ ਬਜਾਏ ਇਸ ਦੇ ਪੂਰੇ ਜੀਵਨ-ਚੱਕਰ ਦੌਰਾਨ ਜ਼ਿੰਮੇਵਾਰੀ ਨਾਲ ਪ੍ਰਬੰਧ ਕਰਨ ਤੇ ਅਧਾਰਿਤ ਸੀ। ਇਸ ਵਿੱਚ ਸੋਚ-ਸਮਝ ਕੇ ਖਪਤ ਕਰਨ, ਕਚਰੇ ਨੂੰ ਵੱਖਰਾ ਕਰਨ, ਮੁੜ-ਪ੍ਰਾਪਤੀ ਅਤੇ ਰੀਸਾਈਕਲਿੰਗ ਤੋਂ ਲੈ ਕੇ ਗੈਰ-ਰੀਸਾਈਕਲਯੋਗ ਸਮੱਗਰੀ ਦੇ ਢੁੱਕਵੇਂ ਨਿਪਟਾਰੇ ਤੱਕ ਦੇ ਸਾਰੇ ਪੜਾਅ ਸ਼ਾਮਲ ਹਨ।
ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਰੀਨਾ ਗੁਪਤਾ ਨੇ ਕਿਹਾ, “ਸਾਡਾ ਟੀਚਾ ਇਹ ਯਕੀਨੀ ਬਣਾਉਣਾ ਹੋਣਾ ਚਾਹੀਦਾ ਹੈ ਕਿ ਵਰਤੋਂ ਤੋਂ ਬਾਅਦ ਪਲਾਸਟਿਕ ਨੂੰ ਸੁਰੱਖਿਅਤ ਢੰਗ ਨਾਲ ਇਕੱਠਾ ਕੀਤਾ ਜਾਵੇ, ਵਿਗਿਆਨਕ ਤਰੀਕਿਆਂ ਨਾਲ ਪ੍ਰੋਸੈਸ ਕੀਤਾ ਜਾਵੇ ਅਤੇ ਜ਼ਿੰਮੇਵਾਰੀ ਨਾਲ ਨਿਪਟਾਇਆ ਜਾਵੇ। ਇਸ ਨੂੰ ਸਾਡੀ ਮਿੱਟੀ ਅਤੇ ਪਾਣੀ ਨੂੰ ਦੂਸ਼ਿਤ ਕਰਨ, ਖੁਰਾਕ ਲੜੀ ਵਿੱਚ ਦਾਖ਼ਲ ਹੋਣ ਜਾਂ ਮਨੁੱਖੀ ਸਿਹਤ ਲਈ ਖ਼ਤਰਾ ਬਣਨ ਤੋਂ ਰੋਕਣਾ ਲਾਜ਼ਮੀ ਹੈ। ਉੱਤਮ ਤਕਨਾਲੋਜੀਆਂ ਅਪਣਾ ਕੇ, ਉਤਪਾਦਕਾਂ ਦੀ ਜਵਾਬਦੇਹੀ ਮਜ਼ਬੂਤ ਕਰਕੇ ਅਤੇ ਹਰ ਨਾਗਰਿਕ ਨੂੰ ਇਸ ਮੁਹਿੰਮ ਦਾ ਭਾਗੀਦਾਰ ਬਣਾ ਕੇ ਅਸੀਂ ਪਲਾਸਟਿਕ ਕਚਰੇ ਦੀ ਚੁਣੌਤੀ ਨੂੰ ਸਾਫ਼-ਸੁਥਰੇ, ਸਿਹਤਮੰਦ ਅਤੇ ਟਿਕਾਊ ਪੰਜਾਬ ਦੇ ਨਿਰਮਾਣ ਦੇ ਮੌਕੇ ਵਿੱਚ ਬਦਲ ਸਕਦੇ ਹਾਂ। ‘ਰੰਗਲਾ ਪੰਜਾਬ’ ਦਾ ਦ੍ਰਿਸ਼ਟੀਕੋਣ ਵੀ ਇਹੀ ਹੈ ਕਿ ਵਿਕਾਸ ਦੇ ਨਾਲ ਵਾਤਾਵਰਣ ਦੀ ਜ਼ਿੰਮੇਵਾਰੀ ਨਿਭਾਈ ਜਾਵੇ ਅਤੇ ਵਾਤਾਵਰਣ ਦੀ ਸੁਰੱਖਿਆ ਰਾਹੀਂ ਆਉਣ ਵਾਲੀਆਂ ਪੀੜ੍ਹੀਆਂ ਦੀ ਸਿਹਤ ਦੀ ਰੱਖਿਆ ਕੀਤੀ ਜਾਵੇ।”
