HMEL ਅਤੇ ਏਮਜ਼ ਵੱਲੋਂ ਲਾਏ ਕੈਂਪ ਦੌਰਾਨ 230 ਤੋਂ ਵੱਧ ਲੋਕਾਂ ਨੇ ਮਾਹਿਰ ਡਾਕਟਰੀ ਸੇਵਾਵਾਂ ਦਾ ਲਿਆ ਲਾਭ
ਅਸ਼ੋਕ ਵਰਮਾ
ਬਠਿੰਡਾ, 8 ਸਤੰਬਰ 2026 : ਐਚਐਮਈਐਲ ਦੇ ਪ੍ਰਮੁੱਖ ਇੰਟੀਗ੍ਰੇਟਿਡ ਮੋਬਾਈਲ ਮੈਡੀਕਲ ਯੂਨਿਟ (MMU) ਵਿਦ ਟੈਲੀਮੈਡੀਸਨ ਪ੍ਰੋਜੈਕਟ ਤਹਿਤ ਪੇਂਡੂ ਖੇਤਰਾਂ ਵਿੱਚ ਗੁਣਵੱਤਾਪੂਰਨ ਸਿਹਤ ਸੇਵਾਵਾਂ ਦੀ ਪਹੁੰਚ ਯਕੀਨੀ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਅੱਗੇ ਵਧਾਉਂਦਿਆਂ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਨੇ ਏਮਜ਼ ਬਠਿੰਡਾ ਦੇ ਸਹਿਯੋਗ ਨਾਲ ਗੁਰਦੁਆਰਾ ਚਰਨਸਰ ਸਾਹਿਬ, ਪਿੰਡ ਸੇਖੂ ਵਿਖੇ ਮੈਗਾ ਹੈਲਥ ਕੈਂਪ ਲਾਇਆ। ਇਸ ਪ੍ਰੋਜੈਕਟ ਦਾ ਉਦੇਸ਼ ਐਚਐਮਈਐਲ ਦੇ ਕਾਰਜ ਖੇਤਰ ਦੇ ਆਸ-ਪਾਸ ਰਹਿੰਦੇ ਪੇਂਡੂ ਭਾਈਚਾਰਿਆਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਗੁਣਵੱਤਾਪੂਰਨ ਸਿਹਤ ਸੇਵਾਵਾਂ ਅਤੇ ਮਾਹਿਰ ਡਾਕਟਰੀ ਸਲਾਹ ਉਪਲਬਧ ਕਰਵਾਉਣਾ ਹੈ। ਕੈਂਪ ਦੌਰਾਨ 230 ਤੋਂ ਵੱਧ ਮਰੀਜ਼ਾਂ ਨੇ ਮੁਫ਼ਤ ਮਾਹਿਰ ਡਾਕਟਰੀ ਸਲਾਹ, ਸਿਹਤ ਜਾਂਚ, ਬਿਮਾਰੀਆਂ ਦੀ ਪਛਾਣ ਅਤੇ ਜ਼ਰੂਰੀ ਡਾਕਟਰੀ ਸਲਾਹ ਦਾ ਲਾਭ ਲਿਆ। ਏਮਜ਼ ਬਠਿੰਡਾ ਦੇ ਮਾਹਿਰ ਡਾਕਟਰਾਂ ਵੱਲੋਂ ਵੱਖ-ਵੱਖ ਮੈਡੀਕਲ ਖੇਤਰਾਂ ਵਿੱਚ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਆਰਥੋਪੀਡਿਕਸ, ਨੇਤਰ ਰੋਗ, ਦੰਦਾਂ ਦੀ ਜਾਂਚ, ਦਰਦ ਅਤੇ ਪੈਲੀਏਟਿਵ ਕੇਅਰ, ਗਾਇਨੀਕੋਲੋਜੀ, ਜਨਰਲ ਮੈਡੀਸਨ ਅਤੇ ਟੈਲੀਮੈਡੀਸਨ ਸ਼ਾਮਲ ਸਨ। ਵੱਖ-ਵੱਖ ਮਾਹਿਰ ਸੇਵਾਵਾਂ ਵਿੱਚੋਂ ਨੇਤਰ ਰੋਗਾਂ ਦੀ ਜਾਂਚ ਲਈ ਸਭ ਤੋਂ ਵੱਧ ਮਰੀਜ਼ ਪਹੁੰਚੇ। ਇਹ ਪੇਂਡੂ ਖੇਤਰਾਂ ਵਿੱਚ ਅੱਖਾਂ ਨਾਲ ਸਬੰਧਤ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ, ਨਿਯਮਿਤ ਅੱਖਾਂ ਦੀ ਜਾਂਚ ਅਤੇ ਆਸਾਨੀ ਨਾਲ ਉਪਲਬਧ ਨੇਤਰ ਸਿਹਤ ਸੇਵਾਵਾਂ ਦੀ ਵੱਧ ਰਹੀ ਲੋੜ ਨੂੰ ਦਰਸਾਉਂਦਾ ਹੈ। ਇਸ ਪ੍ਰੋਜੈਕਟ ਤਹਿਤ 275 ਮੈਡੀਕਲ ਕੈਂਪ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਰਾਹੀਂ 15,121 ਮਰੀਜ਼ ਲਾਭਪਾਤਰੀ ਬਣੇ ਹਨ।
ਗ੍ਰਾਮ ਪੰਚਾਇਤ ਸੇਖੂ ਨੇ ਵੀ ਇਸ ਮੌਕੇ ਸਹਿਯੋਗ ਦਿੱਤਾ। ਇਸ ਤੋਂ ਇਲਾਵਾ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਨੇ ਸੰਭਾਵਿਤ ਲਾਭਪਾਤਰੀਆਂ ਨੂੰ ਕੈਂਪ ਬਾਰੇ ਜਾਣਕਾਰੀ ਦੇਣ ਅਤੇ ਉਨ੍ਹਾਂ ਨੂੰ ਸਿਹਤ ਸੇਵਾਵਾਂ ਦਾ ਲਾਭ ਲੈਣ ਲਈ ਪ੍ਰੇਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।