'ਫਾਸ਼ੀ ਹਮਲਿਆਂ ਵਿਰੋਧੀ ਫਰੰਟ' ਵੋਟਰ ਸੂਚੀਆਂ ਦੀ ਵਿਸ਼ੇਸ਼ ਸਧਾਈ ਖਿਲਾਫ ਰੋਸ ਰੈਲੀ ਕਰਨ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 27 ਸਤੰਬਰ 2026 :"ਫਾਸ਼ੀ ਹਮਲਿਆਂ ਵਿਰੋਧੀ ਫਰੰਟ" ਵਲੋਂ ਦੇਸ਼ ਦੇ ਗਰੀਬਾਂ, ਘੱਟ ਗਿਣਤੀਆਂ, ਦਲਿਤਾਂ-ਔਰਤਾਂ ਤੇ ਹਾਸ਼ੀਆਗਤ ਵਸੋਂ ਸਮੂਹਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝੇ ਕਰਨ ਦੀ ਸਾਜਿਸ਼ ਤਹਿਤ ਕੀਤੀ ਜਾ ਰਹੀ ਵੋਟਰ ਸੂਚੀਆਂ ਦੀ 'ਵਿਸ਼ੇਸ਼ ਡੂੰਘੀ ਸੁਧਾਈ' (ਐਸ.ਆਈ.ਆਰ.) ਖਿਲਾਫ ਆਉਣ ਵਾਲੀ 30 ਸਤੰਬਰ ਨੂੰ 'ਦੇਸ਼ ਭਗਤ ਯਾਦਗਾਰ ਜਲੰਧਰ' ਦੇ 'ਵਿਸ਼ਣੂ ਗਣੇਸ਼ ਪਿੰਗਲੇ ਹਾਲ' ਵਿਖੇ ਭਰਵੀਂ ਰੋਸ ਰੈਲੀ ਕੀਤੀ ਜਾਵੇਗੀ ਜਿਸ ਨੂੰ ਸਾਥੀ ਮੰਗਤ ਰਾਮ ਪਾਸਲਾ, ਦਰਸ਼ਨ ਖਟਕੜ ਅਤੇ ਸੁਖਦਰਸ਼ਨ ਨੱਤ ਵਲੋਂ ਸੰਬੋਧਨ ਕੀਤਾ ਜਾਵੇਗਾ। ਰੈਲੀ ਦੀ ਸਮਾਪਤੀ ਤੋਂ ਪਿੱਛੋਂ ਸ਼ਹਿਰ 'ਚ ਰੋਸ ਮਾਰਚ ਵੀ ਕੱਢਿਆ ਜਾਵੇਗਾ। ਇਹ ਜਾਣਕਾਰੀ ਅੱਜ ਇੱਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਫਰੰਟ ਦੇ ਸੂਬਾਈ ਆਗੂਆਂ ਸਾਥੀ ਪਰਗਟ ਸਿੰਘ ਜਾਮਾਰਾਏ, ਕੁਲਵਿੰਦਰ ਸਿੰਘ ਵੜੈਚ ਤੇ ਅਸ਼ਵਨੀ ਕੁਮਾਰ ਲੱਖਣ ਕੇ ਨੇ ਦਿੱਤੀ ਹੈ।
ਆਗੂਆਂ ਨੇ ਕਿਹਾ ਹੈ ਐਸ.ਆਈ.ਆਰ. ਸਰਾਸਰ ਗੈਰ ਕਾਨੂੰਨੀ ਅਤੇ ਸੰਵਿਧਾਨ ਵਿਰੋਧੀ ਕਾਰਵਾਈ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਸੀਈਸੀ ਵਲੋਂ ਮੋਦੀ ਸਰਕਾਰ ਦੇ ਥਾਪੜੇ ਨਾਲ ਕੀਤੀ ਜਾ ਰਹੀ ਐਸ.ਆਈ.ਆਰ. ਦੇ ਜਰੀਏ ਆਰ.ਐਸ.ਐਸ., ਭਾਜਪਾ ਦੀ ਲੋਕ-ਰਾਜ ਦੇ ਖਾਤਮੇ ਦੀ ਚਿਰੋਕਣੀ ਸਾਜਿਸ਼ ਸਿਰੇ ਚੜ੍ਹਾਈ ਜਾ ਰਹੀ ਹੈ।
ਆਗੂਆਂ ਨੇ ਮੰਗ ਕੀਤੀ ਹੈ ਮੁੱਖ ਚੋਣ ਕਮਿਸ਼ਨਰ (ਸੀਈਸੀ) ਫੌਰੀ ਅਸਤੀਫ਼ਾ ਦੇਵੇ। ਉਨ੍ਹਾਂ ਸੀਈਸੀ ਦੀਆਂ ਆਪਹੁਦਰੀਆਂ ਕਾਰਵਾਈਆਂ ਬਦਲੇ ਉਸ ਖਿਲਾਫ਼ ਮੁਕੱਦਮਾ ਚਲਾ ਕੇ ਉਸਨੂੰ ਜੇਲ੍ਹ ’ਚ ਬੰਦ ਕੀਤੇ ਜਾਣ ਦੀ ਵੀ ਮੰਗ ਕੀਤੀ ਹੈ।
ਆਗੂਆਂ ਨੇ ਦੇਸ਼ ਦਾ ਚੰਗੇਰਾ ਭਵਿੱਖ ਲੋਚਦੇ, ਜਮਹੂਰੀ ਸੋਚ ਵਾਲੇ, ਨਿਆਂ ਪਸੰਦ ਤੇ ਅਗਾਂਹ ਵਧੂ ਲੋਕਾਂ ਨੂੰ ਉਕਤ ਰੈਲੀ-ਮਾਰਚ 'ਚ ਸ਼ਾਮਲ ਹੋਣ ਦੀ ਪੁਰਜ਼ੋਰ ਅਪੀਲ ਕੀਤੀ ਹੈ।