ਸ੍ਰੀਮਤੀ ਗੁਪਤਾ ਨੇ ਜ਼ੋਰ ਦਿੱਤਾ ਕਿ ਪਲਾਸਟਿਕ ਕਚਰੇ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਸਿਰਫ਼ ਸਫ਼ਾਈ ਕਰਮਚਾਰੀਆਂ ਜਾਂ ਸਰਕਾਰਾਂ ਤੱਕ ਸੀਮਤ ਨਹੀਂ ਹੋ ਸਕਦੀ। ਉਤਪਾਦਕਾਂ, ਸੰਸਥਾਵਾਂ, ਭਾਈਚਾਰਿਆਂ ਅਤੇ ਹਰ ਨਾਗਰਿਕ ਦੀ ਇਸ ਵਿੱਚ ਅਹਿਮ ਭੂਮਿਕਾ ਹੈ, ਤਾਂ ਜੋ ਪਲਾਸਟਿਕ ਇੱਕ ਲਾਭਦਾਇਕ ਸਮੱਗਰੀ ਬਣਿਆ ਰਹੇ, ਨਾ ਕਿ ਵਾਤਾਵਰਣ ਲਈ ਬੇਕਾਬੂ ਬੋਝ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਨਤਕ ਸਮਾਗਮਾਂ ਅਤੇ ਸੰਸਥਾਵਾਂ ਵਿੱਚ ਪਲਾਸਟਿਕ ਦੀ ਵਰਤੋਂ ਘਟਾਉਣ ਅਤੇ ਵਾਤਾਵਰਣ ਅਨੁਕੂਲ ਬਦਲਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ। ਇਨ੍ਹਾਂ ਵਿੱਚ ਫ਼ਤਹਿਗੜ੍ਹ ਸਾਹਿਬ ਵਿਖੇ ਪਲਾਸਟਿਕ-ਮੁਕਤ ਲੰਗਰ, ਪਟਿਆਲਾ ਦੇ ਕਾਲੀ ਮਾਤਾ ਮੰਦਰ ਵਿਖੇ ਪਲਾਸਟਿਕ-ਮੁਕਤ ਪ੍ਰਸਾਦ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਲਾਸਟਿਕ-ਮੁਕਤ ਹੋਲਾ ਮਹੱਲਾ ਵਰਗੀਆਂ ਪਹਿਲਕਦਮੀਆਂ ਸ਼ਾਮਲ ਹਨ, ਜਿੱਥੇ ਹਜ਼ਾਰਾਂ ਸ਼ਰਧਾਲੂਆਂ ਵੱਲੋਂ ਸਟੀਲ ਅਤੇ ਜੈਵਿਕ ਤੌਰ ’ਤੇ ਨਸ਼ਟ ਹੋਣ ਵਾਲੇ ਬਰਤਨਾਂ ਦੀ ਵਰਤੋਂ ਕੀਤੀ ਗਈ।
ਇਸ ਤੋਂ ਇਲਾਵਾ ਪਟਿਆਲਾ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਪਲਾਸਟਿਕ-ਮੁਕਤ ਦੁਪਹਿਰ ਦੇ ਖਾਣੇ ਦੀ ਮੁਹਿੰਮ ਅਤੇ ਬਹੁ-ਪਰਤੀ ਪਲਾਸਟਿਕ ਕਚਰਾ ਇਕੱਠਾ ਕਰਨ ਦੀ ਮੁਹਿੰਮ ਵੀ ਪਾਇਲਟ ਪ੍ਰਾਜੈਕਟ ਵਜੋਂ ਚਲਾਈ ਜਾ ਰਹੀ ਹੈ। ਇਨ੍ਹਾਂ ਉਪਰਾਲਿਆਂ ਦਾ ਉਦੇਸ਼ ਵਿਦਿਆਰਥੀਆਂ ਵਿੱਚ ਜ਼ਿੰਮੇਵਾਰ ਖਪਤ ਅਤੇ ਕਚਰੇ ਨੂੰ ਵੱਖਰਾ ਕਰਨ ਦੀ ਆਦਤ ਨੂੰ ਉਤਸ਼ਾਹਿਤ ਕਰਨਾ ਹੈ।
- Download Babushahi App
-
-